ਪੱਤਰ ਪ੍ਰੇਰਕ
ਰਤੀਆ, 14 ਸਤੰਬਰ
ਬੱਸ ਸਟੈਂਡ ’ਤੇ ਲੈਬ ਦੀ ਭੰਨਤੋੜ ਕਰਨ ਦੇ ਮਾਮਲੇ ’ਚ ਲੈਬ ਮਾਲਕ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਗੁਆਂਢੀਆਂ ਤੇ ਹੋਰਨਾਂ ’ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਲੈਬ ਦੀ ਤੋੜਫੋੜ ਦੇ ਮਾਮਲੇ ’ਚ ਵਿਜੇ ਕੁਮਾਰ ਨੂੰ ਮੁਲਜ਼ਮ ਮੰਨਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਲੈਬ ’ਤੇ ਰਿਸ਼ਤੇਦਾਰ ਜਸਵਿੰਦਰ ਸਿੰਘ ਅਤੇ ਇਕ ਗਾਹਕ ਨਾਲ ਬੈਠਾ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਲੈਬ ’ਤੇ 4-5 ਵਿਅਕਤੀ ਡੰਡਿਆਂ ਨਾਲ ਆਏ। ਉਨ੍ਹਾਂ ਨੇ ਲੈਬ ਅੰਦਰ ਦਾਖਲ ਹੋ ਕੇ ਗਾਲੀ ਗਲੋਚ ਕੀਤੀ ਅਤੇ ਲੈਬ ਦੀ ਤੋੜ ਭੰਨ ਸ਼ੁਰੂ ਕਰ ਦਿੱਤੀ ਜਿਸ ਨਾਲ ਲੈਬ ’ਚ ਪਏ ਕਾਫੀ ਸਮਾਨ ਅਤੇ ਗੇਟ ਦਾ ਕਾਫੀ ਨੁਕਸਾਨ ਹੋ ਗਿਆ। ਉਸ ਦੀ ਸ਼ਿਕਾਇਤ ਤੇ ਜਾਂਚ ਕਰਕੇ ਪੁਲੀਸ ਨੇ ਵਿਜੇ ਕੁਮਾਰ ਅਤੇ ਹੋਰਨਾਂ ਖਿਲਾਫ ਧਾਰਾ 120-ਬੀ, 323, 34, 427, 452 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।