ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਮਈ
ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਛਾਊਣੀ ਦੇ ਰੈਸਟ ਹਾਊਸ ਵਿਚ ਲਾਏ ਗਏ ਜਨਤਾ ਦਰਬਾਰ ਵਿਚ ਅੱਜ ਹਰਿਆਣਾ ਦੇ ਵੱਖ-ਵੱਖ ਸਥਾਨਾਂ ਤੋਂ ਹਜ਼ਾਰ ਤੋਂ ਵੱਧ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੇ। ਜਿਥੇ ਸਿਰਸਾ ਤੋਂ ਆਪਣੇ ਬੇਟੇ ਦੇ ਹਤਿਆਰਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਫ਼ਰਿਆਦ ਲੈ ਕੇ 80 ਸਾਲਾ ਬਜ਼ੁਰਗ ਪਹੁੰਚਿਆ, ਉੱਥੇ ਹਰਿਆਣਾ ਦੇ ਨਵ-ਨਿਯੁਕਤ ਕਾਂਗਰਸ ਪ੍ਰਧਾਨ ਉਦੈ ਭਾਨ ’ਤੇ ਪੰਚਾਇਤੀ ਜ਼ਮੀਨ ਹਥਿਆਉਣ ਦਾ ਮਾਮਲਾ ਵੀ ਵਿੱਜ ਦੇ ਦਰਬਾਰ ਵਿਚ ਪਹੁੰਚਾ। ਵਿੱਜ ਨੇ ਬਹੁਤੇ ਮਾਮਲੇ ਮੌਕੇ ’ਤੇ ਹੀ ਨਿਪਟਾਏ।
ਮੁਰਾਰੀ ਲਾਲ ਨਾਮ ਦੇ ਵਿਅਕਤੀ ਨੇ ਵਿੱਜ ਨੂੰ ਦੱਸਿਆ ਕਿ ਕਾਂਗਰਸ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਉਦੈ ਭਾਨ ਨੇ ਵਿਧਾਇਕ ਹੁੰਦਿਆਂ ਪਿੰਡ ਦੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਆਪਣੇ ਚਹੇਤਿਆਂ ਦੇ ਨਾਮ ਦਰਜ ਕਰਵਾ ਦਿੱਤੀ ਸੀ। ਸ਼ਿਕਾਇਤ ਦੇ ਬਾਅਦ ਪਲਵਲ ਦੇ ਡਿਪਟੀ ਕਮਿਸ਼ਨਰ ਨੇ ਜ਼ਮੀਨ ਦੀ ਮੁਟੇਸ਼ਨ ਰੱਦ ਕਰ ਦਿੱਤੀ ਸੀ ਪਰ ਅੱਜ ਤੱਕ ਉਹ ਜ਼ਮੀਨ ਪੰਚਾਇਤ ਦੇ ਨਾਂ ਟਰਾਂਸਫ਼ਰ ਨਹੀਂ ਹੋਈ। ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਅਤੇ ਦੋਸ਼ੀ ਪਾਏ ਜਾਣ ’ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।