ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਜਨਵਰੀ
ਭਾਰਤੀ ਕਿਸਾਨ ਯੂਨੀਅਨ ਅੰਬਾਲਾ ਮੰਡਲ ਦੇ ਪ੍ਰਧਾਨ ਬਲਕਾਰ ਸਿੰਘ ਰਾਮ ਨਗਰ ਨੇ ਦਾਅਵਾ ਕੀਤਾ ਹੈ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ ਦਿੱਲੀ ਵਿਚ ਹੋਣ ਵਾਲੀ ਕਿਸਾਨ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕਿਸਾਨ ਟਰੈਕਟਰ ਪਰੇਡ ਵਿਚ ਬਾਬੈਨ ਖੇਤਰ ਤੋਂ 200 ਟਰੈਕਟਰ ਦਿੱਲੀ ਜਾ ਰਹੇ ਹਨ। ਬਲਕਾਰ ਸਿੰਘ ਅੱਜ ਬਾਬੈਨ ਤੋਂ ਕਿਸਾਨ ਟਰੈਕਟਰ ਪਰੇਡ ਵਿਚ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਝੰਡੀ ਦਿਖਾ ਕੇ ਦਿੱਲੀ ਰਵਾਨਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੇ ਸਬਰ ਦਾ ਇਮਿਤਹਾਨ ਨਾ ਲਵੇ, ਬਲਕਿ ਤਿੰਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ਇਹੀ ਦੇਸ਼, ਸਰਕਾਰ ਤੇ ਕਿਸਾਨ ਦੇ ਹਿੱਤ ਵਿਚ ਹੈ। ਉਨ੍ਹਾਂ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਦ ਤਕ ਕਿਸਾਨ ਅੰਦੋਲਨ ਜਾਰੀ ਰਹੇਗਾ ਤੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਵਲੋਂ ਕਿਸਾਨਾਂ ’ਤੇ ਝੂਠੇ ਮੁਕੱਦਮੇ ਬਣਾਉਣ ਤੋਂ ਇਲਾਵਾ ਜੋ ਉਨ੍ਹਾਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ। ਉਨ੍ਹਾਂ ਤੋਂ ਕਿਸਾਨ ਘਬਰਾਉਣ ਵਾਲੇ ਨਹੀਂ। ਇਸ ਮੌਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਤੋਂ ਇਲਾਵਾ ਤਿੰਨ ਖੇਤੀ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕੀਤੀ। ਕਿਸਾਨ ਟਰੈਕਟਰ ਪਰੇਡ ਵਿਚ ਜਾਣ ਵਾਲੇ ਕਿਸਾਨਾਂ ਦਾ ਪਿੰਡਾਂ ’ਚੋਂ ਲੰਘਦੇ ਸਮੇਂ ਭਰਵਾਂ ਸੁਆਗਤ ਕੀਤਾ ਜਾ ਰਿਹਾ ਸੀ ਤੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ। ਭਾਕਿਯੂ ਬਲਾਕ ਪ੍ਰਧਾਨ ਲਾਲ ਸਿੰਘ ਚਕਚਾਨ ਪੁਰ ਨੇ ਕਿਹਾ ਕਿ ਕੇਂਦਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨਾਲ ਹਰਿਆਣਾ ਤੇ ਪੰਜਾਬ ਦਾ ਕਿਸਾਨ ਬਰਬਾਦ ਹੋ ਜਾਵੇਗਾ। ਇਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨ ਦੀ ਹਾਲਤ ਬਿਹਾਰ ਦੇ ਕਿਸਾਨ ਵਰਗੀ ਹੋ ਜਾਏਗੀ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ। ਜ਼ਿਕਰਯੋਗ ਹੈ ਕਿ ਅੱਜ ਜੀਟੀ ਰੋਡ ਦਿੱਲੀ ਵੱਲ ਜਾਣ ਵਾਲੇ ਟਰੈਕਟਰਾਂ ਦਾ ਹੜ ਆਇਆ ਹੋਇਆ ਸੀ ਤੇ ਕਿਸਾਨਾਂ ਦਾ ਜੋਸ਼ ਤੇ ਉਤਸ਼ਾਹ ਦੇਖਣ ਯੋਗ ਸੀ। ਜੀਟੀ ਰੋਡ ’ਤੇ ਕਿਸਾਨਾਂ ਲਈ ਲੰਗਰਾਂ ਤੇ ਚਾਹ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਅਜੈਬ ਰਾਣਾ ਬੜਤੌਲੀ, ਕਮਲ ਦੂਹਨ ਮੰਗੋਲੀ, ਗੌਰਵ ਬੂਹਾਵੀ, ਅਜੈ ਬੁਧਾਵਰ, ਮਨੀਸ਼ ਮੰਗੋਲੀ, ਪ੍ਰਦੀਪ ਸੰਘੋਰ, ਓਮ ਪ੍ਰਕਾਸ਼ ਘੰਨਾਨੀ, ਤਰਸੇਮ ਰਾਏ ਆਦਿ ਤੋਂ ਇਲਾਵਾ ਕਈ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਨਾਲ ਮੌਜੂਦ ਸਨ।