ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਅਪਰੈਲ
ਪਿੰਡ ਰਾਮ ਸਰਨ ਮਾਜਰਾ ਵਿਚ ਅੱਜ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਦੇ ਕਾਰਨ ਚਾਰ ਤੂੜੀ ਦੇ ਕੁੱਪ ਤੇ ਦੋ ਪਾਥੀਆਂ ਦੇ ਗੁਹਾਰਿਆਂ ਵਿਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਚਾਰ ਤੂੜੀ ਦੇ ਕੁੱਪ ਤੇ ਦੋ ਗੁਹਾਰੇ ਸੜ ਕੇ ਸੁਆਹ ਹੋ ਗਏ। ਵੱਡੀ ਗਿਣਤੀ ਵਿਚ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਕਾਮਯਾਬ ਨਹੀਂ ਹੋਏ।
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਰਾਮ ਸਰਨ ਮਾਜਰਾ ਨਿਵਾਸੀ ਰਾਮ ਪਾਲ, ਮਹਿੰਦਰ ਸਿੰਘ, ਨਿਰਮਲ ਸਿੰਘ, ਬਲਕਾਰ ਸਿੰਘ ਨੇ ਦੱਸਿਆ ਕਿ ਉਹ ਗ਼ਬੀਬ ਪਰਿਵਾਰਾਂ ਨਾਲ ਸਬੰਧਤ ਹਨ ਤੇ ਮਿਹਨਤ ਮਜ਼ਦੂਰੀ ਕਰ ਆਪਣਾ ਤੇ ਪਰਿਵਾਰ ਦਾ ਢਿੱਡ ਭਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਸ਼ੂਆਂ ਲਈ ਕਿਸਾਨਾਂ ਤੋਂ ਤੂੜੀ ਖਰੀਦ ਕੇ ਕੁੱਪ ਬੰਨੇ ਸਨ ਤਾਂ ਜੋ ਆਪਣੇ ਪਸ਼ੂਆਂ ਲਈ ਸੁੱਕਾ ਚਾਰਾ ਇੱਕਠਾ ਕਰ ਸਕਣ।
ਉਨ੍ਹਾਂ ਦੱਸਿਆ ਕਿ ਖੇਤਾਂ ਵਿਚ ਕਣਕ ਦੇ ਖੜੇ ਨਾੜ ਵਿਚ ਅੱਗ ਲੱਗ ਗਈ । ਜਦੋਂ ਉਹ ਪਹੁੰਚੇ ਤਾਂ ਅੱਗ ਲਾਲ ਚਾਰ ਕੁੱਪ ਤੇ ਪਾਥੀਆਂ ਦੇ ਦੋ ਗੁਹਾਰੇ ਸੜ ਕੇ ਸੁਆਹ ਹੋ ਚੁੱਕੇ ਸਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।