ਜਗਤਾਰ ਸਮਾਲਸਰ
ਏਲਨਾਬਾਦ, 28 ਅਕਤੂਬਰ
ਹਰਿਆਣਾ ਵਿੱਚ ਸੱਤਾ ਦਾ ਸੁੱਖ ਭੋਗ ਰਹੀਆਂ ਭਾਜਪਾ-ਜਜਪਾ ਪੰਚਾਇਤੀ ਚੋਣਾਂ ਵਿੱਚ ਆਹਮਣੇ-ਸਾਹਮਣੇ ਹੋ ਕੇ ਚੋਣਾਂ ਲੜ ਰਹੀਆਂ ਹਨ ਜਿਸ ਕਾਰਨ ਵੋਟਰ ਵੀ ਦੁਚਿੱਤੀ ਵਿੱਚ ਹਨ। ਹਰਿਆਣਾ ਵਿੱਚ ਹੁਣ ਤੱਕ ਜਜਪਾ ਦੇ ਸਹਾਰੇ ਨਾਲ ਚੱਲਣ ਵਾਲੀ ਭਾਜਪਾ ਵਲੋਂ ਪੰਚਾਇਤੀ ਚੋਣਾਂ ਵਿੱਚ ਜਜਪਾ ਨੂੰ ਕੋਈ ਬਹੁਤੀ ਅਹਿਮੀਅਤ ਨਾ ਦਿੱਤੇ ਜਾਣ ਕਾਰਨ ਆਦਮਪੁਰ ਜ਼ਿਮਨੀ ਵਿਧਾਨ ਸਭਾ ਚੋਣ ਵਿੱਚ ਵੀ ਅਜੇ ਤੱਕ ਜਜਪਾ ਦੇ ਆਗੂ ਖੁੱਲ੍ਹ ਕੇ ਭਾਜਪਾ ਨਾਲ ਖੜ੍ਹੇ ਹੋਣ ਦਾ ਦਾਅਵਾ ਨਹੀਂ ਕਰ ਰਹੇ। ਹੁਣ ਅਗਾਮੀ 9 ਅਤੇ 12 ਨਵੰਬਰ ਨੂੰ ਹੋ ਰਹੀਆਂ ਹਰਿਆਣਾ ਪੰਚਾਇਤੀ ਚੋਣਾਂ ਵਿੱਚ ਤਾਂ ਖੁੱਲ੍ਹ ਕੇ ਦੋਨਾਂ ਪਾਰਟੀਆਂ ਵਲੋਂ ਆਪਣੇ-ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਜ਼ਿਲ੍ਹਾ ਸਿਰਸਾ ਦੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਨੰਬਰ 9 ਵਿੱਚ ਜਿੱਥੇ ਭਾਜਪਾ ਵਲੋਂ ਸਾਬਕਾ ਪੰਚਾਇਤ ਸਮਿਤੀ ਮੈਂਬਰ ਅਤੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਸਿਹਾਗ ਨੂੰ ਟਿਕਟ ਦਿੱਤੀ ਗਈ ਹੈ ਉੱਥੇ ਹੀ ਜਜਪਾ ਵਲੋਂ ਵੀ ਮਹਿਲਾ ਜ਼ਿਲ੍ਹਾ ਪ੍ਰਧਾਨ ਸ਼ਾਰਦਾ ਸਿਹਾਗ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਏਲਨਾਬਾਦ ਹਲਕੇ ਦੇ ਪਿੰਡਾਂ ਬੇਹਰਵਾਲਾ ਖੁਰਦ, ਧੌਲਪਾਲੀਆ, ਕਾਸੀ ਕਾ ਬਾਸ, ਕਿਸ਼ਨਪੁਰਾ, ਢਾਣੀ ਸ਼ੇਰਾ, ਨੀਮਲਾ, ਮਿਠੁਨਪੁਰਾ, ਕਰਮਸ਼ਾਨਾ, ਖਾਰੀ ਸੁਰੇਰਾ, ਮਿੱਠੀ ਸੁਰੇਰਾ, ਮੁਮੇਰਾ ਖੁਰਦ, ਮੁਮੇਰਾ ਕਲਾਂ, ਢਾਣੀ ਬਚਨ ਸਿੰਘ ਅਤੇ ਢਾਣੀ ਝੰਡਾ ਸਿੰਘ ਤੇ ਅਧਾਰਿਤ ਇਸ ਜ਼ੋਨ ਵਿੱਚ ਭਾਜਪਾ, ਜਜਪਾ ਅਤੇ ਇਨੈਲੋ ਤਿੰਨਾਂ ਹੀ ਪਾਰਟੀਆਂ ਦਾ ਚੰਗਾ ਵੋਟ ਬੈਂਕ ਹੈ ।