ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਅਗਸਤ
ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਲੜੀ ਤਹਿਤ ਅੱਜ ਸ਼ਹਿਰ ਦੇ ਹਰਬਲ ਪਾਰਕ ਨੇੜੇ ਸਾਈਕਲ ਰੈਲੀ ਅਤੇ ਮੈਰਾਥਨ ਕਰਵਾਈ ਗਈ। ਇਸ ਮੌਕੇ ਸਿਟੀ ਮੈਜਿਸਟ੍ਰੇਟ ਮੁਕੁੰਦ ਅਤੇ ਡੀਐੱਸਪੀ ਜੁਗਿੰਦਰ ਸ਼ਰਮਾ ਨੇ ਤਿਰੰਗਾ ਸਾਈਕਲ ਯਾਤਰਾ ਅਤੇ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਯਾਤਰਾ ਹਰਬਲ ਪਾਰਕ ਤੋਂ ਸ਼ੁਰੂ ਹੋ ਕੇ ਡੀਸੀ ਨਿਵਾਸ, ਸ਼ੌਰਯ ਚੌਕ, ਆਰੀਆ ਚੌਕ, ਸੈਸ਼ਨ ਹਾਊਸ ਤੋਂ ਹੁੰਦੀ ਹੋਈ ਵਾਪਸ ਹਰਬਲ ਪਾਰਕ ਚੌਕ ਵਿਚ ਸਮਾਪਤ ਹੋਈ। ਇਸ ਯਾਤਰਾ ਵਿਚ ਨਹਿਰੂ ਯੁਵਾ ਕੇਂਦਰ, ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਤੋਂ ਬਿਨਾ ਆਮ ਨਾਗਰਿਕਾਂ ਨੇ ਹਿੱਸਾ ਲਿਆ। ਸਿਟੀ ਮੈਜਿਸਟ੍ਰੇਟ ਮੁਕੁੰਦ ਨੇ ਕਿਹਾ ਕਿ ਡੀਸੀ ਵਿਕਰਮ ਸਿੰਘ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੀ ਲੜੀ ਵਿਚ ਹਰ ਘਰ ਤਿਰੰਗਾ ਮੁਹਿੰਮ ਨੂੰ ਸਫਲਤਾਪੂਰਵਕ ਕਰਨ ਲਈ ਵੱਖ ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਹਰ ਘਰ ਤਿਰੰਗਾ ’ਤੇ ਆਧਾਰਿਤ ਦੇਸ਼ ਭਗਤੀ ਦੇ ਆਡੀਓ ਵੀਡੀਓ ਗੀਤ ਨੇ ਮੌਜੂਦ ਲੋਕਾਂ ਦਾ ਮਨੋਰੰਜਨ ਕੀਤਾ।