ਪ੍ਰਭੂ ਦਿਆਲ
ਸਿਰਸਾ, 28 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕਾਰਕੁਨਾਂ ਵੱਲੋਂ ਅੱਜ ਇੱਥੇ ਮੁਸਤਰਕਾ ਮਾਲਕਾਨ, ਮੁਸਤਰਕਾ ਮਾਲਕਾਨ ਦੇਹ ਦੀ ਜ਼ਮੀਨ ਕਾਸ਼ਤਾਰਾਂ ਤੋਂ ਵਾਪਸ ਨਾ ਲੈਣ ਅਤੇ ਮੀਂਹ ਦੌਰਾਨ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਲੈ ਕੇ ਨੰਗੇ ਧੜ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕਾਰਕੁਨ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਇਕੱਠੇ ਹੋਏ ਜਿੱਥੇ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।