ਪੱਤਰ ਪ੍ਰੇਰਕ
ਰਤੀਆ, 8 ਅਕਤੂਬਰ
ਰਤੀਆ ਦੇ ਸਰਕਾਰੀ ਮਾਡਲ ਸਕੂਲ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਫਤਿਆਬਾਦ ਅਤੇ ਪੁਲੀਸ ਸਾਈਬਰ ਕ੍ਰਾਈਮ ਟੀਮ ਦੇ ਸਾਂਝੀ ਅਗਵਾਈ ਵਿੱਚ ਸਾਈਬਰ ਕ੍ਰਾਈਮ ਖ਼ਿਲਾਫ਼ ਜਾਗਰੂਕ ਕਰਨ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸੁਰਜੀਤ ਬਾਜੀਆ ਨੇ ਕਿਹਾ ਕਿ ਬੱਚਿਆਂ ਨੂੰ ਸਾਈਬਰ ਕ੍ਰਾਈਮ ਪ੍ਰਤੀ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਅੱਜ ਦੇ ਸਮੇਂ ਸਭ ਤੋਂ ਵੱਧ ਬੱਚਿਆਂ ਨੂੰ ਸਾਈਬਰ ਕ੍ਰਾਈਮ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਬੱਚਿਆਂ ਦੀ ਤਸਵੀਰ ਬਦਲ ਕੇ ਬੱਚਿਆਂ ਨੂੰ ਅਸ਼ਲੀਲ ਵੀਡੀਓ, ਮੈਸੇਜ ਭੇਜ ਕੇ, ਓਟੀਪੀ ਭੇਜ ਕੇ ਬੱਚਿਆਂ ਵਰਤਿਆ ਜਾ ਰਿਹਾ ਹੈ, ਜਿਸ ’ਤੇ ਹਰ ਕੋਈ ਵਿਸ਼ਵਾਸ਼ ਕਰ ਲੈਂਦਾ ਹੈ ਅਤੇ ਆਨਲਾਈਨ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਬੱਚਿਆਂ ਨੂੰ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ।
ਸਾਈਬਰ ਕ੍ਰਾਈਮ ਐੱਸਐੱਚਓ ਅਨੂਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਣਜਾਣ ਵਿਅਕਤੀ ਬਾਰੇ ਜਦੋਂ ਤੱਕ ਜਾਣਕਾਰੀ ਨਾ ਹੋਵੇ , ਉਨ੍ਹਾਂ ਨਾਲ ਗੱਲ ਨਾ ਕਰਨ। ਸਮਾਗਮ ਦੌਰਾਨ ਈਐੱਸਆਈ ਉਮੇਦ ਕੁਮਾਰ ਨੇ ਦੱਸਿਆ ਕਿ ਸਭ ਜ਼ਿਆਦਾ ਵਰਤੋਂ ਮੋਬਾਈਲ ਦੀ ਹੁੰਦੀ ਹੈ, ਜਿਸ ਦੀ ਵਰਤੋਂ ਦੇ ਨਾਲ-ਨਾਲ ਦੁਰਵਰਤੋਂ ਬਹੁਤ ਜ਼ਿਆਦਾ ਹੋੁ ਰਹੀ ਹੈ। ਇਸ ਮੌਕੇ ਸਕੂਲ ਦੇ ਹੋਰ ਅਧਿਆਪਕ ਜਤਿਨ ਕੁਮਾਰ, ਮੋਨਿਕਾ ਰਾਣੀ, ਰੇਨੂੰ ਬਾਲਾ, ਨਿਸ਼ਾ ਰਾਣੀ, ਸੰਦੀਪ ਸਿੰਘ ਅਤੇ ਸਕਸ਼ਮ ਨੌਜਵਾਨ ਸਮੇਤ ਸਾਰੇ ਬੱਚੇ ਹਾਜ਼ਰ ਸਨ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ) ਇਥੇ ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੰਕੈਡਰੀ ਸਕੂਲ ਵਿੱਚ ਲੋਕਾਂ ਨੂੰ ਸਾਈਬਰ ਅਪਰਾਧਾਂ ਤੋਂ ਬਚਣ ਲਈ ਚਲਾਏ ਗਏ ਜਾਗਰੂਕਤਾ ਮਹੀਨੇ ਦੇ ਤਹਿਤ ਆਵਾਜਾਈ ਕੰਟਰੋਲ ਰੂਮ ਦੇ ਇੰਚਾਰਜ ਸਤਬੀਰ ਸਿੰਘ ਤੇ ਸਬ ਇੰਸਪੈਕਟਰ ਰੌਸ਼ਨ ਲਾਲ ਆਵਾਜਾਈ ਵਾਲੰਟੀਅਰ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰਖਿਆ , ਰੋਡ ਸੁਰੱਖਿਆ, ਡਰਗਜ਼ ਤੇ ਮਹਿਲਾ ਸੁਰਖਿਆ ਵਿਸ਼ਿਆਂ ਦੇ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਤੋਂ ਬਚਾਅ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧੀ ਅਪਰਾਧ ਕਰਨ ਲਈ ਨਿੱਤ ਨਵੇਂ ਤਰੀਕੇ ਜਿਵੇਂ ਕਸਟਮ ਕੇਅਰ ਬਨਾਉਣਾ, ਲਾਟਰੀ ਲਾਉਣ ਦਾ ਝਾਸਾਂ ਦੇਣ ਆਦਿ ਵਰਤ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਬੈਂਕ ਖਾਤੇ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕੀਤੀ ਜਾਏ। ਕਿਸੇ ਵੀ ਤਰ੍ਹਾਂ ਦੇ ਆਫਰ ਤੇ ਲਾਲਚ ਵਿੱਚ ਨਾ ਆ ਕੇ ਕਿਸੇ ਵੀ ਅਨਜਾਣ ਵਿਅਕਤੀ ਵਲੋਂ ਭੇਜਿਆ ਗਿਆ ਲਿੰਕ ਓਪਨ ਨਾ ਕੀਤਾ ਜਾਏ। ਕਿਉਂਕਿ ਲਿੰਕ ਦੇ ਜ਼ਰੀਏ ਪੂਰਾ ਮੋਬਾਈਲ ਹੈਕ ਹੋ ਜਂਦਾ ਹੈ ਤੇ ਪੂਰਾ ਡਾਟਾ ਸੌਖਾਲੇ ਹੀ ਚਲਾਕ ਚੋਰਾਂ ਕੋਲ ਚਲਾ ਜਾਂਦਾ ਹੈ।
ਹਨੀਟ੍ਰੈਪ ਜਾਂ ਵੀਡੀਓ ਕਾਲ ਤੋਂ ਬਚਣ ਬਾਰੇ ਜਾਗਰੂਕ ਕੀਤਾ
ਫਰੀਦਾਬਾਦ: ਹਰਿਆਣਾ ਪੁਲੀਸ ਵੱਲੋਂ ਮਨਾਏ ਜਾ ਰਹੇ ਸਾਈਬਰ ਜਾਗਰੂਕਤਾ ਮਹੀਨੇ ਦੇ ਤਹਿਤ ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਨੇ ਸਾਈਬਰ ਕ੍ਰਾਈਮ ਦੇ ਕਰਮਚਾਰੀਆਂ ਨੂੰ ਹਨੀ ਟ੍ਰੈਪ ਜਾਂ ਵੀਡੀਓ ਕਾਲ ਸੂਚਿਤ ਕੀਤਾ। ਐਨਐਚਪੀਸੀ ਵਿਭਾਗ ਦੇ ਕਰਮਚਾਰੀ ਵੀ ਵੀਡੀਓ ਕਾਲ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ। ਪੁਲੀਸ ਟੀਮ ਨੇ ਦੱਸਿਆ ਕਿ ਵੱਧ ਰਹੀ ਤਕਨੀਕ ਦੇ ਯੁੱਗ ਵਿੱਚ ਸਾਈਬਰ ਕਰਾਈਮ ਦੇ ਤਰੀਕੇ ਵੀ ਬਹੁਤ ਵੱਧ ਰਹੇ ਹਨ। ਸਾਈਬਰ ਅਪਰਾਧੀ ਕਈ ਵਾਰ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਲਈ ਦੇਸ਼ ਦੀਆਂ ਸਰਕਾਰੀ ਏਜੰਸੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਸ ਲਈ ਉਹ ਸਰਕਾਰੀ ਵਿਭਾਗ ’ਚ ਕੰਮ ਕਰਦੇ ਕਰਮਚਾਰੀਆਂ ਨੂੰ ਹਨੀ ਟ੍ਰੈਪ ’ਚ ਫਸਾ ਲੈਂਦੇ ਹਨ ਤੇ ਉਨ੍ਹਾਂ ਨੂੰ ਵਿਭਾਗ ਦੇ ਅੰਦਰ ਦੀਆਂ ਸੂਚਨਾਵਾਂ ਹਾਸਲ ਕਰ ਲੈਂਦੇ ਹਨ। -ਪੱਤਰ ਪ੍ਰੇਰਕ