ਪਿਹੋਵਾ(ਸਤਪਾਲ ਰਾਮਗੜ੍ਹੀਆ): ਸਾਊਥ ਏਸ਼ੀਅਨ ਟਰੈਥਲਨ ’ਚ ਨਵਾਂ ਰਿਕਾਰਡ ਕਾਇਮ ਕਰਨ ਵਾਲੇ ਅਥਲੀਟ ਸੁਭਾਸ਼ ਕਲਸਰ ਦਾ ਸਰਕਾਰੀ ਕਾਲਜ ਭੇਰੀਅਨ ਵਿੱਚ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਰਾਜੇਸ਼ ਸੈਣੀ ਨੇ ਦੱਸਿਆ ਕਿ ਸਾਊਥ ਏਸ਼ੀਅਨ ਟਰੈਥਲਨ ’ਚ ਰਿਕਾਰਡ ਕਾਇਮ ਕਰਕੇ ਅਥਲੀਟ ਸੁਭਾਸ਼ ਕਾਲਾਸਰ ਨੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਵੀ ਵਿਅਕਤੀ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਵੱਡੀਆਂ ਉਚਾਈਆਂ ਹਾਸਲ ਕਰ ਸਕਦਾ ਹੈ। ਅਥਲੀਟ ਸੁਭਾਸ਼ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਡਾ: ਦਿਨੇਸ਼ ਯਾਦਵ ਨੇ ਦੱਸਿਆ ਕਿ ਇਹ ਮੁਕਾਬਲਾ ਦੱਖਣੀ ਏਸ਼ੀਆ ਦੇ ਨਾਲ-ਨਾਲ ਓਲੰਪਿਕ ਖੇਡ ਮੁਕਾਬਲਿਆਂ ਵਿੱਚ ਵੀ ਸ਼ਾਮਲ ਹੈ। ਸਟੇਜ ਸੰਚਾਲਕ ਪ੍ਰੋ. ਮੁਕੇਸ਼ ਨੇ ਦੱਸਿਆ ਕਿ ਸੁਭਾਸ਼ ਵਰਗਾ ਸਾਧਾਰਨ ਦਿੱਖ ਵਾਲਾ ਵਿਅਕਤੀ ਹੀ ਇਹ ਅਸਾਧਾਰਨ ਰਿਕਾਰਡ ਕਾਇਮ ਕਰਦਾ ਹੈ। ਇਸ ਮੌਕੇ ਡਾ. ਸੁਸ਼ੀਲ ਕੁਮਾਰ, ਡਾ. ਸੁਖਬੀਰ, ਡਾ. ਕੁਲਦੀਪ, ਡਾ. ਜਗੀਰ ਸਿੰਘ, ਪ੍ਰੋ. ਗੀਤਾ ਰਾਣੀ, ਪ੍ਰੋ. ਸ਼ਿਆਮ ਸੁੰਦਰ, ਪ੍ਰੋ. ਜਗਮੋਹਨ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।