ਪੀ.ਪੀ. ਵਰਮਾ
ਪੰਚਕੂਲਾ, 11 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੌਜੂਦਾ ਸਮੇਂ ਵਿਚ ਮਾਤਰਾ ਦੇ ਨਾਲ-ਨਾਲ ਮਿਆਰ ’ਤੇ ਧਿਆਨ ਦਿੰਦੇ ਹੋਏ ਖੇਤੀ ਕਰਨ ਦੀ ਲੋੜ ਹੈ। ਇਹ ਅਜੋਕੇ ਸਮੇਂ ਦੀ ਮੰਗ ਹੈ ਅਤੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਾਨੂੰ ਮਿਆਰ ਸਬੰਧੀ ਚੁਣੌਤੀ ਸਵੀਕਾਰ ਕਰ ਕੇ ਖੇਤੀ ਖੇਤਰ ਵਿੱਚ ਅੱਗੇ ਵਧਣਾ ਹੋਵੇਗਾ। ਆਮਦਨ ਵਧਾਉਣੀ ਹੈ ਤਾਂ ਕੁਦਰਤੀ ਖੇਤੀ ਵੱਲ ਜਾਣਾ ਹੀ ਪਵੇਗਾ।’’ ਉਹ ਅੱਜ ਇੱਥੇ ਇਕ ਰੋਜ਼ਾ ਖੇਤੀਬਾੜੀ ਵਰਕਸ਼ਾਪ ਵਿੱਚ ਪਹੁੰਚੇ ਸੂਬੇ ਭਰ ਦੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਖੁਸ਼ਹਾਲ ਬਾਗਬਾਨੀ ਪੋਰਟਲ ਲਾਂਚ ਕੀਤਾ ਅਤੇ ਫ਼ਸਲ ਤੁੜਾਈ ਤੋਂ ਬਾਅਦ ਪ੍ਰਬੰਧਨ ਸਬੰਧੀ ਜਾਣਕਾਰੀ ਨਾਲ ਭਰਪੂਰ ਇਕ ਕਿਤਾਬ ਵੀ ਜਾਰੀ ਕੀਤੀ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਫ਼ਸਲੀ ਵਿਭਿੰਨਤਾ ਬਾਰੇ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਅਤੇ ਰਾਜ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ.ਪੀ. ਦਲਾਲ ਵੀ ਮੌਜੂਦ ਸਨ। ਸ੍ਰੀ ਖੱਟਰ ਨੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਸਾਲ 10-10 ਹੋਰ ਕਿਸਾਨਾਂ ਨੂੰ ਸਿਖਲਾਈ ਦੇਣ।