ਪੱਤਰ ਪ੍ਰੇਰਕ
ਜੀਂਦ, 9 ਫਰਵਰੀ
ਇੱਥੇ ਸਿਵਲ ਹਸਪਤਾਲ ਵਿੱਚ ਹਸਪਤਾਲ ਦੇ ਹੀ ਕਰਮਚਾਰੀਆਂ ਨੇ ਐਂਬੂਲੈਂਸ ਗੱਡੀ ਵਿੱਚੋਂ ਇੱਕ ਵਿਅਕਤੀ ਨੂੰ ਸਿਲੰਡਰ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜ ਕੇ ਹਸਪਤਾਲ ਪ੍ਰਸ਼ਾਸਨ ਨੂੰ ਸੌਂਪ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਸੋਨੀਪਤ ਜ਼ਿਲ੍ਹੇ ਦੇ ਪਿੰਡ ਬਿਟਾਨਾ ਵਾਸੀ ਜੈ ਸਿੰਘ ਵਜੋਂ ਹੋਈ। ਪਿੰਡ ਲਿਜਵਾਨਾ ਨਿਵਾਸੀ ਦਿਨੇਸ਼ ਕੁਮਾਰ ਨੇ ਥਾਣਾ ਸਿਵਲ ਲਾਈਨ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਿਵਲ ਹਸਪਤਾਲ ਵਿੱਚ ਫਲੀਟ ਮੈਨੇਜਰ ਵਜੋਂ ਕੰਮ ਕਰਦਾ ਹੈ ਅਤੇ ਰੈਫਰਲ ਟ੍ਰਾਂਸਪੋਰਟ ਦਾ ਵੀ ਮੁਖੀ ਹੈ। ਕੱਲ੍ਹ ਜਦੋਂ ਉਹ ਅਤੇ ਡਰਾਈਵਰ ਹਸਪਤਾਲ ਅਹਾਤੇ ਵਿੱਚ ਖੜ੍ਹੇ ਸੀ ਤਾਂ ਉਨ੍ਹਾਂ ਨੇ ਉੱਥੇ ਖੜ੍ਹੀ ਇੱਕ ਐਂਬੂਲੈਂਸ ਤੋਂ ਕੋਈ ਅਣਜਾਣ ਵਿਅਕਤੀ ਨੂੰ ਸਿਲੰਡਰ ਚੋਰੀ ਕਰਦੇ ਹੋਏ ਵੇਖਿਆ। ਉਨ੍ਹਾਂ ਨੇ ਤੁਰੰਤ ਉਸ ਵਿਅਕਤੀ ਨੂੰ ਫੜ ਕੇ ਹਸਪਤਾਲ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਅਤੇ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪੁਲੀਸ ਨੂੰ ਸੂਚਨਾ ਦੇ ਕੇ ਮੁਲਜਮ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਵਿੱਚ ਵਿਅਕਤੀ ਨੂੰ ਨਾਮਜ਼ਦ ਕਰਕੇ ਉਸ ਦੇ ਖਿਲਾਫ ਚੋਰੀ ਦਾ ਕੇਸ ਦਰਜ ਕਰਕੇ ਜਾਂਚ ਸੁਰੂ ਕੀਤੀ ਹੈ।