ਪੱਤਰ ਪ੍ਰੇਰਕ
ਗੂਹਲਾ ਚੀਕਾ, 11 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਪ੍ਰਸਾਰ ਦਾ ਹੋਰ ਵਿਸਤਾਰ ਕਰਦਿਆਂ ਐੱਨਆਰਆਈ ਵਿੰਗ ਸਥਾਪਤ ਕਰਨ ਦਾ ਮਤਾ ਪਾਸ ਕੀਤਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਪ੍ਰੈਸਨੋਟ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕੇ ਹਰਿਆਣਾ ਕਮੇਟੀ ਦੇ ਵਿਦੇਸ਼ੀ ਸਹਿਯੋਗ ਅਤੇ ਧਰਮ ਪ੍ਰਚਾਰ ਪ੍ਰਸਾਰ ਲਈ ਐਨ ਆਰ ਆਈ ਵਿੰਗ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਪਲੇਠੀ ਨਿਯੁਕਤੀ ਕਰਦਿਆਂ ਸਰਦਾਰ ਚਰਨ ਸਿੰਘ ਪ੍ਰੇਮਪੁਰਾ ਕੈਥਲ, ਜੋ ਅੱਜ ਕੱਲ੍ਹ ਨਿਊਯਾਰਕ ਅਮਰੀਕਾ ਵਿੱਚ ਪੱਕੇ ਤੌਰ ’ਤੇ ਰਹਿ ਰਹੇ ਹਨ ਤੇ ਕੁਝ ਦਿਨਾਂ ਲਈ ਭਾਰਤ ਆਏ ਹੋਏ ਹਨ, ਉਨ੍ਹਾਂ ਨੂੰ ਅਮਰੀਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਪਾਤਸਾਹੀ ਛੇਵੀ ਅਤੇ ਨੌਵੀ ਪਾਤਸਾਹੀ ਚੀਕਾ ਵਿੱਚ ਪ੍ਰੇਮਪੁਰਾ ਨੂੰ ਪ੍ਰਧਾਨਗੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਦੇਸ਼ਾ ਦੇ ਵੀ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਨਿੰਮਨਾਬਾਦ,ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਜਨਰਲ ਸਕੱਤਰ ਜਸਬੀਰ ਸਾਹਿਬ ਭਾਟੀ, ਮੀਤ ਸਕੱਤਰ ਐਡਵੋਕੇਟ ਚੰਨਦੀਪ ਸਿੰਘ ਰੋਹਤਕ,ਅਮਰਿੰਦਰ ਸਿੰਘ ਅਰੋਡਾ, ਸਰਤਾਜ ਸਿੰਘ ਸੀਂਘੜਾ, ਸਤਪਾਲ ਸਿੰਘ ਰਾਮਗੜ੍ਹੀਆ ਤਿੰਨੇ ਅੰਤ੍ਰਿਰੰਗ ਮੈਂਬਰ ਅਦਿ ਹਾਜ਼ਰ ਸਨ।