ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਮੰਡੀ ਕਾਲਾਂਵਾਲੀ ਵਿੱਚ 18 ਜਨਵਰੀ 2021 ਨੂੰ ਹੋਏ ਅੰਕੁਰ ਪ੍ਰਜਾਪਤੀ ਦੀ ਹੱਤਿਆ ਦੇ ਮਾਮਲੇ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਵੇਰਵਿਆਂ ਅਨੁਸਾਰ ਬਾਵਰੀਆ ਗਰੋਹ ਵੱਲੋਂ ਲੁੱਟ ਦੇ ਇਰਾਦੇ ਨਾਲ ਇਸ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ। ਸਿਰਸਾ ਦੇ ਐੱਸਪੀ ਡਾ. ਅਰਪਿਤ ਜੈਨ ਨੇ ਦੱਸਿਆ ਕਿ ਹੱਤਿਆ ਦੀ ਘਟਨਾ ਨੂੰ ਸੁਲਝਾਉਣ ਲਈ ਡੀਐੱਸਪੀ ਡੱਬਵਾਲੀ ਕੁਲਦੀਪ ਸਿੰਘ ਬੈਨੀਵਾਲ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਸੀਆਈਏ ਕਾਲਾਂਵਾਲੀ ਇੰਚਾਰਜ ਰਾਜਪਾਲ ਦੀ ਅਗਵਾਈ ਵਿੱਚ ਪੁਲੀਸ ਨੇ ਘਟਨਾ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸ਼ੰਕਰ ਉਰਫ ਧੋਲੂ ਵਾਸੀ ਮਹਿਣਾ ਜ਼ਿਲਾ ਮੁਕਤਸਰ ਸਾਹਿਬ ਵਜੋਂ ਹੋਈ ਹੈ। ਉਸ ਦੀ ਨਿਸ਼ਾਨਦੇਹੀ ’ਤੇ ਹੋਰਨਾਂ ਮੁਲਜ਼ਮਾਂ ਦੀ ਪਛਾਣ ਵੀ ਹੋਈ ਹੈ ਜਿਨ੍ਹਾਂ ਵਿੱਚ ਰਾਜਕੁਮਾਰ ਉਰਫ ਰਿਸਾਲੂ ਵਾਸੀ ਬਕੋਲੀ ਜ਼ਿਲਾ ਭਰਤਪੁਰ (ਰਾਜਸਥਾਨ) ਅਤੇ ਵਿਨੋਦ ਵਾਸੀ ਡਿੰਗ ਮੰਡੀ ਹਾਲ ਆਬਾਦ ਤੇਜੂ ਨਾਂਗਲ (ਜ਼ਿਲਾ ਰਿਵਾੜੀ) ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਛੇਤੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਚੇਤੇ ਰਹੇ ਕਿ 18 ਜਨਵਰੀ 2021 ਦੀ ਰਾਤ ਨੂੰ ਕਾਲਾਂਵਾਲੀ ਦੇ ਵਾਰਡ ਨੰਬਰ 3 ਵਾਸੀ ਮਹਾਬੀਰ ਦੇ ਘਰ ਕੁਝ ਲੋਕਾਂ ਨੇ ਗਹਿਣੇ ਅਤੇ ਨਗਦੀ ਲੁੱਟੀ ਸੀ। ਜਦੋਂ ਘਰ ਦੀਆਂ ਔਰਤਾਂ ਅਤੇ ਹੋਰ ਮੈਬਰਾਂ ਨੇ ਰੌਲਾ ਪਾਇਆ ਤਾਂ ਅੰਕੁਰ ਪੁੱਤਰ ਭਾਗਮਲ ਮੌਕੇ ਉੱਤੇ ਪਹੁੰਚ ਗਿਆ ਅਤੇ ਇਸ ਦੌਰਾਨ ਮੁਲਜ਼ਮਾਂ ਨੇ ਅੰਕੁਰ ਨੂੰ ਗੋਲੀ ਮਾਰਕੇ ਜ਼ਖ਼ਮੀ ਕਰ ਦਿੱਤਾ ਸੀ। ਉਸ ਦੀ 22 ਜਨਵਰੀ 2021 ਨੂੰ ਮੌਤ ਹੋ ਗਈ ਸੀ।