ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਅਗਸਤ
ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਾਈ ਕਮਾਨ ਤੋਂ ਫੈ਼ਸਲੇ ਲੈਣ ਦੀ ਇਜਾਜ਼ਤ ਨਾ ਮਿਲਣ ਦੀ ਸੂਰਤ ਵਿਚ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ’ਤੇ ਵਿਅੰਗ ਕਰਦਿਆਂ ਅੱਜ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਨਵਜੋਤ ਸਿੱਧੂ ਨੂੰ ਮਿਸਤਰੀ ਕਹਿ ਕੇ ਸੱਦਿਆ। ਉਨ੍ਹਾਂ ਕਿਹਾ ਕਿ ਜਦੋਂ ਕੋਈ ਆਪਣੇ ਹੀ ਘਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕਰਨ ਲੱਗੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਘਰ ਦੇ ਢਹਿ-ਢੇਰੀ ਹੋਣ ਵਿੱਚ ਹੁਣ ਜ਼ਿਆਦਾ ਦੇਰ ਨਹੀਂ ਰਹੀ। ਸ੍ਰੀ ਵਿੱਜ ਨੇ ਅੱਜ ਦੁਪਹਿਰੇ ਆਪਣੇ ਟਵਿਟਰ ਅਕਾਊਂਟ ’ਤੇ ਹਿੰਦੀ ਵਿੱਚ ਟਵੀਟ ਕਰ ਕੇ ਕਿਹਾ ਕਿ ਜਦੋਂ ਕੋਈ ਮਿਸਤਰੀ ਆਪਣੇ ਹੀ ਘਰ ਦੀਆਂ ਇੱਟਾਂ ਚੁੱਕ ਕੇ ਸੁੱਟਣ ਲੱਗੇ ਤਾਂ ਸਮਝ ਲਓ ਕਿ ਉਸ ਘਰ ਦਾ ਭਵਿੱਖ ਹੁਣ ਜ਼ਿਆਦਾ ਦੇਰ ਸੁਰੱਖਿਅਤ ਨਹੀਂ ਹੈ।