ਮਹਾਂਵੀਰ ਮਿੱਤਲ
ਜੀਂਦ, 20 ਫਰਵਰੀ
ਆਂਗਨਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦਾ ਧਰਨਾ ਪਿਛਲੇ 75 ਦਿਨਾਂ ਤੋਂ ਜਾਰੀ ਹੈ। ਧਰਨੇ ਦੀ ਪ੍ਰਧਾਨਗੀ ਜ਼ਿਲ੍ਹਾ ਖਜ਼ਾਨਚੀ ਸੁਦੇਸ਼ ਦੇਵੀ ਨੇ ਕੀਤੀ ਅਤੇ ਸੰਚਾਲਨ ਰਾਜ ਰਾਣੀ ਨੇ ਕੀਤਾ। ਧਰਨੇ ਨੂੰ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਸਤਿਵੀਰ ਖਰਲ, ਉੱਪ ਪ੍ਰਧਾਨ ਕਸ਼ਮੀਰ ਸੇਲਵਾਲ ਅਤੇ ਸੁਨੀਤਾ ਆਦਿ ਨੇ ਸੰਬੋਧਿਤ ਕੀਤਾ। ਭਾਰਤ ਦੀ ਜਨਵਾਦੀ ਨੌਜਵਾਨ ਸਭਾ ਨੇ ਆਂਗਨਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਸਮਰਥਨ ਕੀਤਾ ਅਤੇ ਸੂਬਾਈ ਸਕੱਤਰ ਨਰੇਸ਼ ਦਨੌਦਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੱਸਿਆ ਕਿ 52 ਹਜ਼ਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੀ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਹੜਤਾਲਉੱਤੇ ਹਨ, ਪਰੰਤੂ ਹਰਿਆਣਾ ਸਰਕਾਰ ਇਨ੍ਹਾਂ ਦੀ ਮੰਗਾਂ ਦਾ ਕੋਈ ਹੱਲ ਨਹੀਂ ਕਰ ਰਹੀ। ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ, ਉਹ ਇੱਕ ਕਦਮ ਵੀ ਪਿੱਛੇ ਨਹੀਂ ਹਟਣਗੀਆਂ, ਅੰਦੋਲਨ ਜਾਰੀ ਰਹੇਗਾ। ਇਸੇ ਤਰ੍ਹਾਂ ਆਪਣੀਆਂ ਮੰਗਾਂ ਦੇ ਹੱਕ ’ਚ ਆਸ਼ਾ ਵਰਕਰਾਂ ਵੱਲੋਂ ਤੀਸਰੇ ਦਿਨ ਵੀ ਧਰਨਾ ਜਾਰੀ ਰਿਹਾ। ਆਸ਼ਾ ਵਰਕਰਾਂ ਨੇ ਇੱਥੇ ਸਿਵਲ ਹਸਪਤਾਲ ਵਿੱਚ ਜ਼ਿਲ੍ਹਾ ਉੱਪ- ਪ੍ਰਧਾਨ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਧਰਨਾ ਦਿੱਤਾ ਅਤੇ ਧਰਨੇ ਦਾ ਸੰਚਾਲਨ ਜ਼ਿਲ੍ਹਾ ਸਕੱਤਰ ਰਾਜਬਾਲਾ ਨੇ ਕੀਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਜ਼ਿਲ੍ਹਾ ਸਕੱਤਰ ਕਪੂਰ ਸਿੰਘ, ਭਵਨ ਨਿਰਮਾਣ ਕਾਮਗਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸੇਲਵਾਲ, ਰਿਟਾਇਰਡ ਕਰਮਚਾਰੀ ਸੰਘ ਦੇ ਨੇਤਾ ਆਜ਼ਾਦ ਪੰਚਾਲ ਅਤੇ ਇਸਵਰ ਠਾਕੁਰ ਆਦਿ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ।