ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 20 ਨਵੰਬਰ
ਕੇਂਦਰ ਸਰਕਾਰ ਦੇ ਸਵੱਛ ਭਾਰਤ ਅਭਿਆਨ ਦੀਆਂ ਯੋਜਨਾਵਾਂ ਤਹਿਤ ਪੂਰੇ ਭਾਰਤ ਦੇ ਤਿੰਨ-ਤਿੰਨ ਸ਼ਹਿਰਾਂ ਨੂੰ ਗੋਲਡ, ਸਿਲਵਰ ਅਤੇ ਕਾਂਸੀ ਮੈਡਲਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਸਾਲ 1965 ਵਿੱਚ ਮਲਕਾਨੀ ਕਮਿਸ਼ਨ ਨੇ ਅੰਬਾਲਾ ’ਤੇ ਸਭ ਤੋਂ ਗੰਦਾ ਸ਼ਹਿਰ ਹੋਣ ਦਾ ਧੱਬਾ ਲਾਇਆ ਸੀ, ਉਹ ਹੁਣ ਸਾਫ਼ ਹੋ ਗਿਆ ਹੈ। ਭਾਜਪਾ ਕੌਂਸਲਰਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਵਿਧਾਇਕ ਅਸੀਮ ਗੋਇਲ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਮੈਡਲ ਨਾਲ ਖ਼ੁਸ਼ ਨਹੀਂ ਹਨ ਕਿਉਂਕਿ ਸ਼ਹਿਰ ਗੋਲਡ ਮੈਡਲ ਵਰਗ ਵਿੱਚ ਆਉਣਾ ਚਾਹੀਦਾ ਸੀ। ਦੂਜੇ ਪਾਸੇ ਨਿਗਮ ਦੇ ਹਰਿਆਣਾ ਜਨ ਚੇਤਨਾ ਪਾਰਟੀ ਦੇ ਕੌਂਸਲਰਾਂ ਨੇ ਕਿਹਾ ਕਿ ਵਿਧਾਇਕ ਵਾਹ-ਵਾਹ ਲੁੱਟਣਾ ਬੰਦ ਕਰੇ ਕਿਉਂਕਿ ਅੰਬਾਲਾ ਨੂੰ ਸਵੱਛਤਾ ਵਿੱਚ ਕਾਂਸੀ ਮੈਡਲ ਮੇਅਰ ਦੇ ਯਤਨਾਂ ਸਦਕਾ ਮਿਲਿਆ ਹੈ।