ਅਲੀਗੜ੍ਹ, 17 ਜੂਨ
ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖ਼ਿਲਾਫ਼ ਪੁਲੀਸ ਵੱਲੋਂ ਪਿਛਲੇ ਦੋ ਹਫ਼ਤਿਆਂ ਤੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਅਲੀਗੜ੍ਹ ਪੁਲੀਸ ਵੱਲੋਂ ਗੁਰੂਗ੍ਰਾਮ ’ਚ ਇੱਕ ਜਗ੍ਹਾ ਛਾਪਾ ਮਾਰਿਆ ਗਿਆ ਜਿੱਥੇ ਅਲੀਗੜ੍ਹ ਦੇ ਸ਼ਰਾਬ ਮਾਫ਼ੀਆ ਨਾਲ ਮਿਲਕੇ ਨਾਜਾਇਜ਼ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਸੀਨੀਅਰ ਪੁਲੀਸ ਸੁਪਰਡੈਂਟ ਕਲਾਨਿਧੀ ਨੈਥਾਨੀ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਤੌਰ ’ਤੇ ਫਰੀਦਾਬਾਦ ਵਾਸੀ ਗ੍ਰਿਫ਼ਤਾਰ ਸ਼ਰਾਬ ਮਾਫ਼ੀਆ ਮਦਨ ਗੋਪਾਲ ਉਰਫ਼ ਕਾਲੀਆ ਤੋਂ ਪੁੱਛਗਿੱਛ ਦੇ ਆਧਾਰ ’ਤੇ ਪੁਲੀਸ ਗੁਰੂਗ੍ਰਾਮ ਸਥਿਤ ਇੱਕ ਕਾਰਖਾਨੇ ਪੁੱਜੀ, ਜਿੱਥੇ ਨਾਜਾਇਜ਼ ਸ਼ਰਾਬ ਬਣਾ ਕੇ ਪਲਾਸਟਿਕ ਦੇ ਕੰਟੇਨਰਾਂ ਵਿੱਚ ਪੈਕ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇੱਥੋਂ ਹੀ ਨਾਜਾਇਜ਼ ਸ਼ਰਾਬ ਅਲੀਗੜ੍ਹ ਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਭੇਜੀ ਜਾਂਦੀ ਸੀ। -ਪੀਟੀਆਈ