ਰਤਨ ਸਿੰਘ ਢਿੱਲੋਂ
ਅੰਬਾਲਾ, 27 ਸਤੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਵਿੱਚ ਅੱਜ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਰਿਆਣਾ ਇਕਾਈ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਘੂਜੀਤ ਸਿੰਘ ਵਿਰਕ (ਕਰਨਾਲ) ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਦੇ ਗੁਰੂਘਰਾਂ ਨੂੰ ਵੱਖਰਾ ਕਰਨਾ ਸਿੱਖ ਧਰਮ ’ਤੇ 1984 ਤੋਂ ਵੀ ਵੱਡਾ ਹਮਲਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲ ਦੇਣ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਸਿੱਖਾਂ ਨੂੰ ਲੜਾਉਣਾ ਚਾਹੁੰਦੀ ਹੈ ਪਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਵੀ ਕਾਂਗਰਸ ਦੇ ਰਾਹ ਉੱਤੇ ਤੁਰ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਹਰਿਆਣਾ ਕਾਂਗਰਸ ਸਰਕਾਰ ਵੱਲੋਂ 2014 ਵਿਚ ਹਰਿਆਣਾ ਲਈ ਵੱਖਰੀ ਕਮੇਟੀ ਦਾ ਕਾਨੂੰਨ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਜੋ ਸੁਪਰੀਮ ਕੋਰਟ ਵਿੱਚ ਵਿਚਾਰਨਯੋਗ ਸੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁਰੂਘਰਾਂ ਦੀ ਵੱਖਰੀ ਕਮੇਟੀ ਦੀ ਹਮਾਇਤ ਕਰਨਾ ਨਿੰਦਣਯੋਗ ਹੈ ਅਤੇ ਸਿੱਖ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।
ਕਾਰਜਕਾਰਨੀ ਕਮੇਟੀ ਦੀ ਚੋਣ ਪਹਿਲੀ ਨੂੰ: ਖਾਲਸਾ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐਡਹਾਕ) ਦੇ ਧਰਮ ਪ੍ਰਚਾਰ ਕਮੇਟੀ ਪ੍ਰਮੁੱਖ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਦੀ ਚੋਣ ਸਮੇਂ ਸਿੱਧੀ ਟੱਕਰ ਦੇਣ ਵਾਲੇ ਜਸਬੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਵਰਤਮਾਨ ਵਿੱਚ ਜਗਦੀਸ਼ ਸਿੰਘ ਝੀਂਡਾ ਕਮੇਟੀ ਦੇ ਪ੍ਰਧਾਨ ਹਨ, ਜਿਨ੍ਹਾਂ ਦੀ ਚੋਣ ਗੁਰਦੁਆਰਾ ਨਿੰਮ ਸਾਹਿਬ ਕੈਥਲ ਵਿੱਚ ਸਰਬਸੰਮਤੀ ਨਾਲ ਕੀਤੀ ਗਈ ਹੈ ਅਤੇ ਪਹਿਲੀ ਅਕਤੂਬਰ ਨੂੰ ਕੁਰੂਕਸ਼ੇਤਰ ਵਿੱਚ ਮੀਟਿੰਗ ਕਰਕੇ ਕਾਰਜਕਾਰਨੀ ਕਮੇਟੀ ਦੀ ਚੋਣ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਵੱਖਰੀ ਕਮੇਟੀ ਲਈ ਹਰਿਆਣਾ ਦੇ ਸਿੱਖਾਂ ਨੇ 21 ਸਾਲ ਲੰਮੀ ਲੜਾਈ ਲੜੀ ਹੈ। ਇਸ ਇਤਿਹਾਸਕ ਜਿੱਤ ਲਈ 7 ਅਕਤੂਬਰ ਨੂੰ ਗੁਰਦੁਆਰਾ ਨਾਡਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 9 ਅਕਤੂਬਰ ਨੂੰ ਭੋਗ ਉਪਰੰਤ ਸ਼ੁਕਰਾਨਾ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਲਈ ਹਰਿਆਣਾ ਦੇ ਮੁੱਖ ਮੰਤਰੀ ਨੂੰ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ ਹੈ।