ਆਤਿਸ਼ ਗੁਪਤਾ
ਚੰਡੀਗੜ੍ਹ, 9 ਜੂਨ
ਹਰਿਆਣਾ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਲਈ ਵੋਟਿੰਗ 10 ਜੂਨ ਨੂੰ ਹੋਵੇਗੀ ਅਤੇ ਨਤੀਜੇ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਦੋ ਸੀਟਾਂ ਲਈ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਹਨ, ਜਿਸ ਨਾਲ ਰਾਜ ਸਭਾ ਦੀ ਚੋਣ ਦਿਲਚਸਪ ਬਣੀ ਹੋਈ ਹੈ। ਇਸ ਚੋਣ ਵਿੱਚ ਕਾਂਗਰਸ ਉਮੀਦਵਾਰ ਅਜੈ ਮਾਕਨ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਵਿੱਚ ਪੇਚ ਫਸ ਗਿਆ ਹੈ। ਸੱਤਾਧਾਰੀ ਭਾਜਪਾ ਕੋਲ ਲੋੜ ਨਾਲੋਂ 10 ਵਾਧੂ ਵੋਟਾਂ ਹੋਣ ਕਰਕੇ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ ਦਾ ਰਾਜ ਸਭਾ ਚੋਣ ਜਿੱਤਣਾ ਤੈਅ ਹੈ। ਰਾਜ ਸਭਾ ਮੈਂਬਰਾਂ ਦੀ ਚੋਣ ਲਈ ਭਲਕੇ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਵੇਗੀ, ਜੋ ਕਿ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਨਤੀਜੇ ਦਾ ਐਲਾਨ ਕੀਤਾ ਜਾਵੇਗਾ।
ਹਰਿਆਣਾ ਵਿਧਾਨ ਸਭਾ ਵਿੱਚ 90 ਵਿਧਾਇਕਾਂ ਵਿੱਚੋਂ ਰਾਜ ਸਭਾ ਚੋਣ ਜਿੱਤਣ ਲਈ 30 ਵਿਧਾਇਕਾਂ ਦੀ ਲੋੜ ਹੈ। ਇਸ ਸਮੇਂ ਭਾਜਪਾ ਕੋਲ 40, ਕਾਂਗਰਸ ਦੇ 31, ਜੇਜੇਪੀ ਕੋਲ 10 ਵਿਧਾਇਕ ਹਨ, ਜਦੋਂ ਕਿ 9 ਵਿਧਾਇਕ ਆਜ਼ਾਦ ਅਤੇ ਹਰਿਆਣਾ ਲੋਕ ਹਿੱਤ ਪਾਰਟੀ ਤੋਂ ਹਨ। ਰਾਜ ਸਭਾ ਮੈਂਬਰ ਦੀ ਚੋਣ ਲਈ ਭਾਵੇਂ ਕਾਂਗਰਸ ਪਾਰਟੀ ਕੋਲ ਲੋੜ ਨਾਲੋਂ ਇਕ ਵਿਧਾਇਕ ਦੀ ਵੋਟ ਵੱਧ ਹੈ, ਪਰ ਕਾਂਗਰਸ ਵਿਧਾਇਕ ਕੁਲਦੀਪ ਸਿੰਘ ਬਿਸ਼ਨੋਈ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਇਸ ਤੋਂ ਇਲਾਵਾ ਕਾਰਤੀਕੇਯ ਦੇ ਪਿਤਾ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨਾਲ ਕੰਮ ਕਰ ਚੁੱਕੇ ਹਨ। ਇਸ ਲਈ ਕਾਂਗਰਸ ਨੂੰ ਕਰਾਸ ਵੋਟਿੰਗ ਦਾ ਖਦਸ਼ਾ ਹੈ। ਇਸੇ ਕਰਕੇ ਕਾਂਗਰਸ ਪਾਰਟੀ ਨੇ ਆਪਣੇ ਵਿਧਾਇਕ ਛੱਤੀਗੜ੍ਹ ਦੇ ਰਾਏਪੁਰ ਵਿੱਚ ਰਿਜ਼ੌਰਟ ’ਚ ਰੱਖੇ ਹੋਏ ਹਨ।
ਦੂਜੇ ਪਾਸੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਦੀ ਹਮਾਇਤ ਵਿੱਚ ਜੇਜੇਪੀ ਆਪਣੇ 10 ਵਿਧਾਇਕਾਂ ਦੇ ਨਾਲ ਖੜੀ ਹੋ ਗਈ ਹੈ, ਜਦੋਂ ਕਿ ਭਾਜਪਾ ਵੀ ਅੰਦਰਖਾਤੇ ਆਜ਼ਾਦ ਉਮੀਦਵਾਰ ਨੂੰ ਹਮਾਇਤ ਕਰ ਰਹੀ ਹੈ। ਇਸ ਤੋਂ ਇਲਾਵਾ ਕਾਰਤੀਕੇਯ ਵੱਲੋਂ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਅਤੇ ਕੁਝ ਕਾਂਗਰਸੀ ਵਿਧਾਇਕਾਂ ਦੇ ਵੀ ਸੰਪਰਕ ਵਿੱਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਾਂਗਰਸੀ ਵਿਧਾਇਕਾਂ ਦੀ ਇਕ ਵੀ ਵੋਟ ਖਿਸਕਣ ਨਾਲ ਆਜ਼ਾਦ ਉਮੀਦਵਾਰ ਕਾਰਤੀਕੇਯ ਜਿੱਤ ਸਕਦਾ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੈ ਮਾਕਨ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ।