ਖੇਤੀ ਆਰਡੀਨੈਂਸ: ਕਿਸਾਨ ਯੂਨੀਅਨ ਵੱਲੋਂ ਕੇਂਦਰ ਖ਼ਿਲਾਫ਼ ਮੁਜ਼ਾਹਰਾ

ਖੇਤੀ ਆਰਡੀਨੈਂਸ: ਕਿਸਾਨ ਯੂਨੀਅਨ ਵੱਲੋਂ ਕੇਂਦਰ ਖ਼ਿਲਾਫ਼ ਮੁਜ਼ਾਹਰਾ

ਅਨਾਜ ਮੰਡੀ ਦੇ ਗੇਟ ’ਤੇ ਮੁਜ਼ਾਹਰਾ ਕਰਦੇ ਹੋਏ ਕਿਸਾਨ।

ਦਵਿੰਦਰ ਸਿੰਘ
ਯਮੁਨਾਨਗਰ, 15 ਸਤੰਬਰ

ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸਾਂ ਅਤੇ ਪਿੱਪਲੀ ਰੈਲੀ ਦੌਰਾਨ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਅੱਜ ਤੋਂ ਹਰਿਆਣਾ ਦੇ ਸਾਰੇ ਹੈੱਡ ਕੁਆਰਟਰਾਂ ਉਤੇ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ। ਇਸ ਕੜੀ ਵਿੱਚ ਹੀ ਕਿਸਾਨਾਂ ਨੇ ਜਗਾਧਰੀ ਅਨਾਜ ਮੰਡੀ ਦੇ ਗੇਟ ’ਤੇ ਰੋਸ ਮੁਜ਼ਾਹਰਾ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਜੂ ਗੁੰਦਿਆਨਾ ਨੇ ਕਿਹਾ ਕਿ ਸਰਕਾਰ ਦੇ ਮਨਸੂਬੇ ਕਿਸਾਨਾਂ ਨੂੰ ਪਤਾ ਚਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਵਿਰੋਧੀ ਆਰਡੀਨੈਂਸਾਂ ਤਾਂ ਲਿਆ ਹੀ ਰਹੀ ਹੈ ਇਸ ਤੋਂ ਇਲਾਵਾ ਸ਼ਾਂਤਮਈ ਢੰਗ ਨਾਲ ਨਿਆਂ ਦੀ ਮੰਗ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕੇਂਦਰ ਸਰਕਾਰ ਉਤ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕਿਸਾਨੀ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਪਹੁੰਚਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਧਰਨੇ 19 ਸਤੰਬਰ ਤੱਕ ਜਾਰੀ ਰਹਿਣਗੇ, ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਹਰਿਆਣਾ ਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ ਅਤੇ ਸਰਕਾਰ ਨੂੰ ਕਿਸਾਨਾਂ ਦੇ ਰੋਹ ਦਾ ਵੱਡੇ ਪੱਧਰ ’ਤੇ ਸਾਹਮਣਾ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਕਿਸਾਨ ਹੁਣ ਆਪਣੇ ਸੰਘਰਸ਼ ਤੋਂ ਪਿੱਛ ਹਟਣ ਵਾਲੇ ਨਹੀਂ ਹਨ ਚਾਹੇ ਉਨ੍ਹਾਂ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਇਸ ਦੌਰਾਨ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਤਿੰਨ ਆਰਡੀਨੈਂਸ ਰੱਦ ਕਰਨ ਦੀ ਵੀ ਮੰਗ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All