ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਅਕਤੂਬਰ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰੀਸ਼ ਕਵਾਤਰਾ ਨੇ ਦੋਸ਼ ਲਾਇਆ ਹੈ ਕਿ ਸ਼ਹੀਦਾਂ ਦੇ ਸਮਾਰਕਾਂ ਨੂੰ ਵਿਕਸਤ ਕਰਨ ਦੀ ਬਜਾਏ ਕੌਂਸਲ ਉਜਾੜਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਮਾਰਕਾਂ ਦੀ ਜ਼ਮੀਨ ਕਿਸੇ ਨੂੰ ਵੀ ਕਿਰਾਏ ’ਤੇ ਨਹੀਂ ਦੇਣ ਦਿੱਤੀ ਜਾਏਗੀ, ਚਾਹੇ ਇਸ ਲਈ ਉਨ੍ਹਾਂ ਨੂੰ ਸੰਘਰਸ਼ ਸ਼ੁਰੂ ਕਰਨਾ ਪਵੇ ਜਾਂ ਅਦਾਲਤ ਵੀ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇਕ ਦੁਕਾਨਦਾਰ ਨੇ ਨਗਰਪਾਲਿਕਾ ਦੀ ਜ਼ਮੀਨ ’ਤੇ ਕੰਧ ਤੋੜ ਕੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ ਪਰ ਰੌਲਾ ਪੈਣ ’ਤੇ ਇਹ ਦੀਵਾਰ ਰਾਤੋ ਰਾਤ ਬਣਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਸ਼ਾਸਨ ਵਲੋਂ ਇਸ ਦੁਕਾਨਦਾਰ ’ਤੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਯਤਨ ਵਿਚ ਮਾਮਲਾ ਦਰਜ ਹੋਣਾ ਚਾਹੀਦਾ ਹੈ ਜੋ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸ਼ਹੀਦ ਜਗਦੀਸ਼ ਕਾਲੜਾ ਪਾਰਕ ਨੂੰ ਉਜਾੜਨ ਦਾ ਕੰਮ ਕਰ ਰਹੀ ਹੈ। ਨਗਰ ਕੌਂਸਲ ਪ੍ਰਧਾਨ ਗੁਲਸ਼ਨ ਕਵਾਤਰਾ ਨੇ ਸਾਬਕਾ ਪ੍ਰਧਾਨ ਹਰੀਸ਼ ਕਵਾਤਰਾ ਵਲੋਂ ਲਾਏ ਦੋਸ਼ਾਂ ਨੂੰ ਮੁੱਢੋਂ ਹੀ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਦੁਕਾਨਦਾਰ ਨੇ ਕਮਰੇ ਦੀ ਦੀਵਾਰ ਤੋੜੀ ਸੀ। ਉਸ ਖਿਲਾਫ ਨਿਯਮ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਮੂਰਤੀ ’ਤੇ ਪੇਂਟ ਕਰਾਇਆ ਜਾ ਚੁੱਕਾ ਹੈ ਤੇ ਪਾਰਕ ਦੇ ਰਖ ਰਖਾਅ ਲਈ ਵੀ ਟੈਂਡਰ ਕੱਢਿਆ ਜਾ ਰਿਹਾ ਹੈ।