ਜਗਤਾਰ ਸਮਾਲਸਰ/ਪ੍ਰਭੂ ਦਿਆਲ
ਏਲਨਾਬਾਦ/ਸਿਰਸਾ, 2 ਨਵੰਬਰ
ਮੁੱਖ ਅੰਸ਼
- ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਨਾਲ ਹਰਾਇਆ
- ਕਾਂਗਰਸ ਉਮੀਦਵਾਰ ਪਵਨ ਬੈਨੀਵਾਲ ਨੂੰ ਮਿਲੀਆਂ 20209 ਵੋਟਾਂ
ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਅਭੈ ਸਿੰਘ ਚੌਟਾਲਾ ਚੌਥੀ ਵਾਰ ਏਲਨਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਅਭੈ ਚੌਟਾਲਾ ਨੇ ਭਾਜਪਾ-ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਉਨ੍ਹਾਂ ਨੂੰ 65992 ਜਦਕਿ ਗੋਬਿੰਦ ਕਾਂਡਾ ਨੂੰ 59253 ਵੋਟਾਂ ਪ੍ਰਾਪਤ ਹੋਈਆਂ ਹਨ। ਕਾਂਗਰਸ ਦੇ ਪਵਨ ਬੈਨੀਵਾਲ ਨੂੰ 20904 ਵੋਟਾਂ ਮਿਲੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਏਲਨਾਬਾਦ ਦੀ ਜ਼ਿਮਨੀ ਚੋਣ ਲਈ 30 ਅਕਤੂਬਰ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਡਾ. ਅੰਬੇਡਕਰ ਲਾਅ ਭਵਨ ਵਿੱਚ ਹੋਈ। ਇਸ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਇਨੈਲੋ ਦੇ ਅਭੈ ਸਿੰਘ ਚੌਟਾਲਾ, ਭਾਜਪਾ-ਜਜਪਾ ਦੇ ਗੋਬਿੰਦ ਕਾਂਡਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਬੈਨੀਵਾਲ ਵਿਚਾਲੇ ਸੀ। ਇਸ ਚੋਣ ਦੌਰਾਨ 480 ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ। ਹਰਿਆਣਾ ਵਿਧਾਨ ਸਭਾ ਦੀਆਂ 2019 ਵਿੱਚ ਹੋਈਆਂ ਚੋਣਾਂ ਦੌਰਾਨ ਅਭੈ ਸਿੰਘ ਚੌਟਾਲਾ ਨੂੰ 57055 ਅਤੇ ਉਸ ਸਮੇਂ ਭਾਜਪਾ ਵੱਲੋਂ ਚੋਣ ਲੜੇ ਪਵਨ ਬੈਨੀਵਾਲ ਨੂੰ 45133 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਉਮੀਦਵਾਰ ਭਰਤ ਸਿੰਘ ਬੈਨੀਵਾਲ ਨੂੰ 35383 ਵੋਟਾਂ ਮਿਲੀਆਂ ਸਨ।
ਕਿਸਾਨ ਕਹਿਣ ਤਾਂ ਮੁੜ ਅਸਤੀਫ਼ਾ ਦੇ ਸਕਦਾਂ: ਚੌਟਾਲਾ
ਏਲਨਾਬਾਦ (ਪੱਤਰ ਪ੍ਰੇਰਕ): ਏਲਨਾਬਾਦ ਜ਼ਿਮਨੀ ਚੋਣ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਭੈ ਸਿੰਘ ਚੌਟਾਲਾ ਨੇ ਆਖਿਆ ਕਿ ਉਹ ਹੁਣ ਦਿੱਲੀ ਦੀਆਂ ਸਰੱਹਦਾਂ ’ਤੇ ਬੈਠੇ ਕਿਸਾਨਾਂ ਵਿਚਕਾਰ ਜਾਣਗੇ ਅਤੇ ਜੇਕਰ ਕਿਸਾਨਾਂ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਅਸਤੀਫ਼ਾ ਦੇਣ ਲਈ ਆਖਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਇਹ ਜ਼ਿਮਨੀ ਚੋਣ ਕਾਂਗਰਸ ਅਤੇ ਭਾਜਪਾ-ਜਜਪਾ ਗੱਠਜੋੜ ਵੱਲੋਂ ਰਲ ਕੇ ਲੜੀ ਗਈ ਸੀ ਇਹੀ ਕਾਰਨ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 2019 ਦੀਆਂ ਚੋਣਾਂ ਸਮੇਂ 35,383 ਵੋਟਾਂ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਇਸ ਵਾਰ ਜ਼ਮਾਨਤ ਜ਼ਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਸਨ ਪਰ ਵੋਟਰਾਂ ਨੇ ਇਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਦੇ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਧਿਰ ਨੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ ਤੇ ਸਰਕਾਰੀ ਮਸ਼ੀਨਰੀ ਦੀ ਵੀ ਅੰਨ੍ਹੇਵਾਹ ਵਰਤੋਂ ਕੀਤੀ ਹੈ।