ਪੱਤਰ ਪ੍ਰੇਰਕ
ਜੀਂਦ, 28 ਮਈ
ਆਮ ਆਦਮੀ ਪਾਰਟੀ ਦੇ ਜੀਂਦ ਜ਼ਿਲ੍ਹੇ ਦੇ ਇੰਚਾਰਜ ਅਤੇ ਦਿੱਲੀ ਦੇ ਰਿਠਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਹਿੰਦਰ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਮੇਅਰ, ਚੇਅਰਮੈਨ, ਨਗਰ ਕੌਂਸਲ, ਜ਼ਿਲ੍ਹਾ ਪਰਿਸ਼ਦ ਮੈਂਬਰ, ਬਲਾਕ ਸਮਿਤੀ ਅਤੇ ਸਰਪੰਚਾਂ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ। ਜੀਂਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮਹਿੰਦਰ ਗੋਇਲ ਨੇ ਕਿਹਾ ਕਿ ‘ਆਪ’ ਵੱਲੋਂ ਜੀਂਦ ਨਗਰ ਦਾ ਸਰਵੇ ਕਰਵਾਇਆ ਜਾ ਰਿਹਾ ਹੈ, ਜੋ ਕਿ ਇਸ ਵੇਲੇ ਤੀਸਰੇ ਪੜਾਅ ਵਿੱਚ ਹੈ। ਸਰਵੇ ਮੁਤਾਬਿਕ ਹੀ ਇੱਥੋਂ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਸਿਰਫ਼ ਯੋਗ ਉਮੀਦਵਾਰਾਂ ’ਤੇ ਹੀ ਆਪਣਾ ਦਾਅ ਲਾਏਗੀ। ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਉਮੀਦਵਾਰਾਂ ਦਾ ਐਲਾਨ 29 ਮਈ ਦੀ ਕੁਰੂਕਸ਼ੇਤਰ ਰੈਲੀ ਤੋਂ ਬਾਅਦ ਕੀਤਾ ਜਾਵੇਗਾ।