ਰਤਨ ਸਿੰਘ ਢਿੱਲੋਂ
ਅੰਬਾਲਾ, 14 ਜੁਲਾਈ
ਅੰਬਾਲਾ ਸ਼ਹਿਰ ਦੀ ਜਲਬੇੜਾ ਰੋਡ ’ਤੇ ਸਥਿਤ ਪਰਸ਼ੂ ਰਾਮ ਕਲੋਨੀ ਵਿੱਚ ਅਚਾਨਕ ਇਕ ਦੋ ਮੰਜ਼ਿਲਾਂ ਮਕਾਨ ਦੇ ਇਕ ਕਮਰੇ ਦੀ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ 50 ਸਾਲਾ ਹਰੀ ਰਾਮ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਹਰੀ ਰਾਮ ਆਪਣੇ ਕਿਰਾਏ ’ਤੇ ਲਏ ਕਮਰੇ ਵਿੱਚ ਆਰਾਮ ਕਰ ਰਿਹਾ ਸੀ। ਉਸ ਦੀ ਪਤਨੀ ਰਾਮਪਤੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਮਰਾ ਦੋ ਦਿਨ ਪਹਿਲਾਂ ਹੀ ਕਿਰਾਏ ’ਤੇ ਲਿਆ ਸੀ। ਇਸ ਦੌਰਾਨ ਅਚਾਨਕ ਕਮਰੇ ਦੀ ਛੱਤ ਡਿੱਗ ਗਈ ਤੇ ਛੱਤ ਦੇ ਮਲਬੇ ਹੇਠ ਦੱਬ ਕੇ ਹਰੀ ਰਾਮ ਦੀ ਮੌਤ ਹੋ ਗਈ। ਐੱਸਡੀਐੱਮ ਹਿਤੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਮੌਕੇ ’ਤੇ ਅਮਲਾ ਭੇਜ ਦਿੱਤਾ ਸੀ। ਮਲਬੇ ਹੇਠਿਓਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਮਕਾਨ ਮਾਲਕ ਦਾ ਪਤਾ ਲਗਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉੱਧਰ, ਕਮਰੇ ਦੀ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਅੱਜ ਇੱਥੇ ਡੀਸੀ ਵਿਕਰਮ ਸਿੰਘ ਵੱਲੋਂ ਮੌਕੇ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੇ ਨਾਲ ਐੱਸਡੀਐੱਮ ਹਿਤੇਸ਼ ਕੁਮਾਰ, ਜ਼ਿਲ੍ਹਾ ਮਾਲ ਅਧਿਕਾਰੀ ਕੈਪਟਨ ਵਿਨੋਦ ਸ਼ਰਮਾ, ਨਗਰ ਨਿਗਮ ਦੇ ਡੀਐੱਮਸੀ ਵਿਨੋਦ ਨੇਹਰਾ ਤੇ ਡੀਐੱਸਪੀ ਰਮੇਸ਼ ਕੁਮਾਰ ਵੀ ਮੌਜੂਦ ਸਨ। ਡੀਸੀ ਨੇ ਇਸ ਦੋ ਮੰਜ਼ਿਲਾ ਇਮਾਰਤ ਵਿੱਚ ਰਹਿ ਰਹੇ ਬਾਕੀ ਲੋਕਾਂ ਨੂੰ ਕਿਹਾ ਕਿ ਇਮਾਰਤ ਕਾਫ਼ੀ ਖਸਤਾ ਹੈ ਇਸ ਲਈ ਉਹ ਆਪਣਾ ਸਾਮਾਨ ਲੈ ਕੇ ਨੇੜੇ ਦੀ ਕਿਸੇ ਧਰਮਸ਼ਾਲਾ ਵਿੱਚ ਚਲੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਖਸਤਾ ਹਾਲ ਇਮਾਰਤ ਦੁਆਲੇ ਬੈਰੀਕੇਡ ਲਗਾ ਕੇ ਨੋਟਿਸ ਲਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅੰਬਾਲਾ ਵਿੱਚ ਸਾਰੀਆਂ ਪੁਰਾਣੀਆਂ ਅਤੇ ਅਸੁਰੱਖਿਅਤ ਇਮਾਰਤਾਂ ਨੂੰ ਢਾਹੁਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ। ਜ਼ਿਲ੍ਹੇ ਵਿਚਲੀਆਂ ਅਜਿਹੀਆਂ ਸਾਰੀਆਂ ਇਮਾਰਤਾਂ ਦਾ ਨਿਰੀਖਣ ਕਰ ਕੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।