ਨਿਜੀ ਪੱਤਰ ਪ੍ਰੇਰਕ
ਅੰਬਾਲਾ, 5 ਜੁਲਾਈ
ਪੰਜੋਖਰਾ ਥਾਣੇ ਤਹਿਤ ਪੈਂਦੇ ਪਿੰਡ ਡੇਹਰੀ ਵਿਚ ਭਰਾ ਵੱਲੋਂ ਨਸ਼ੇ ਦੀ ਹਾਲਤ ਵਿਚ ਆਪਣੇ ਵੱਡੇ ਭਰਾ ਤੇ ਭਰਜਾਈ ’ਤੇ ਕੁਹਾੜੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਮਹਿਲਾ ਦੀਆਂ ਤਿੰਨ ਉਂਗਲਾਂ ਕੱਟ ਕੇ ਜ਼ਮੀਨ ’ਤੇ ਡਿੱਗ ਪਈਆਂ। ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਭਰਤੀ ਕਰਾਇਆ ਗਿਆ। ਪੰਜੋਖਰਾ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਡੇਹਰੀ ਦੇ ਗੁਰਦੀਪ ਸਿੰਘ (32) ਨੇ ਦੱਸਿਆ ਕਿ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਦੀ ਤਿਆਰੀ ਕਰ ਰਹੇ ਸਨ ਕਿ ਨਸ਼ੇ ਵਿਚ ਟੱਲੀ ਉਸ ਦਾ ਛੋਟਾ ਭਰਾ ਕ੍ਰਿਸ਼ਨ ਉਨ੍ਹਾਂ ਦੇ ਘਰ ਕੁਹਾੜੀ ਲੈ ਕੇ ਆਇਆ ਅਤੇ ਉਸ ਦੀ ਪਤਨੀ ਅੰਜੂ ਨੂੰ ਗਾਲ੍ਹਾਂ ਕੱਢਣ ਲੱਗਾ। ਉਸ ਨੇ ਕ੍ਰਿਸ਼ਨ ਨੂੰ ਆਪਣੇ ਘਰ ਜਾਣ ਲਈ ਕਿਹਾ ਤਾਂ ਤੈਸ਼ ਵਿਚ ਆ ਕੇ ਉਸ ਨੇ ਪਹਿਲਾਂ ਉਸ ਦੀ ਸੱਜੀ ਬਾਂਹ ’ਤੇ ਅਤੇ ਫਿਰ ਸੱਜੀ ਅੱਖ ਦੇ ਉੱਪਰ ਕੁਹਾੜੀ ਨਾਲ ਵਾਰ ਕੀਤੇ। ਜਦੋਂ ਪਤਨੀ ਅੰਜੂ ਨੇ ਉਸ ਨੂੰ ਬਚਾਉਣ ਲਈ ਹੱਥ ਅੱਗੇ ਕੀਤਾ ਤਾਂ ਉਸ ਦੇ ਹੱਥ ਦੀਆਂ ਤਿੰਨ ਉਂਗਲਾਂ ਕੱਟ ਕੇ ਜ਼ਮੀਨ ’ਤੇ ਡਿੱਗ ਪਈਆਂ। ਜ਼ਖ਼ਮੀ ਦੀਆਂ ਚੀਕਾਂ ਸੁਣ ਕੇ ਗੁਰਦੀਪ ਦਾ ਬੇਟਾ ਕਰਣ ਅਤੇ ਉਸ ਦੇ ਤਾਏ ਦਾ ਪੁੱਤਰ ਦਰਸ਼ਨ ਮੌਕੇ ’ਤੇ ਪਹੁੰਚੇ ਅਤੇ ਬਚਾਅ ਕੀਤਾ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।