ਪੱਤਰ ਪ੍ਰੇਰਕ
ਯਮੁਨਾਨਗਰ, 29 ਅਗਸਤ
ਜ਼ਿਲ੍ਹਾ ਯਮੁਨਾਨਗਰ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਆਂਕੜਾ ਲਗਾਤਾਰ ਵੱਧ ਰਿਹਾ ਹੈ। ਅੱਜ 85 ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਸਿਵਲ ਸਰਜਨ ਡਾ. ਵਿਜੈ ਦਹੀਆ ਨੇ ਦੱਸਿਆ ਕਿ 2006 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ 676 ਮਰੀਜ਼ ਯਮੁਨਾਨਗਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਉਨ੍ਹਾਂ ਨੇ ਲੋਕਾਂ ਨੂੰ ਗ੍ਰਹਿ ਮੰਤਰੀ ਹਰਿਆਣਾ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਅਤੇ ਦੱਸਿਆ ਕਿ ਸਰਕਾਰ ਵੱਲੋਂ ਧਾਰਮਿਕ, ਸਮਾਜਿਕ, ਅਤੇ ਰਾਜਨੀਤਕ ਸਮਾਗਮਾਂ ਵਿੱਚ ਭੀੜ ਇੱਕਠੀ ਕਰਨ ’ਤੇ ਪਾਬੰਦੀ ਲਗਾਈ ਗਈ ਹੈ।
ਜੀਂਦ ਜ਼ਿਲ੍ਹੇ ’ਚ 48 ਘੰਟਿਆਂ ਦੌਰਾਨ 91 ਨਵੇਂ ਪਾਜ਼ੇਟਿਵ ਕੇਸ
ਜੀਂਦ (ਪੱਤਰ ਪ੍ਰੇਰਕ): ਜੀਂਦ ਜ਼ਿਲ੍ਹੇ ’ਚ ਪਿਛਲੇ 48 ਘੰਟਿਆਂ ਵਿੱਚ 91 ਮਰੀਜ਼ ਕਰੋਨਾ ਪਾਜ਼ੇਟਿਵ ਮਿਲੇ ਹਨ। ਜ਼ਿਲ੍ਹੇ ਵਿੱਚ ਦੋ ਦਿਨਾਂ ਵਿੱਚ ਆਏ 91 ਮਾਮਲਿਆਂ ਨੂੰ ਲੈ ਕੇ ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਕਟਾਰੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵਧਾਈ ਗਈ ਸੈਂਪਲਿੰਗ ਕਾਰਨ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ ਦੋ ਦਿਨਾਂ ਵਿੱਚ ਆਏ 91 ਮਾਮਲਿਆਂ ਵਿੱਚ 40 ਮਾਮਲੇ ਇਕੱਲੇ ਨਰਵਾਣਾ ਉਪ ਮੰਡਲ ਦੇ ਹਨ। ਬਾਕੀ ਦੇ ਮਾਮਲੇ ਪਿੰਡ ਖਾਂਡਾ, ਉਝਾਨਾ ਅਤੇ ਪਿੱਪਲਥਾ ਆਦਿ ਪਿੰਡਾਂ ਦੇ ਹਨ, ਜਦੋਂਕਿ 7 ਮਾਮਲੇ ਜੀਂਦ ਦੇ ਹਨ। ਕਰੋਨਾ ਮਹਾਂਮਾਰੀ ਨੂੰ ਲੈਕੇ ਡੀਸੀ ਡਾ. ਆਦਿਤਯ ਦਹੀਆ ਨੇ ਕਿਹਾ ਕਿ ਸਫੀਦੋਂ ਸ਼ਹਿਰ ਵਿੱਚ ਕਰੋਨਾ ਦੇ ਵੱਧ ਮਾਮਲੇ ਮਿਲਣ ਮਗਰੋਂ ਉਸ ਇਲਾਕੇ ਨੂੰ ਕੰਟੇਨਮੈਂਟ ਅਤੇ ਬਫਰ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ।
13 ਨਵੇਂ ਕੇਸ ਆਉਣ ਨਾਲ ਗਿਣਤੀ 863 ਪੁੱਜੀ
ਟੋਹਾਣਾ (ਪੱਤਰ ਪ੍ਰੇਰਕ): ਫਤਿਹਾਬਾਦ ਜ਼ਿਲ੍ਹੇ ਵਿੱਚ ਸ਼ਾਮ ਚਾਰ ਵਜੇ ਤੱਕ ਮਿਲੀ ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ 13 ਨਵੇਂ ਕੇਸ ਆਉਣ ’ਤੇ ਜ਼ਿਲ੍ਹੇ ਵਿੱਚ ਗਿਣਤੀ ਵੱਧ ਕੇ 863 ਹੋ ਗਈ ਹੈ। ਜ਼ਿਲ੍ਹੇ ’ਚ ਕਰੋਨਾ ਮਹਾਮਾਰੀ ਨਾਲ 9 ਮੌਤਾਂ ਹੋਈਆਂ ਤੇ ਪੰਜ ਵਿਅਕਤੀ ਹਸਪਤਾਲ ’ਚੋਂ ਕਰੋਨਾ ਨੂੰ ਹਰਾ ਕੇ ਵਾਪਸ ਘਰਾਂ ਨੂੰ ਪਰਤੇ ਹਨ। ਪੰਜ ਵਿਅਕਤੀ ਇਕਾਂਤਵਾਸ ’ਚੋਂ ਸਿਹਤਯਾਬ ਹੋ ਗਏ ਹਨ।