ਸਿਰਸਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਲਈ ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਸੂਬੇ ਵਿੱਚ 15 ਜਨਵਰੀ ਦੀ ਅੱਧੀ ਰਾਤ ਤੋਂ ਨਿੱਜੀ ਖੇਤਰਾਂ ਵਿੱਚ 75 ਫੀਸਦੀ ਕੋਟਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਇਸ ਨਿਯਮ ਦੇ ਲਾਗੂ ਹੋਣ ਨਾਲ ਸੂਬੇ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ। ਕਿਰਤ ਵਿਭਾਗ ਵੱਲੋਂ ਪੋਰਟਲ ਬਣਾਇਆ ਗਿਆ ਹੈ ਤੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਹੈ। ਕੰਪਨੀਆਂ ਤੇ ਨਿੱਜੀ ਅਦਾਰਿਆਂ ਨੂੰ ਆਪਣੇ ਅਦਾਰਿਆਂ ਵਿੱਚ ਆਸਾਮੀਆਂ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਜ਼ਿਕਰਯੋਗ ਹੈ ਕਿ ਉਹ ਅੱਜ ਇਥੇ ਸਿਰਸਾ ਕਲੱਬ ਵਿੱਚ ਢੇਡ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਭਵਨ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੜ ਤੋਂ ਅੰਦੋਲਨ ਦੀ ਦਿੱਤੀ ਗਈ ਚਿਤਾਵਨੀ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਚੋਣਾਂ ਤਾਂ ਲੜ ਲੈਣ ਫਿਰ ਧਰਨਾ ਦੇ ਲੈਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪਹਿਲਾਂ ਹੀ ਇੱਛਾ ਚੋਣਾਂ ਲੜਨ ਦੀ ਸੀ। ਇਸ ਮੌਕੇ ਉਨ੍ਹਾਂ ਆਖਿਆ ਕਿ ਪੰਜਾਬ, ਯੂਪੀ ਤੇ ਉਤਰਾਖੰਡ ਸੂਬਿਆਂ ਵਿੱਚ ਦਿਲਚਸਪ ਚੋਣਾਂ ਹੋਣ ਵਾਲੀਆਂ ਹਨ। ਲੋੜ ਪਈ ਤਾਂ ਉਹ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਣਗੇ। ਇਸ ਮੌਕੇ ’ਤੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਤੋਂ ਇਲਾਵਾ ਸਿਰਸਾ ਕਲੱਬ ਦੇ ਆਹੁਦੇਦਾਰ ਤੇ ਮੈਂਬਰ ਵੀ ਮੌਜੂਦ ਸਨ।