ਕੇ.ਕੇ. ਬਾਂਸਲ
ਰਤੀਆ, 4 ਜੁਲਾਈ
ਖੇਤੀ ਬਚਾਓ ਸੰਘਰਸ਼ ਸਮਿਤੀ ਹਰਿਆਣਾ ਰਤੀਆ ਦੇ ਕਿਸਾਨਾਂ ਦਾ ਵਫ਼ਦ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ ਪਹੁੰਚਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵਫ਼ਦ ਦਾ ਭਰਵਾਂ ਸੁਆਗਤ ਕੀਤਾ। ਦੱਸਣਯੋਗ ਹੈ ਕਿ ਇਸ ਸਮਿਤੀ ਵੱਲੋਂ ਟਿਕਰੀ ਬਾਰਡਰ ਮੋਰਚੇ ਵਿੱਚ ਪਿਛਲੇ 7 ਮਹੀਨਿਆਂ ਤੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਅੱਜ ਕਿਸਾਨ ਮੋਰਚੇ ਦੀ ਸਟੇਜ ਸਕੱਤਰ ਜਸਵੀਰ ਕੌਰ ਨੱਤ, ਜੋਗਿੰਦਰ ਨੈਨ, ਪ੍ਰਸ਼ੋਤਮ ਗਿੱਲ ਵੱਲੋਂ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਮਿਤੀ ਦੇ ਪ੍ਰਧਾਨ ਜਰਨੈਲ ਸਿੰਘ ਮੱਲਾਵਾਲਾ, ਵਿੱਤ ਸਕੱਤਰ ਰਾਜਵਿੰਦਰ ਸਿੰਘ ਚਹਿਲ, ਸਰਪੰਚ ਬਲਵਿੰਦਰ ਸਿੰਘ ਲਠੇਰਾ, ਬਹਾਦਰ ਸਿੰਘ, ਜਲੌਰ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਹਾਸਲ ਕਰਨ ਮਗਰੋਂ ਜਰਨੈਲ ਸਿੰਘ ਮੱਲਾਂਵਾਲਾ ਨੇ ਕਿਹਾ ਕਿ ਇਹ ਸਨਮਾਨ ਜ਼ਿਲ੍ਹਾ ਫਤਿਆਬਾਦ ਦੇ ਸਮੂਹ ਕਿਸਾਨਾਂ ਦਾ ਸਨਮਾਨ ਹੈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਆਪਣੇ ਹੰਕਾਰ ਕਰਕੇ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਸੰਘਰਸ਼ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਮੰਤਰੀਆਂ ਦੀਆ ਸ਼ਕਤੀਆਂ ਸਿਰਫ਼ ਇਕ ਹੀ ਵਿਅਕਤੀ ਕੋਲ ਕੇਂਦਰਿਤ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਵਧਦਾ ਦੇਖ ਕੇ ਕੇਂਦਰ ਸਰਕਾਰ ਘਬਰਾਈ ਹੋਈ ਹੈ ਤੇ ਨਿੱਤ ਨਵੀਆਂ ਚਾਲਾਂ ਚੱਲ ਕੇ ਇਸ ਮੋਰਚੇ ਨੂੰ ਢੇਰੀ ਕਰਨਾ ਚਾਹ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਹਾਰ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਇਹ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਕੇਂਦਰ ਦੀ ਗੱਦੀ ਲੋਕਾਂ ਨੂੰ ਮੋੜ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਦੇਸ਼ ਵਾਸੀ ਪੂਰੀ ਤਰ੍ਹਾਂ ਇੱਕਜੁੱਟ ਹਨ ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਅਸਫ਼ਲ ਹੋਣਗੀਆਂ। ਅਖੀਰ ’ਚ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀ ਹੱਠਧਰਮੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਕਰਵਾਉਣ ਤੱਕ ਮੋਰਚਾ ਜਾਰੀ ਰਹੇਗਾ ਕਿਉਂਕਿ ਇਹ ਕਾਨੂੰਨ ਸਮੁੱਚੇ ਦੇਸ਼ ਵਾਸੀਆਂ ਦੇ ਵਿਰੋਧੀ ਕਾਨੂੰਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਇਹ ਅੰਦੋਲਨ ਚੜ੍ਹਦੀ ਕਲਾ ’ਚ ਹੈ ਤੇ ਹੁਣ ਅਗਲੇ ਛੇ ਮਹੀਨਿਆਂ ਦੀ ਤਿਆਰੀ ਲਈ ਲਾਮਬੰਦੀ ਕਰਨ ਵਾਸਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।