ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਪਰੈਲ
ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸਰਕਾਰ ਨੇ ਸਿਹਤ ਸੇਵਾਵਾਂ ਵੱਲ ਧਿਆਨ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਰੱਖਣ ਲਈ ਯਤਨ ਕੀਤੇ। ਅੱਜ ਵੀ ਭਾਜਪਾ ਲਈ ਚੋਣਾਂ ਮਹੱਤਵਪੂਰਨ ਹਨ ਨਾ ਕਿ ਲੋਕਾਂ ਦੀ ਸਿਹਤ। ਭਾਜਪਾ ਕੋਲ ਇਕ ਬਦਲਾਅ ਹੈ ਕਿ ਉਹ ਚੋਣ ਰੈਲੀ ਕਰੇ ਜਾਂ ਨਾ ਪਰ ਕਿਸਾਨਾਂ ਕੋਲ ਵਿਰੋਧ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਜੇ ਸਰਕਾਰ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਤੇ ਐੱਮਐੱਸਪੀ ’ਤੇ ਕੋਈ ਕਾਨੂੰਨ ਲਾਗੂ ਕਰਦੀ ਹੈ ਤਾਂ ਹੀ ਕਿਸਾਨ ਆਪਣਾ ਵਿਰੋਧ ਵਾਪਸ ਲੈਣਗੇ।
ਅੱਜ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਰੋਨਾ ਨਾਲ ਲੜਨ ਵਿਚ ਅਸਫ਼ਲ ਰਹੀ ਹੈ। ਕਰੋਨਾ ਮਹਾਮਾਰੀ ਪਿਛਲੀ ਵਾਰ ਵੀ ਕਿਸਾਨਾਂ ਵਿਰੁੱਧ ਵਰਤੀ ਗਈ ਸੀ ਤੇ ਹੁਣ ਵੀ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਫ਼ੈਸਲਾ ਲਿਆ ਗਿਆ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸਥਾਨਾਂ ’ਤੇ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ। ਮਾਸਕ ਤੇ ਹੋਰ ਜ਼ਰੂਰੀ ਉਪਕਰਨ ਕਿਸਾਨਾਂ ਨੂੰ ਵੰਡੇ ਜਾਣਗੇ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਧਰਨੇ ਦੇ ਆਸ ਪਾਸ ਟੀਕਾਕਰਨ ਕੇਂਦਰ ਸਥਾਪਤ ਕੀਤੇ ਹਨ, ਜਿਥੇ ਕਿਸਾਨ ਜਾ ਕੇ ਟੀਕਾ ਲਗਵਾ ਸਕਦੇ ਹਨ। ਲੱਛਣਾਂ ਨੂੰ ਵੇਖਣ ਤੋਂ ਬਾਅਦ ਕਿਸਾਨ ਕੋਵਿਡ ਟੈਸਟ ਕਰਵਾਉਣਗੇ।
ਕਰੋਨਾ ਨਿਯਮਾਂ ਦੀ ਪਾਲਣਾਂ ਕਰਨਗੇ ਕਿਸਾਨ
ਗਾਜ਼ੀਪੁਰ ਦੀ ਹੱਦ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਕਮੇਟੀ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਸਿਹਤ ਵਿਭਾਗ ਜਾਂ ਭਾਰਤ ਸਰਕਾਰ ਵੱਲੋਂ ਕਰੋਨਾ ਦੇ ਸਬੰਧ ਵਿਚ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ, ਜੋ ਵੀ ਸਾਵਧਾਨੀ ਮਾਸਕ, ਸੈਨੇਟਾਈਜ਼ਰ, ਸਮਾਜਿਕ ਦੂਰੀ ਆਦਿ ਦੀ ਪਾਲਣਾ ਕੀਤੀ ਜਾਵੇਗੀ ਪਰ ਕਿਸਾਨ ਕਿਸੇ ਵੀ ਕੀਮਤ ’ਤੇ ਅੰਦੋਲਨ ਵਾਲੀ ਜਗ੍ਹਾ ਤੋਂ ਪਿੱਛੇ ਨਹੀਂ ਹਟਣਗੇ। ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਦੀ ਕੋਈ ਵੀ ਸਰਕਾਰੀ ਸਾਜਿਸ਼, ਜਿਸ ਨੂੰ ਅੰਦੋਲਨ ਨੂੰ ਤੋੜਨ ਜਾਂ ਅੰਦੋਲਨ ਨੂੰ ਦਬਾਉਣ ਲਈ ਬਣਾਈ ਗਈ ਹੈ, ਯੋਜਨਾਬੱਧ ਤਰੀਕੇ ਨਾਲ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।