ਫਰੀਦਾਬਾਦ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ ਜ਼ਿਆਦਾਤਰ ਕਲੋਨੀਆਂ ਵਿੱਚ ਹੈ। ਸੰਜੇ ਗਾਂਧੀ ਮੈਮੋਰੀਅਲ ਨਗਰ, ਗੋਪੀ ਕਲੋਨੀ, ਚਾਵਲਾ ਕਲੋਨੀ (ਬੱਲਭਗੜ੍ਹ), ਡਬੂਆ ਕਲੋਨੀ, ਐਨਆਈਟੀ ਦੇ 2 ਨੰਬਰ ਇਲਾਕੇ ਵਿੱਚੋਂ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ। ਜਾਂਚ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 276 ਨਵੇਂ ਮਰੀਜ਼ ਮਿਲੇ ਹਨ ਤੇ 182 ਮਰੀਜ਼ਾਂ ਨੂੰ ਅੱਜ ਤੰਦਰੁਸਤ ਹੋਣ ’ਤੇ ਘਰ ਭੇਜਿਆ ਗਿਆ ਹੈ। ਤੰਦਰੁਸਤ ਹੋਣ ਦੀ ਦਰ 90.8 ਫ਼ੀਸਦ ਹੈ। ਪਿਛਲੇ 24 ਘੰਟਿਆਂ ਵਿੱਚ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਵਿੱਚ 2 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦਾ ਅੰਕੜਾ ਹੁਣ 178 ’ਤੇ ਪਹੁੰਚ ਗਿਆ ਹੈ। ਮ੍ਰਿਤਕਾਂ ਵਿਚ ਐਨਆਈਟੀ 2 ਦਾ 70 ਸਾਲਾ ਬਜ਼ੁਰਗ ਅਤੇ ਸੰਜੇ ਕਲੋਨੀ ਦਾ 48 ਸਾਲਾ ਵਿਅਕਤੀ ਸ਼ਾਮਲ ਹੈ।
ਯਮੁਨਾਨਗਰ (ਪੱਤਰ ਪ੍ਰੇਰਕ): ਯਮੁਨਾਨਗਰ ਵਿੱਚ ਅੱਜ ਚਾਰ ਹੋਰ ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋ ਗਈ ਜਦਕਿ 105 ਨਵੇਂ ਕੇਸ ਮਿਲੇ ਹਨ। ਸਿਵਲ ਸਰਜਨ ਡਾ. ਵਿਜੈ ਦਹੀਆ ਨੇ ਦੱਸਿਆ ਕਿ ਹੁਣ ਤੱਕ 2321 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ । ਉਨ੍ਹਾਂ ਦੱਸਿਆ ਕਿ ਨਵੇਂ ਮਾਮਲੇ ਕਰੋਨਾ ਪਾਜ਼ੇਟਿਵ ਲੋਕਾਂ ਦੇ ਸੰਪਰਕ ਵਿੱਚ ਆਉਣ ਕਰਕੇ ਸਾਹਮਣੇ ਆਏ ਹਨ।
ਟੋਹਾਣਾ (ਪੱਤਰ ਪ੍ਰੇਰਕ): ਐੱਸਪੀ ਦਫ਼ਤਰ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਵਿੱਚੋਂ 5 ਦੇ ਟੈਸਟ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਅੱਜ 44 ਪੁਲੀਸ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿੱਚ 73 ਨਵੇਂ ਕੇਸ ਆਉਣ ਨਾਲ ਮਰੀਜ਼ਾਂ ਦੀ ਗਿਣਤੀ 1138 ਤੇ ਮੌਤਾਂ ਦਾ ਅੰਕੜਾ 15 ਤੱਕ ਪੁੱਜ ਗਿਆ ਹੈ।