ਪੱਤਰ ਪ੍ਰੇਰਕ
ਯਮੁਨਾਨਗਰ, 25 ਜੂਨ
ਤਾਜੇਵਾਲਾ ‘ਚ ਅੱਜ ਆਵਾਰਾ ਕੁੱਤਿਆਂ ਵੱਲੋਂ 50 ਭੇਡਾਂ ਅਤੇ ਬੱਕਰੀਆਂ ਨੂੰ ਵੱਢਣ ਕਾਰਨ 32 ਭੇਡਾਂ ਅਤੇ ਛੇ ਬੱਕਰੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਆਵਾਰਾ ਕੁੱਤਿਆਂ ਨੇ ਵਾੜੇ ‘ਚ ਰੱਖੀਆਂ ਭੇਡਾਂ ਅਤੇ ਬੱਕਰੀਆਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ 32 ਭੇਡਾਂ ਅਤੇ ਛੇ ਬੱਕਰੀਆਂ ਦੀ ਮੌਤ ਹੋ ਗਈ ਜਦਕਿ 15 ਭੇਡਾਂ ਜ਼ਖਮੀ ਹੋ ਗਈਆਂ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਤਾਜੇਵਾਲਾ ਦਾ ਰਹਿਣ ਵਾਲਾ ਸੁਰੇਸ਼ ਕੁਮਾਰ ਭੇਡਾਂ-ਬੱਕਰੀਆਂ ਪਾਲਦਾ ਹੈ। ਉਸ ਨੇ 80 ਭੇਡਾਂ-ਬੱਕਰੀਆਂ ਰੱਖੀਆਂ ਸਨ। ਸਵੇਰ ਤੋਂ ਮੀਂਹ ਪੈਣ ਕਾਰਨ ਸਾਰੇ ਆਪੋ-ਆਪਣੇ ਘਰਾਂ ਵਿੱਚ ਸਨ। ਇਸ ਦੌਰਾਨ ਉਸ ਨੇ 10 ਕੁੱਤਿਆਂ ਦਾ ਇੱਕ ਝੁੰਡ ਵਾੜੇ ‘ਚ ਦਾਖਲ ਹੁੰਦਿਆਂ ਦੇਖਿਆ। ਸੁਰੇਸ਼ ਦੇ ਰੌਲਾ ਪਾਉਣ ‘ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕੁੱਤਿਆਂ ਨੂੰ ਭਜਾਇਆ। ਉਦੋਂ ਤੱਕ 47 ਭੇਡਾਂ ਅਤੇ ਛੇ ਬੱਕਰੀਆਂ ਜ਼ਖਮੀ ਹੋ ਚੁੱਕੀਆਂ ਸਨ। ਸੂਚਨਾ ਮਿਲਣ ‘ਤੇ ਵੈਟਰਨਰੀ ਸਰਜਨ ਪ੍ਰਸ਼ਾਂਤ ਤਿਵਾੜੀ ਟੀਮ ਨਾਲ ਪਿੰਡ ਪੁੱਜੇ। ਉਨ੍ਹਾਂ ਦੱਸਿਆ ਕਿ 32 ਭੇਡਾਂ ਅਤੇ ਛੇ ਬੱਕਰੀਆਂ ਮਰ ਗਈਆਂ ਹਨ ਅਤੇ 15 ਭੇਡਾਂ ਜ਼ਖਮੀ ਹਨ। ਪਸ਼ੂ ਪਾਲਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਿੰਡ ਦੇ ਸਰਪੰਚ ਦੇ ਨੁਮਾਇੰਦੇ ਜ਼ਾਕਿਰ ਹੁਸੈਨ ਨੇ ਦੱਸਿਆ ਕਿ ਇਸ ਤਰ੍ਹਾਂ ਆਵਾਰਾ ਕੁੱਤੇ ਬੱਚਿਆਂ ‘ਤੇ ਵੀ ਹਮਲਾ ਕਰ ਸਕਦੇ ਹਨ। ਇਸ ਬਾਰੇ ਪਿੰਡ ਦੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਦੂਜੇ ਪਾਸੇ ਪ੍ਰਤਾਪਨਗਰ ਥਾਣਾ ਇੰਚਾਰਜ ਰਾਕੇਸ਼ ਰਾਣਾ ਨੇ ਦੱਸਿਆ ਕਿ ਤਾਜੇਵਾਲਾ ਵਿੱਚ ਆਵਾਰਾ ਕੁੱਤਿਆਂ ਵੱਲੋਂ ਭੇਡਾਂ-ਬੱਕਰੀਆਂ ਨੂੰ ਵੱਢਣ ਦੀ ਸੂਚਨਾ ਮਿਲੀ ਸੀ। ਪੁਲੀਸ ਵੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।