ਪੱਤਰ ਪ੍ਰੇਰਕ
ਫਰੀਦਾਬਾਦ, 17 ਜੁਲਾਈ
ਲਕਸ਼ਯ ਰੇਡੋਨੀਅਰ ਨੇ 200 ਕਿਲੋਮੀਟਰ ਸਾਈਕਲ ਰਾਈਡਿੰਗ ਈਵੈਂਟ ਕਰਵਾਇਆ। ਇਸ ਸਮਾਗਮ ਦਾ ਪ੍ਰਬੰਧ ਵਿਗਜ਼ ਆਨ ਵ੍ਹੀਲਜ਼ ਦੇ ਨਿਰਦੇਸ਼ਕ ਭਵਿਆ ਕੌਸ਼ਕ ਨੇ ਕੀਤਾ, ਜੋ ਸੈਕਟਰ-10 ਫਰੀਦਾਬਾਦ ਵਿੱਚ ਸ਼ੁਰੂ ਹੋਇਆ। ਇਸ ਮੌਕੇ ਹਾਜ਼ਰ ਸਾਈਕਲਿਸਟਾਂ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ| ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ’ਚ ਵੀ ਕਮੀ ਆਵੇਗੀ। ਸਾਈਕਲ ਕਾਰਨ ਜਾਮ ਨਹੀਂ ਲੱਗਦਾ, ਜਿਸ ਨਾਲ ਯਾਤਰਾ ਦੇ ਸਮੇਂ ਦੀ ਬਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਘੱਟ ਤੋਂ ਘੱਟ ਦੂਰੀ ਅਤੇ ਛੋਟੇ ਤੋਂ ਛੋਟੇ ਕੰਮ ਲਈ ਪੈਦਲ ਜਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਭਵਿਆ ਕੌਸ਼ਿਕ ਅਤੇ ਸਤੀਸ਼ ਕੁਮਾਰ ਅਦਲੱਖਾ ਨੇ ਦੱਸਿਆ ਕਿ ਸਾਈਕਲ ਚਲਾਉਣ ਨਾਲ ਨਾ ਸਿਰਫ਼ ਅਸੀਂ ਤੰਦਰੁਸਤ ਰਹਿੰਦੇ ਹਾਂ, ਸਗੋਂ ਸਾਡਾ ਵਾਤਾਵਰਨ ਵੀ ਤੰਦਰੁਸਤ ਰਹਿੰਦਾ ਹੈ। ਸਾਈਕਲ ਰਾਈਡਿੰਗ ਦਾ ਮਕਸਦ ਲੋਕਾਂ ਨੂੰ ਸਾਈਕਲ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਸੀ। ਇਹ ਸਾਈਕਲ ਰਾਈਡਿੰਗ ਫਰੀਦਾਬਾਦ ਦੇ ਸੈਕਟਰ-10 ਤੋਂ ਸ਼ੁਰੂ ਹੋ ਕੇ ਕੋਸੀ ਕਲਾ ਮਥੁਰਾ ਪਹੁੰਚੀ ਤੇ ਫਿਰ ਫਰੀਦਾਬਾਦ ਵਿੱਚ ਹੀ ਸਮਾਪਤ ਹੋਈ। ਇਸ ਵਿੱਚ ਦਿੱਲੀ, ਗੁਰੂਗ੍ਰਾਮ, ਗਾਜ਼ੀਆਬਾਦ, ਪੰਜਾਬ, ਆਗਰਾ ਅਤੇ ਹੋਰ ਕਈ ਰਾਜਾਂ ਤੋਂ 30 ਤੋਂ ਵੱਧ ਕੌਮਾਂਤਰੀ ਪੱਧਰ ਦੇ ਸਾਈਕਲ ਰਾਈਡਰਾਂ ਨੇ ਭਾਗ ਲਿਆ।