ਯਮੁਨਾਨਗਰ (ਦੇਵਿੰਦਰ ਸਿੰਘ): ਜ਼ਿਲ੍ਹੇ ਵਿੱਚ ਕਰੋਨਾ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 72 ਕਰੋਨਾ ਪਾਜ਼ੇਟਿਵ ਦੇ ਨਵੇਂ ਮਾਮਲੇ ਆਏ ਹਨ। ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁੱਣ ਤੱਕ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕੁੱਲ 711 ਕਰੋਨਾ ਮਰੀਜ਼ ਹਨ, ਜਿਨ੍ਹਾਂ ਵਿੱਚੋਂ 17 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਹਨ ਅਤੇ 486 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 3122 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਅਤੇ ਰਿਕਵਰੀ ਰੇਟ 77 ਫੀਸਦੀ ਹੈ।
ਕਰੋਨਾ ਪੀੜਤ ਦੀ ਮੌਤ ਮਗਰੋਂ ਪੰਚਾਇਤ ਤੇ ਸਿਹਤ ਵਿਭਾਗ ਆਹਮੋ-ਸਾਹਮਣੇ
ਟੋਹਾਣਾ (ਗੁਰਦੀਪ ਸਿੰਘ ਭੱਟੀ): ਜ਼ਿਲ੍ਹੇ ਦੇ ਪਿੰਡ ਸਨਿਆਨਾ ਦੀ ਕਰੋਨਾ ਪੀੜਤ 80 ਸਾਲਾ ਔਰਤ ਦੀ ਅਗੋਰਹਾ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਔਰਤ ਮੂਲਰੂਪ ਵਿੱਚ ਪਾਨੀਪਤ ਸ਼ਹਿਰ ਨਾਲ ਸਬੰਧਤ ਸੀ ਤੇ ਚੂਕਣੇ ਦੀ ਤਕਲੀਫ਼ ਹੋਣ ’ਤੇ ਪਿੰਡ ਸਨਿਆਨਾ ਵਿੱਚ ਆਪਣੇ ਪੁੱਤਰ ਕੋਲ ਆ ਕੇ ਰਹਿੰਦੀ ਸੀ। ਸਰਪੰਚ ਪਤੀ ਵੱਲੋਂ ਉਸ ਦਾ ਸਸਕਾਰ ਪਿੰਡ ਵਿੱਚ ਕਰਨ ਤੋਂ ਮਨ੍ਹਾ ਕਰਨ ’ਤੇ ਸਿਹਤ ਮਹਿਕਮੇ ਤੇ ਉਸ ਵਿਚਕਾਰ ਲੰਬੀ ਬਹਿਸ ਹੋਈ। ਬਾਅਦ ਵਿੱਚ ਪਿੰਡ ਵਿੱਚ ਹੀ ਸਸਕਾਰ ’ਤੇ ਸਹਿਮਤੀ ਬਨਣ ਮਗਰੋਂ ਸਿਹਤ ਮਹਿਕਮੇ ਦੀ ਟੀਮਾਂ ਨੇ ਅੰਤਿਮ ਰਸਮਾਂ ਨਿਭਾਈਆਂ। ਕਰੋਨਾ ਨਾਲ 24ਵੀਂ ਮੌਤ ਸੀ ਤੇ ਅੱਜ 42 ਨਵੇਂਂ ਕੇਸ ਆਏ। ਡੀਸੀ ਦਫ਼ਤਰ ਦੇ ਡਿਪਟੀ ਸੁਪਰੀਡੈਂਟ ਕਰੋਨਾ ਪੀੜਤ ਮਿਲੇ ਹਨ। ਹੁੱਡਾ ਸੈਕਟਰ ਵਿੱਚ 1, ਪੁਲੀਸ ਲਾਈਨ ਵਿੱਚ 1, ਥਾਣਾ ਫਤਿਹਬਾਦ ਵਿੱਚ 1, ਬਾਕੀ ਕੇਸ ਦਿਹਾਤੀ ਤੇ ਸ਼ਹਿਰ ਦੀਆਂ ਸੰਘਣੀਆਂ ਆਬਾਦੀ ਵਾਲੀਆਂ ਕਲੋਨੀਆਂ ਵਿੱਚ ਮਿਲੇ ਹਨ।