ਪੱਤਰ ਪ੍ਰੇਰਕ
ਯਮੁਨਾਨਗਰ, 18 ਅਪਰੈਲ
ਅਸਾਮ ਦੇ ਸ਼ਿਲਾਂਗ ਵਿੱਚ ਨੈਸ਼ਨਲ ਹਾਈਵੇਅ ਬਣਾਉਣ ਲਈ ਟਰੈਕਟਰ ਅਤੇ ਬੁਲਡੋਜ਼ਰ ਵੇਚਣ ਦੇ ਨਾਂ ‘ਤੇ ਸੈਕਟਰ- 17 ਸਥਿਤ ਬੀਸੀਸੀ ਬਿਲਡਟੈਕ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ 16 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਹੈ। ਇਹ ਦੋਸ਼ ਜੌਹਨਡੀਅਰ ਟਰੈਕਟਰ ਦੀ ਅਧਿਕਾਰਤ ਏਜੰਸੀ ਦੇ ਡੀਲਰ ਜੋੜੇ ’ਤੇ ਲਗਾਇਆ ਗਿਆ ਹੈ। ਪੁਲੀਸ ਨੇ ਧੋਖਾਧੜੀ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਸੈਕਟਰ-17 ਸਥਿਤ ਬੀਸੀਸੀ ਬਿਲਡਟੈਕ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਜਬੀਰ ਚਾਹਲ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਅਸਾਮ ਦੇ ਸ਼ਿਲਾਂਗ ਵਿੱਚ ਨੈਸ਼ਨਲ ਹਾਈਵੇਅ ਬਣਾਉਣ ਦਾ ਟੈਂਡਰ ਲਿਆ ਹੈ। ਇਸ ਵਿੱਚ ਕੰਪਨੀ ਨੂੰ ਕੰਮ ਲਈ ਟਰੈਕਟਰ ਅਤੇ ਬੁਲਡੋਜ਼ਰ ਦੀ ਲੋੜ ਸੀ। ਉਨ੍ਹਾਂ ਨੇ ਜੌਹਨਡੀਅਰ ਟਰੈਕਟਰ ਦੇ ਅਧਿਕਾਰਤ ਏਜੰਸੀ ਡੀਲਰ ਜੈਕ੍ਰਿਸ਼ਨਾ ਪੁਕੋਨ ਅਤੇ ਉਸ ਦੀ ਪਤਨੀ ਮੋਰੋਮੀ ਪੁਕੋਨ ਨਾਲ ਗੱਲ ਕੀਤੀ। 30 ਅਕਤੂਬਰ 2023 ਨੂੰ 26 ਲੱਖ ਰੁਪਏ ਦੇ ਦੋ ਬੁਲਡੋਜ਼ਰਾਂ ਦੀਆਂ ਕੁਟੇਸ਼ਨਾਂ ਤਿਆਰ ਕਰਕੇ ਦਫ਼ਤਰ ਭੇਜੀਆਂ ਗਈਆਂ। ਕੰਪਨੀ ਨੇ ਟਰੈਕਟਰ ਅਤੇ ਬੁਲਡੋਜ਼ਰ ਖਰੀਦਣ ਸਬੰਧੀ ਪੱਤਰ ਏਜੰਸੀ ਦੇ ਦੱਸੇ ਪਤੇ ਗੁਹਾਟੀ ਅਸਾਮ ’ਤੇ ਭੇਜਿਆ। ਇਸ ਵਿੱਚ ਮੁਲਜ਼ਮ ਜੋੜੇ ਨੇ ਅਦਾਇਗੀ ਭੇਜਣ ਦੀ ਗੱਲ ਕਹੀ ਅਤੇ ਕਿਹਾ ਕਿ ਟਰੈਕਟਰ ਅਤੇ ਬੁਲਡੋਜ਼ਰ ਦਸ ਦਿਨਾਂ ਬਾਅਦ ਪਹੁੰਚਾਇਆ ਜਾਵੇਗਾ। ਮੁਲਜ਼ਮਾਂ ਦੇ ਖਾਤੇ ਵਿੱਚ ਵੱਖਰੇ ਵੱਖਰੇ ਤੌਰ ’ਤੇ ਕੁੱਲ 16 ਲੱਖ ਰੁਪਏ ਭੇਜੇ ਗਏ ਪਰ ਉਨ੍ਹਾਂ ਨੂੰ ਸਮੇਂ ਸਿਰ ਡਿਲਿਵਰੀ ਨਹੀਂ ਦਿੱਤੀ ਗਈ। ਇਸ ਸਬੰਧੀ ਕੰਪਨੀ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਉਥੇ ਵੀ ਕੋਈ ਸੁਣਵਾਈ ਨਹੀਂ ਹੋਈ।