ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਅਪਰੈਲ
ਇਥੇ ਅਪਰਾਧ ਸ਼ਾਖਾ -2 ਦੀ ਟੀਮ ਨੇ ਝਪਟਮਾਰੀ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੋਨੂੰ ਭਾਰਤੀ ਪੁੱਤਰ ਅਮਰਜੀਤ ਭਾਰਤੀ ਸ਼ੇਖਪੁਰਾ ਥਾਣਾ ਜੁਲਕਾ, ਪਟਿਆਲਾ ਵਜੋਂ ਕੀਤੀ ਗਈ ਹੈ। ਪੁਲੀਸ ਦੇ ਬੁਲਾਰੇ ਨਰੇਸ਼ ਕੁਮਾਰ ਨੇ ਦੱਸਿਆ ਕਿ 15 ਅਪਰੈਲ ਨੂੰ ਥਾਣਾ ਝਾਂਸਾਂ ਦੀ ਰਹਿਣ ਵਾਲੀ ਇਕ ਔਰਤ ਨੇ ਪੁਲੀਸ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਤੇ ਉਸ ਦੀ ਭਰਜਾਈ ਆਪਣੇ ਖੇਤਾਂ ’ਚ ਲਸਣ ਪੁੱਟ ਰਹੀਆਂ ਸਨ। ਮਾਰਕੰਡਾਂ ਨਦੀ ਦੇ ਨੇੜੇ ਉਸ ਸਮੇਂ ਇੱਕ ਅਣਪਛਾਤੀ ਕਾਰ ਉਸ ਦੇ ਖੇਤ ਕੋਲ ਆ ਕੇ ਰੁਕੀ ਤੇ ਤਿੰਨ ਨੌਜਵਾਨ ਤੇ ਇਕ ਔਰਤ ਉਸ ਕੋਲ ਆਏ ਤੇ ਪਿਹੋਵਾ ਦਾ ਰਸਤਾ ਪੁੱਛਣ ਲਗੇ। ਉਨ੍ਹਾਂ ਦੋਹਾਂ ਨੂੰ ਗੱਲਾਂ ਵਿੱਚ ਉਲਝਾ ਕੇ ਦੋਵੇਂ ਲੜਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਲੈ ਗਏ। ਥਾਣਾ ਝਾਂਸਾ ਦੇ ਏਐੱਸਆਈ ਨਰਿੰਦਰ ਕੁਮਾਰ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।