ਪੱਤਰ ਪ੍ਰੇਰਕ
ਫਰੀਦਾਬਾਦ, 27 ਸਤੰਬਰ
ਹਰਿਆਣਾ ਦੇ ਉਪ ਮੁੱਖ ਮੰਤਰੀ ਤੇ ਜ਼ਿਲ੍ਹਾ ਫਰੀਦਾਬਾਦ ਲੋਕ ਸੰਪਰਕ ਤੇ ਸ਼ਿਕਾਇਤ ਕਮੇਟੀ ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਹੁੱਡਾ ਸੈਕਟਰ-12 ਦੇ ਹੁੱਡਾ ਕਨਵੈਨਸ਼ਨ ਹਾਲ ਵਿੱਚ 15 ਸ਼ਿਕਾਇਤਾਂ ਰੱਖੀਆਂ ਗਈਆਂ। ਇਨ੍ਹਾਂ 15 ਸ਼ਿਕਾਇਤਾਂ ਵਿੱਚੋਂ 7 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਨੂੰ ਦੋ ਸ਼ਿਕਾਇਤਾਂ ਦੀ ਜਾਂਚ ਦੇ ਹੁਕਮ ਤੇ ਚਾਰ ਸ਼ਿਕਾਇਤਾਂ ’ਤੇ ਵਿਭਾਗੀ ਅਧਿਕਾਰੀਆਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਅਤੇ ਦੋ ਸ਼ਿਕਾਇਤਾਂ ’ਤੇ ਪ੍ਰਸ਼ਾਸਨਿਕ ਤੇ ਜ਼ਿਲ੍ਹਾ ਲੋਕ ਸੰਪਰਕ ਕਮੇਟੀ ਦੇ ਮੈਂਬਰਾਂ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਜੋ ਅਗਲੀ ਮੀਟਿੰਗ ਵਿੱਚ ਆਪਣੀ ਰਿਪੋਰਟ ਪੇਸ਼ ਕਰਨਗੀਆਂ। ਐੱਨਆਈਟੀ ਦੇ ਵਿਧਾਇਕ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਤੇ ਪਰਿਵਾਰ ਕਮੇਟੀ ਦੀ ਮੀਟਿੰਗ ਵਿੱਚ ਦਿੱਤੀ ਸ਼ਿਕਾਇਤ ’ਤੇ ਦੁਸ਼ਯੰਤ ਚੌਟਾਲਾ, ਡੀਸੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਸੜਕ ਨੂੰ ਦੁਬਾਰਾ ਬਣਾਉਣ ਦਾ ਭਰੋਸਾ ਦਿੱਤਾ। ਸੈਨਿਕ ਕਲੋਨੀ ਦੇ ਸ਼ਿਕਾਇਤ ਨੰਬਰ 6 ਐਡਵੋਕੇਟ ਆਰਐੱਮਐੱਸ ਕੁੰਡੂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਐਸਡੀਐਮ ਦੀ ਪ੍ਰਧਾਨਗੀ ਹੇਠ ਤਿੰਨ ਅਧਿਕਾਰੀਆਂ ਦੀ ਕਮੇਟੀ ਜਾਂਚ ਕਰੇਗੀ। ਇਸੇ ਤਰ੍ਹਾਂ ਗ੍ਰੀਨ ਫੀਲਡ ਕਲੋਨੀ ਦੇ ਵਾਸੀ ਸੇਵਾਮੁਕਤ ਬ੍ਰਿਗੇਡੀਅਰ ਐੱਸਕੇ ਕੌਸ਼ਿਕ ਦੀ ਸ਼ਿਕਾਇਤ ’ਤੇ ਐੱਮਸੀਐੱਫ ਕਮਿਸ਼ਨਰ ਦੀ ਅਗਵਾਈ ਹੇਠ ਸੁਪਰਡੈਂਟ ਇੰਜਨੀਅਰ ਪਬਲਿਕ ਹੈਲਥ ਅਤੇ ਸੁਪਰਡੈਂਟ ਇੰਜਨੀਅਰ ਪੀਡਬਲਿਊਡੀ ਬੀਐਂਡਆਰ ਦੇ ਅਧਿਕਾਰੀਆਂ ਦੀ ਕਮੇਟੀ ਅਗਲੀ ਮੀਟਿੰਗ ਵਿੱਚ ਜਾਂਚ ਸੌਂਪੇਗੀ। ਸੈਕਟਰ-15ਏ ਦੇ ਪਰਸ ਰਾਮ ਦੀ ਸ਼ਿਕਾਇਤ ’ਤੇ ਪੁਲੀਸ ਕਮਿਸ਼ਨਰ ਅਤੇ ਡੀਸੀ ਦੀ ਕਮੇਟੀ ਬਣਾਈ ਗਈ ਜੋ ਤਤਕਾਲੀ ਸਬ ਰਜਿਸਟਰਾਰ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਕੇ ਕਮੇਟੀ ਦੀ ਪੜਤਾਲ ਕਰੇਗੀ।