ਡਾ. ਸਤਿੰਦਰ ਸਿੰਘ
ਵਿਦਿਆਰਥੀ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਅਤੇ ਵਿਦਿਆਰਥੀਆਂ ਵਿੱਚ ਮਨੁੱਖੀ ਗੁਣ ਪੈਦਾ ਕਰਨ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ-ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਨਵਾਂ ਵਿਸ਼ਾ ‘ਸਵਾਗਤ ਜ਼ਿੰਦਗੀ’ ਸ਼ੁਰੂ ਕੀਤਾ ਗਿਆ ਹੈ, ਜਿਸ ਨੇ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣਾਂ ਦੀ ਸਿੱਖਿਆ ’ਚ ਮਹੱਤਤਾ ਸਬੰਧੀ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਸਿੱਖਿਆ ਦੇ ਅਸਲ ਉਦੇਸ਼ ਦੀ ਪੂਰਤੀ ਵੱਲ ਇੱਕ ਕਦਮ ਦੱਸਿਆ ਜਾ ਰਿਹਾ ਹੈ।
ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ। ਅਸੀਂ ਸੰਪੂਰਨ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਜੋ ਵੀ ਰਸਮੀ ਜਾਂ ਗ਼ੈਰ ਰਸਮੀ ਤਰੀਕੇ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਿੱਖਦੇ ਹਾਂ ਜਾਂ ਅਨੁਭਵ ਕਰਦੇ ਹਾਂ ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ। ਇਸ ਨਾਲ ਸਾਡੇ ਗਿਆਨ ਵਿੱਚ ਵਾਧਾ ਅਤੇ ਸੋਚ ਵਿੱਚ ਤਬਦੀਲੀ ਆਉਣ ਦੇ ਨਾਲ ਨਾਲ ਸਾਡੇ ਵਿਵਹਾਰ ਵਿੱਚ ਵੀ ਤਬਦੀਲੀ ਆਉਂਦੀ ਹੈ। ਇਹ ਤਬਦੀਲੀ ਹੀ ਸਾਡੀ ਸ਼ਖ਼ਸੀਅਤ ਦੇ ਨਿਰਮਾਣ ਦਾ ਆਧਾਰ ਹੁੰਦੀ ਹੈ ਪਰ ਮੌਜੂਦਾ ਦੌਰ ਦੀ ਸਿੱਖਿਆ ਪ੍ਰਣਾਲੀ ਵੱਲ ਦੇਖੀਏ ਤਾਂ ਜਿਸ ਸਿੱਖਿਆ ਨੇ ਵਿਦਿਆਰਥੀ ਦੇ ਵਿਅਕਤੀਤਵ ਦਾ ਵਿਕਾਸ ਕਰਨਾ ਸੀ, ਉਸੇ ਸਿੱਖਿਆ ਦੇ ਕਾਰਨ ਖਾਸ ਤੌਰ ’ਤੇ ਪ੍ਰੀਖਿਆ ਦੇ ਦਿਨਾਂ ਜਾਂ ਨਤੀਜਿਆਂ ਦੇ ਦਿਨਾਂ ਵਿੱਚ ਵਿਦਿਆਰਥੀ ਬੇਹੱਦ ਤਣਾਅ ਦਾ ਸਾਹਮਣਾ ਕਰਦੇ ਹਨ ਅਤੇ ਅਨੇਕਾਂ ਵਾਰ ਖੁਦਕੁਸ਼ੀ ਵਰਗਾ ਸਿਖਰਲਾ ਕਦਮ ਚੁੱਕ ਲੈਂਦੇ ਹਨ। ਇਸ ਤੋਂ ਇਲਾਵਾ ਉੱਚ ਡਿਗਰੀਆਂ ਪ੍ਰਾਪਤ ਬਹੁਗਿਣਤੀ ਲੋਕਾਂ ਵਿੱਚ ਵੀ ਨੈਤਿਕ ਗੁਣ ਜਿਸ ਤਰ੍ਹਾਂ ਕਿ ਹਮਦਰਦੀ ਦੀ ਭਾਵਨਾ, ਬਜ਼ੁਰਗਾਂ ਦਾ ਸਤਿਕਾਰ, ਸਹਿਯੋਗ ਦੀ ਭਾਵਨਾ, ਇਮਾਨਦਾਰੀ, ਸੱਚ ਬੋਲਣਾ, ਸੱਚੀ ਕਿਰਤ, ਆਗਿਆਕਾਰੀ ਹੋਣਾ, ਦੂਜਿਆਂ ਦੀ ਲੋੜ ਸਮੇਂ ਮੱਦਦ ਕਰਨਾ, ਅਨੁਸ਼ਾਸਨ, ਧੰਨਵਾਦੀ ਹੋਣਾ, ਜ਼ਿੰਮੇਵਾਰੀ ਦੀ ਭਾਵਨਾ, ਤਿਆਗ ਦੀ ਭਾਵਨਾ, ਨਿਮਰਤਾ, ਪਿਆਰ ਅਤੇ ਚੰਗੇ ਆਚਰਨ ਦੀ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੇ ਨਾਲ ਪੜ੍ਹੇ ਲਿਖੇ ਸਮਾਜ ਵਿੱਚ ਵੀ ਪਦਾਰਥਵਾਦੀ ਸੋਚ ਅਤੇ ਪੈਸੇ ਦੀ ਅੰਨ੍ਹੀ ਦੌੜ ਲੱਗੀ ਨਜ਼ਰ ਆਉਂਦੀ ਹੈ।
ਇਸ ਨੂੰ ਦੇਖਦੇ ਹੋਏ ਹੀ ਸਿੱਖਿਆ ਵਿਭਾਗ ਪੰਜਾਬ ਨੇ ਪਹਿਲਾਂ ਪੜ੍ਹਾਏ ਜਾਂਦੇ ਸਾਰੇ ਵਿਸ਼ਿਆਂ ਦੇ ਨਾਲ ਇੱਕ ਨਵਾਂ ਵਿਸ਼ਾ ‘ਸਵਾਗਤ ਜ਼ਿੰਦਗੀ’ ਜੋੜਿਆ ਹੈ। ਇਹ ਵਿਦਿਆਰਥੀਆਂ ਵਿਚ ਜਿਥੇ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣ ਪੈਦਾ ਕਰ ਕੇ ਉਨ੍ਹਾਂ ਨੂੰ ਚੰਗਾ ਇਨਸਾਨ ਬਣਾਉਣ ਵਿੱਚ ਸਹਾਈ ਹੋਵੇਗਾ, ਉੱਥੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫ਼ਲ ਹੋਣ ਦਾ ਤਰੀਕਾ ਸਿਖਾਉਣ, ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੇ ਨਾਲ ਨਾਲ, ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਪਹਿਚਾਨਣ ਵਿੱਚ ਵੀ ਸਹਾਈ ਹੋਵੇਗਾ। ਮੌਜੂਦਾ ਦੌਰ ਵਿੱਚ ਚੰਗੇ ਡਾਕਟਰ, ਅਧਿਆਪਕ, ਇੰਜਨੀਅਰ, ਵਕੀਲ, ਵਿਗਿਆਨੀ ਪੈਦਾ ਕਰਨ ਤੋਂ ਵੱਧ ਮਹੱਤਵਪੂਰਨ ਚੰਗਾ ਇਨਸਾਨ ਪੈਦਾ ਕਰਨਾ ਹੈ।
ਸਾਡਾ ਸਮਾਜਿਕ ਢਾਂਚਾ ਦਿਨ ਪ੍ਰਤੀ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਵਿੱਚ ਉਪਭੋਗਤਾਵਾਦੀ ਪ੍ਰਵਿਰਤੀ ਭਾਰੂ ਹੁੰਦੀ ਜਾ ਰਹੀ ਹੈ ਅਤੇ ਨੈਤਿਕ ਕਦਰਾਂ ਕੀਮਤਾਂ ਮਨਫ਼ੀ ਹੋ ਰਹੀਆਂ ਹਨ। ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਜਿਸ ਕਦਰ ਨਿੱਤ ਨਵੀਆਂ ਸਮਾਜਿਕ ਬੁਰਾਈਆਂ ਜਨਮ ਲੈ ਰਹੀਆਂ ਹਨ, ਨਸ਼ਿਆਂ ਦਾ ਰੁਝਾਨ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਘਟ ਰਿਹਾ। ਕੁਦਰਤ ਦਾ ਸੰਤੁਲਨ ਤੇਜ਼ੀ ਨਾਲ ਵਿਗੜ ਰਿਹਾ ਹੈ, ਕੰਨਿਆ ਭਰੂਣ ਹੱਤਿਆ ਅਤੇ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਜਿਸ ਕਦਰ ਵਾਪਰ ਰਹੀਆਂ ਹਨ, ਇਸ ਸਭ ਦਾ ਸਿੱਧਾ ਸਬੰਧ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣਾਂ ਵਿੱਚ ਆਈ ਗਿਰਾਵਟ ਨਾਲ ਹੈ।
ਅੱਜ ਮਾਪਿਆਂ ਲਈ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵੱਧਦੀ ਬੇਲੋੜੀ ਵਰਤੋਂ, ਫਾਸਟ ਫੂਡ ਖਾਣ ਦੀ ਆਦਤ, ਸਿੱਖਿਆ ਨਾਲ ਜੋੜਨਾ ਅਤੇ ਜੀਵਨ ਸ਼ੈਲੀ ਵਿੱਚ ਆਏ ਨਾਂਪੱਖੀ ਪ੍ਰਭਾਵਾਂ ਨੂੰ ਘੱਟ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਫ਼ਲਤਾ ਘੱਟ ਹੀ ਮਿਲਦੀ ਨਜ਼ਰ ਆਉਂਦੀ ਹੈ, ਬਲਕਿ ਮਾਤਾ ਪਿਤਾ ਹੀ ਤਣਾਅ ਵਿਚ ਆਏ ਨਜ਼ਰ ਆਉਂਦੇ ਹਨ।
ਨੈਤਿਕ ਕਦਰਾਂ ਕੀਮਤਾਂ ਨਰੋਏ ਸਮਾਜ ਦੀ ਸਿਰਜਣਾ ਲਈ ਬੇਹੱਦ ਜ਼ਰੂਰੀ ਹਨ। ਇਹ ਜ਼ਿੰਦਗੀ ਦੀ ਸਫ਼ਲਤਾ ਦੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਨੈਤਿਕਤਾ ਚੰਗੀ ਜੀਵਨ ਜਾਚ ਲਈ ਅਜਿਹੇ ਨਿਯਮਾਂ ਦਾ ਸਮੂਹ ਹੈ, ਜੋ ਮਨੁੱਖ ਦੀ ਸੋਚ, ਕੰਮ ਅਤੇ ਫ਼ੈਸਲੇ ਚੰਗੇ ਜਾਂ ਮਾੜੇ ਦਾ ਅੰਤਰ ਕਰਦੇ ਹੋਏ ਜੀਵਨ ਦੇ ਤਿੰਨ ਥੰਮ੍ਹ ਅਰਥਾਤ ਆਚਰਨ, ਸੱਚਾ ਗਿਆਨ ਅਤੇ ਵਿਵਹਾਰ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਨੈਤਿਕਤਾ ਅਤੇ ਮਨੁੱਖੀ ਗੁਣ ਬੱਚਾ ਕਿਤਾਬੀ ਗਿਆਨ ਤੋਂ ਵੱਧ ਆਪਣੇ ਆਲੇ ਦੁਆਲੇ ਭਾਵ ਮਾਪਿਆਂ, ਪਰਿਵਾਰ, ਸਮਾਜ ਅਤੇ ਸਕੂਲ ਵਿੱਚ ਅਧਿਆਪਕ ਅਤੇ ਸਾਥੀਆਂ ਤੋਂ ਗ੍ਰਹਿਣ ਕਰਦਾ ਹੈ। ਬੱਚੇ ਨੂੰ ਅਸੀਂ ਜਿਹੋ ਜਿਹਾ ਮਾਹੌਲ ਦੇਵਾਂਗੇ, ਬੱਚਾ ਵੱਡਾ ਹੋ ਕੇ ਉਹੋ ਜਿਹਾ ਹੀ ਇਨਸਾਨ ਬਣੇਗਾ। ਅਰਥਾਤ ਜੋ ਬੀਜਾਂਗੇ, ਉਹੀ ਵੱਢਾਂਗੇ।
ਸਿੱਖਿਆ ਦਾ ਉਦੇਸ਼ ਸਿਰਫ ਸਾਖਰਤਾ ਦਰ ਵਧਾਉਣਾ ਜਾਂ ਸਾਲਾਨਾ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਲੈ ਕੇ ਮੈਰਿਟ ਵਿਚ ਆਉਣਾ ਜਾਂ ਮੈਡੀਕਲ ਇੰਜਨੀਅਰਿੰਗ ਦੇ ਚੰਗੇ ਕਾਲਜਾਂ ਵਿੱਚ ਦਾਖਲਾ ਲੈਣ ਲਈ ਟੈਸਟ ਪਾਸ ਕਰਨ ਲਈ ਹਰ ਸੰਭਵ ਯਤਨ ਕਰਨਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਬਣਨ ਲਈ ਕੌਮੀ ਪੱਧਰ ’ਤੇ ਟੈਸਟ ਅਤੇ ਇੰਟਰਵਿਊ ਵਿੱਚੋਂ ਸਫਲ ਹੋਣਾ ਹੀ ਨਹੀਂ ਬਲਕਿ ਚੰਗਾ ਇਨਸਾਨ ਬਣਨ ਲਈ ਲੋੜੀਂਦੇ ਮਨੁੱਖੀ ਗੁਣਾਂ ਦਾ ਵਿਕਾਸ ਕਰਨਾ ਵੀ ਜ਼ਰੂਰੀ ਹੈ। ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਜੇ ਕਿਤਾਬੀ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਅਤੇ ਮਨੁੱਖੀ ਗੁਣ ਪੈਦਾ ਕਰ ਦੇਈਏ ਤਾਂ ਸਮਾਜ ਵਿਚਲਾ ਤਣਾਅ, ਅਸ਼ਾਂਤੀ ,ਹਿੰਸਾ, ਨਫ਼ਰਤ ਅਤੇ ਜਾਤੀਵਾਦ ਵਰਗੀਆਂ ਭਿਅੰਕਰ ਸਮੱਸਿਆਵਾਂ ਆਪਣੇ ਆਪ ਖਤਮ ਹੋ ਜਾਣਗੀਆਂ।
ਮੌਜੂਦਾ ਸਮੇਂ ਵਿੱਚ ਮਨੁੱਖੀ ਗੁਣਾਂ ਵਿੱਚੋਂ ਸਭ ਤੋਂ ਵੱਡਾ ਗੁਣ ਅਨੁਸ਼ਾਸਨ ਹੈ। ਹਰ ਘਰ ਅਤੇ ਸੰਸਥਾ ਨੂੰ ਅੱਜ ਅਨੁਸ਼ਾਸਨ ਕਾਇਮ ਰੱਖਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਡੇ ਦੇ ਜ਼ੋਰ ਜਾਂ ਦਬਾਅ ਨਾਲ ਬਣਾਇਆ ਅਨੁਸ਼ਾਸਨ ਬਹੁਤ ਦੇਰ ਤੱਕ ਨਹੀਂ ਰਹਿੰਦਾ ਪਰ ਸਵੈ ਇੱਛਤ ਤੌਰ ’ਤੇ ਬਣਿਆ ਅਨੁਸ਼ਾਸਨ ਸਦਾ ਲਈ ਚੰਗੇ ਨਤੀਜੇ ਦਿੰਦਾ ਹੈ। ਸਵੈ-ਇੱਛਤ ਅਨੁਸ਼ਾਸਨ ਚੰਗੇ ਵਿਚਾਰਾਂ ਨਾਲ ਹੀ ਸੰਭਵ ਹੈ, ਜੋ ਗੁਣਾਤਮਕ ਸਿੱਖਿਆ ਰਾਹੀਂ ਹੀ ਪ੍ਰਾਪਤ ਹੋ ਸਕਦੇ ਹਨ।
ਸਾਡੇ ਸਮਾਜ ਵਿੱਚ ਚਰਿੱਤਰ ਨੂੰ ਸਭ ਤੋਂ ਉੱਚਾ ਸਮਝਿਆ ਜਾਂਦਾ ਹੈ। ਇੱਕ ਵਿਦਿਆਰਥੀ ਦੇ ਚਰਿੱਤਰ ਨਿਰਮਾਣ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਚਰਿੱਤਰ ਨਿਰਮਾਣ ਲਈ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਨੈਤਿਕ ਸਿੱਖਿਆ ਮਿਲੇ। ਅੱਜ ਸਮਾਜਿਕ ਢਾਂਚੇ ਦੇ ਹਰ ਖੇਤਰ ਵਿਚ ਚੰਗੀ ਲੀਡਰਸ਼ਿਪ ਨਾ ਦੇ ਬਰਾਬਰ ਹੈ। ਹਰ ਇਨਸਾਨ ਜ਼ਿੰਮੇਵਾਰੀ ਤੋਂ ਭੱਜਦਾ ਹੈ, ਕੰਮ ਨੂੰ ਬੇਵਜ੍ਹਾ ਲਮਕਾਇਆ ਜਾਂਦਾ ਹੈ, ਜਲਦ ਫ਼ੈਸਲੇ ਨਹੀਂ ਲਏ ਜਾਂਦੇ, ਜ਼ਿੰਮੇਵਾਰੀ ਤੋਂ ਬਚਣ ਕਾਰਨ ਫ਼ੈਸਲੇ ਲੈਣ ਤੱਕ ਪ੍ਰਸਥਿਤੀਆਂ ਬਦਲ ਜਾਂਦੀਆਂ ਹਨ ਪਰ ਜੇ ਸਕੂਲ ਵਿੱਚ ਬੱਚੇ ਨੂੰ ਸਹੀ ਸਮੇਂ ’ਤੇ ਜ਼ਿੰਮੇਵਾਰੀ ਅਤੇ ਫ਼ਰਜ਼ ਸਮਝਣ ਦੇ ਬਾਰੇ ਗਿਆਨ ਮਿਲੇਗਾ ਤਾਂ ਉਹ ਬੱਚਾ ਭਵਿੱਖ ਵਿੱਚ ਚੰਗਾ ਲੀਡਰ ਬਣ ਸਕਦਾ ਹੈ।
ਮੌਜੂਦਾ ਦੌਰ ਵਿੱਚ ਸਾਡੀ ਖ਼ੁਰਾਕ ਲੜੀ ਅਸੰਤੁਲਿਤ ਹੋ ਚੁੱਕੀ ਹੈ, ਹਵਾ ਅਤੇ ਪਾਣੀ ਪ੍ਰਦੂਸ਼ਿਤ ਹੈ, ਧਰਤੀ ਵਿੱਚ ਕੀਟਨਾਸ਼ਕ ਅਤੇ ਰਸਾਇਣ ਖਾਦਾਂ ਦੀ ਮਾਤਰਾ ਵਧ ਚੁੱਕੀ ਹੈ, ਕੁਦਰਤ ਦਾ ਸੰਤੁਲਨ ਵਿਗੜ ਚੁੱਕਿਆ ਹੈ, ਅਜਿਹੇ ਹਾਲਾਤ ਵਿੱਚ ਇਨਸਾਨ ਕਿਸ ਤਰ੍ਹਾਂ ਤਾਕਤਵਰ ਅਤੇ ਤੰਦਰੁਸਤ ਹੋ ਸਕਦਾ ਹੈ, ਪਰ ਜੇ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਸਮਾਜ ਨਿਰੋਗ ਹੋਵੇਗਾ।
ਇਸ ਤੋਂ ਇਲਾਵਾ ਸਮੇਂ ਦੀ ਪਾਬੰਦੀ, ਸਿਰਜਣਾਤਮਕ ਸੋਚ, ਦੇਸ਼ ਭਗਤੀ, ਮਾੜੇ ਹਾਲਾਤ ਦਾ ਦਲੇਰੀ ਨਾਲ ਸਾਹਮਣਾ ਕਰਨਾ, ਨਸ਼ਾਖੋਰੀ ਦੇ ਨੁਕਸਾਨ, ਔਰਤ ਜਾਤੀ ਅਤੇ ਵੱਡਿਆਂ ਦੇ ਸਤਿਕਾਰ, ਹਮਦਰਦੀ ਦੀ ਭਾਵਨਾ, ਚੰਗੇ ਉਪਭੋਗਤਾ ਬਣਨਾ ਅਤੇ ਫਾਲਤੂ ਸਮੇਂ ਦਾ ਸਦਉਪਯੋਗ ਕਰਨ ਦੀ ਸਿੱਖਿਆ ਦਾ ਸਕੂਲੀ ਜੀਵਨ ਵਿੱਚ ਹੀ ਮਹੱਤਵ ਸਮਝਾਇਆ ਜਾਵੇ ਤਾਂ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਆਦਰਸ਼ ਨਾਗਰਿਕ ਬਣਨਗੇ ਅਤੇ ਅਨੇਕਾਂ ਸਮਾਜਿਕ ਬੁਰਾਈਆਂ ਵੀ ਸਮਾਜ ਵਿਚੋਂ ਖਤਮ ਹੋਣਗੀਆਂ।
ਸੰਪਰਕ: 98154-27554