ਹਰਕੰਵਲ ਸਿੰਘ ਕੰਗ
ਸਾਊਣ ਤੋਂ ਬਾਅਦ ਭਾਦੋਂ ਦਾ ਮਹੀਨਾ ਦਸਤਕ ਦਿੰਦਾ ਹੈ। ਦੇਸੀ ਸਾਲ ਦਾ ਇਹ ਛੇਵਾਂ ਮਹੀਨਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਜਿਸ ਮਹੀਨੇ ਬੱਚੇ ਦਾ ਜਨਮ ਹੁੰਦਾ, ਉਸ ਮਹੀਨੇ ’ਤੇ ਉਸ ਦਾ ਨਾਂ ਰੱਖ ਲੈਂਦੇ, ਜਿਵੇਂ ਚੇਤ ਸਿੰਘ, ਵਿਸਾਖਾ ਸਿੰਘ, ਜੇਠਾ, ਸਾਉਣ ਸਿਉਂ ਪਰ ਭਾਦੋਂ ਵਿੱਚ ਜੰਮਿਆਂ ਦਾ ਨਾਂ ਕਦੇ ਨਹੀਂ ਸੁਣਿਆ। ਸਾਊਣ ਮਹੀਨੇ ਪੰਜਾਬ ਦੀਆਂ ਧੀਆਂ ਪੇਕਿਆਂ ਵੱਲ ਵਹੀਰਾਂ ਘੱਤ ਦਿੰਦੀਆਂ ਨੇ ਅਤੇ ਭਾਦੋਂ ਚੜ੍ਹਦੀ ਸਾਰ ਊਨ੍ਹਾਂ ਨੂੰ ਆਪਣੇ ਸਹੁਰੇ ਘਰੀਂ ਜਾਣਾ ਪੈਂਦਾ ਹੈ। ਹੁਣ ਭਾਵੇਂ ਸਮਾਂ ਕਰਵਟ ਲੈ ਚੁੱਕਾ ਹੈ ਪਰ ਸਾਡੀ ਲੋਕ ਧਾਰਾ ਵਿੱਚ ਭਾਦੋਂ ਦੇ ਮਹੀਨੇ ਨੂੰ ਵਿਛੋੜਾ ਪਾਊਣ ਵਾਲਾ ਮੰਨਿਆ ਗਿਆ ਹੈ। ਜਿਵੇਂ:
ਸਾਊਣ ਦੀ ਮੈਂ ਵੰਡਾਂ ਸੀਰਨੀ,
ਭਾਦੋ ਚੜ੍ਹਦੀ ਨੂੰ ਅੱਗ ਲੱਗ ਜਾਵੇ,
ਸਾਊਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।
ਭਾਦੋਂ ’ਚ ਭੈਣਾਂ, ਭੈਣਾਂ ਕੋਲੋਂ ਧੀਆਂ ਮਾਵਾਂ ਕੋਲੋਂ ਵਿਛੜ ਜਾਂਦੀਆਂ ਨੇ। ਸਾਊਣ ਮਹੀਨੇ ਦੇ ਤੀਆਂ ਵਾਂਗ ਲੰਘੇ ਦਿਨ ਵਿਛੋੜੇ ਤੋਂ ਪਹਿਲਾਂ ਵਾਰ ਵਾਰ ਯਾਦ ਆਊਂਦੇ ਨੇ।
ਜਦੋਂ ਰੁੱਤਾਂ ਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਭਾਦੋਂ ਵੀ ਸਾਊਣ ਦੀ ਤਰ੍ਹਾਂ ਹੀ ਬਰਸਾਤ ਰੁੱਤ ਦਾ ਮਹੀਨਾ ਹੈ। ਸਾਊਣ ਵਿੱਚ ਜਿੱਥੇ ਹਾੜ੍ਹ, ਜੇਠ ਦੀਆਂ ਤਪਦੀਆਂ ਧੁੱਪਾਂ ਤੋਂ ਮੀਂਹ ਨਾਲ ਰਾਹਤ ਮਿਲਦੀ ਹੈ, ਊੱਥੇ ਭਾਦੋਂ ਵਿੱਚ ਧਰਤੀ ਗਿੱਲੀ-ਸਿੱਲ੍ਹੀ ਹੋਣ ਕਾਰਨ ਮੌਸਮ ਵੀ ਸਿੱਲ੍ਹਾ ਹੋ ਜਾਂਦਾ ਹੈ। ਸਿੱਲ੍ਹੀ ਸਿੱਲ੍ਹੀ ਆਉਂਦੀ ਹਵਾ ਇੱਕ ਤਰ੍ਹਾਂ ਵਿਛੋੜੇ ਦੇ ਅਹਿਸਾਸ ਦਾ ਪ੍ਰਗਟਾਵਾ ਕਰਦੀ ਜਾਪਦੀ ਹੈ। ਇਸ ਮਹੀਨੇ ਮੌਸਮ ਕਈ ਤਰ੍ਹਾਂ ਦੇ ਰੰਗ ਬਦਲਦਾ ਹੈ। ਕਦੇ ਮੀਂਹ ਪੈਣ ਨਾਲ ਰਾਹਤ ਤੇ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ, ਕਦੇ ਤੇਜ਼ ਕੜਕਦੀ ਧੁੱਪ ਪੈਂਦੀ ਹੈ ਤੇ ਕਦੇ ਹਵਾ ਇੱਕ ਦਮ ਬੰਦ ਹੋ ਜਾਂਦੀ ਹੈ। ਕਦੇ ਸਾਹ ਰੁਕਣ ਲੱਗਦਾ ਹੈ ਤੇ ਕਦੇ ਦਿਨ ਛੁਪਣ ਵੇਲੇ ਕਿਸੇ ਪਾਸਿਓਂ ਠੰਢਾ ਬੁੱਲਾ ਤਪਦੇ ਸਰੀਰਾਂ ਨੂੰ ਠਾਰ ਜਾਂਦਾ ਹੈ। ਇਸ ਮਹੀਨੇ ਜਦੋਂ ਕਦੇ ਦਿਨ ਵਿੱਚ ਇਸ ਤਰ੍ਹਾਂ ਮੌਸਮ ਚਾਰ ਵਾਰ ਬਦਲ ਜਾਵੇ ਤਾਂ ਅਜਿਹੇ ਦਿਨ ਨੂੰ ਹੀ ਚੌਮਾਸਾ ਕਹਿ ਦਿੰਦੇ ਹਨ। ਭਾਦੋਂ ਤੋਂ ਅੱਕਿਆ ਜੱਟ ਸਾਧ ਹੋ ਜਾਂਦਾ ਹੈ ਤੇ ਗਲ ਵਿੱਚ ਗੰਢਿਆਂ ਦੀ ਮਾਲਾ ਪਾ ਲੈਂਦਾ ਹੈ। ਜੱਟ ਸਭ ਤੋਂ ਸਖ਼ਤ ਜਾਨ ਇਨਸਾਨ ਮੰਨਿਆ ਜਾਂਦਾ ਹੈ। ਜੇ ਜੱਟ ਸਾਧ ਹੋ ਜਾਂਦਾ ਤਾਂ ਫਿਰ ਦੇਖਣ ਵਾਲੀ ਗੱਲ ਹੈ ਕਿ ਭਾਦੋਂ ਦੀ ਗਰਮੀ ਕਿਹੋ ਜਿਹੀ ਹੁੰਦੀ ਹੋਵੇਗੀ। ਦਰਅਸਲ ਹੁਣ ਸਾਡੀ ਜੀਵਨ ਸ਼ੈਲੀ ਬਦਲ ਚੁੱਕੀ ਹੈ। ਬਿਜਲੀ ਪੱਖੇ, ਕੂਲਰ, ਏਸੀ ਬਹੁਤ ਸਾਰੇ ਐਸ਼ੋ-ਇਸ਼ਰਤ ਦੇ ਸਾਧਨ ਹਾਸਲ ਹਨ।
ਭਾਦੋਂ ਦੇ ਮਹੀਨੇ ਬਾਰੇ ਗੁਰੂ ਅਰਜਨ ਦੇਵ ਜੀ ਬਾਰਾ ਮਾਂਹ ਵਿੱਚ ਮਨੁੱਖ ਰੂਪੀ ਇਸਤਰੀ ਨੂੰ ਪ੍ਰਭੂ ਚਰਨਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦੇ ਨੇ:
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ।।
ਇਸ ਤਰ੍ਹਾਂ ਗੁਰੂ ਅਰਜਨ ਦੇਵ ਮਨੁੱਖੀ ਜਨਮ ਨੂੰ ਸਫਲ ਕਰਨ ਦੀ ਸਿੱਖਿਆ ਦਿੰਦੇ ਹਨ। ਇਸ ਤੋਂ ਇਲਾਵਾ ਹਿੰਦੂ ਧਰਮ ਅਨੁਸਾਰ ਇਸ ਮਹੀਨੇ ਕ੍ਰਿਸ਼ਨ ਭਗਵਾਨ ਦੀ ਪੂਜਾ ਹੁੰਦੀ ਹੈ ਤੇ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਮੰਦਰਾਂ ਤੇ ਘਰਾਂ ਵਿੱਚ ਮਿੱਠੇ ਪਕਵਾਨ ਬਣਾਏ ਜਾਂਦੇ ਹਨ।
ਭਾਦੋਂ ਦੇ ਮਹੀਨੇ ਵਿਸ਼ੇਸ਼ ਤੌਰ ’ਤੇ ਗੁੱਗੇ ਦੀ ਪੂਜਾ ਹੁੰਦੀ ਹੈ। ਇੱਕ ਕਥਾ ਅਨੁਸਾਰ ਬੀਕਾਨੇਰ ਨੇੜੇ ਇੱਕ ਰਾਜੇ ਦੇ ਪੁੱਤਰ ਗੁੱਗਾ ਨੇ ਆਪਣੀ ਮੰਗ ਵਿਆਹੁਣ ਲਈ ਮਾਸੀ ਦੇ ਪੁੱਤਰ ਅਰਜਨ ਤੇ ਸੁਰਜਨ ਮਾਰ ਦਿੱਤੇ ਸਨ। ਇਸ ਮਗਰੋਂ ਊਸ ਦੀ ਮਾਂ ਵਿਯੋਗ ਵਿੱਚ ਚਲੇ ਜਾਂਦੀ ਹੈ। ਉਸ ਦੇ ਵਿਰਲਾਪ ਦੇਖ ਕੇ ਗੁੱਗਾ ਧਰਤੀ ਵਿੱਚ ਸਮਾ ਜਾਂਦਾ ਹੈ। ਉਹ ਨਾਗ ਦੇਵਤਾ ਦਾ ਪੁਜਾਰੀ ਸੀ। ਗੁੱਗੇ ਦੀ ਪੂਜਾ ਇੱਕ ਤਰ੍ਹਾਂ ਨਾਲ ਨਾਗ ਦੇਵਤਾ ਭਾਵ ਸੱਪਾਂ ਦੀ ਪੂਜਾ ਹੁੰਦੀ ਹੈ। ਗੁੱਗੇ ਦੀ ਪੂਜਾ ਦੌਰਾਨ ਸੇਵੀਆਂ ਬਣਦੀਆਂ ਹਨ। ਇਹ ਸੇਵੀਆਂ ਵੱਟਣ ਦੇ ਵੀ ਕਈ ਤਰੀਕੇ ਹਨ। ਆਮ ਤੌਰ ’ਤੇ ਲੋਕ ਮਸ਼ੀਨ ਨਾਲ ਸੇਵੀਆਂ ਵੱਟ ਲੈਂਦੇ ਨੇ ਪਰ ਮੱਥਾ ਟੇਕਣ ਲਈ ਇੱਕ ਕੋਰੀ ਚਾਟੀ ਮੂਧੀ ਮਾਰ ਕੇ ਊਸ ’ਤੇ ਆਟੇ ਦੀਆਂ ਸੇਵੀਆਂ ਵੱਟੀਆਂ ਜਾਂਦੀਆਂ ਹਨ। ਇੱਕ ਵਿਸ਼ੇਸ਼ ਦਿਨ ਜਿਵੇਂ ਕਿ ਨੌਵੀਂ ਅੱਠੇ ਆਦਿ ਨੂੰ ਪਿੰਡਾਂ ਵਿੱਚ ਮਾੜੀਆਂ ’ਤੇ ਮੱਥਾ ਟੇਕਿਆ ਜਾਂਦਾ ਹੈ ਤੇ ਮਿੱਟੀ ਕੱਢੀ ਜਾਂਦੀ ਹੈ। ਮਾੜੀਆਂ ਨੂੰ ਕਈ ਇਲਾਕਿਆਂ ਵਿੱਚ ਮੈੜੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਮੇਲਿਆਂ ’ਤੇ ਹੀ ਕੁਸ਼ਤੀਆਂ ਜਾਂ ਘੋਲਾਂ ਦੇ ਅਖਾੜੇ ਲੱਗਦੇ ਨੇ। ਇੱਥੋਂ ਹੀ ਪੰਜਾਬ ਦੇ ਗਾਮੇ ਤੇ ਦਾਰੇ ਪੈਦਾ ਹੁੰਦੇ ਨੇ। ਪੰਜਾਬ ਦੇ ਪਿੰਡਾਂ ਵਿੱਚ ਮਾੜੀ ’ਤੇ ਭਾਦੋਂ ਦੇ ਮਹੀਨੇ ਵਿਸ਼ੇਸ਼ ਮੇਲੇ ਲੱਗਦੇ ਨੇ। ਇਸ ਤੋਂ ਪਹਿਲਾਂ ਗੁੱਗੇ ਦੇ ਭਗਤ ਪਿੰਡਾਂ ਵਿੱਚ ਵਿਸ਼ੇਸ਼ ਛੜੀ ਘੁਮਾ ਕੇ ਗੁੱਗੇ ਦੇ ਨਾਂ ’ਤੇ ਘਰੋ-ਘਰੀ ਮੰਗਦੇ ਨੇ।
ਅਸਲ ਵਿੱਚ ਧਰਤੀ ਗਿੱਲੀ ਹੋਣ ਕਾਰਨ ਸੱਪ ਬਾਹਰ ਆ ਜਾਂਦੇ ਨੇ ਤੇ ਉਨ੍ਹਾਂ ਦੀ ਦਹਿਸ਼ਤ ਤੇ ਖੌਫ ਤੋਂ ਬਚਣ ਲਈ ਇਹ ਇੱਕ ਤਰ੍ਹਾਂ ਨਾਲ ਲੋਕ ਮਾਨਸਿਕਤਾ ਦਾ ਪ੍ਰਗਟਾਵਾ ਹੈ ਪਰ ਵਿਗਿਆਨਕ ਦਲੀਲਾਂ ਅੱਗੇ ਇਸ ਤਰ੍ਹਾਂ ਦਾ ਕੋਈ ਆਧਾਰ ਨਜ਼ਰ ਨਹੀਂ ਆਊਂਦਾ। ਭਾਦੋਂ ਦੇ ਮਹੀਨੇ ਹੋਰ ਸੱਪ, ਠੂੰਹੇ, ਕੰਨ ਸਲਾਈਆਂ, ਘੁਮਾਰ, ਭੱਬੂ ਕੁੱਤੇ ਕਿਰਲੇ ਤੇ ਹੋਰ ਰੀਂਘਣ ਵਾਲੇ ਜੀਵ ਆਮ ਦਿਖਾਈ ਦਿੰਦੇ ਹਨ। ਇਸ ਰੁੱਤ ਨੂੰ ਕੱਚੀ ਰੁੱਤ ਵੀ ਕਹਿ ਲਿਆ ਜਾਂਦਾ ਹੈ। ਇਸ ਮਹੀਨੇ ਚਮੜੀ ਦੇ ਰੋਗ ਅਤੇ ਪੈਰਾਂ ਨੂੰ ਗੰਦਾ ਪਾਣੀ ਲੱਗਣ ਕਾਰਨ ਕਈ ਪ੍ਰਕਾਰ ਦੇ ਰੋਗ ਲੱਗਦੇ ਹਨ। ਕਈ ਵਾਰ ਪੇਟ ਦੇ ਰੋਗਾਂ ਤੇ ਅੰਤੜੀਆਂ ਦੀ ਮਾਰ ਵੀ ਪੈ ਜਾਂਦੀ ਹੈ।
ਪੰਜਾਬ ਵਿੱਚ ‘ਡੌਰੂ ਵੱਜਿਆ ਬੱਦਲ ਭੱਜਿਆ’ ਅਖਾਣ ਕਾਫੀ ਮਸ਼ਹੂਰ ਹੈ। ਇੱਕ ਤਰ੍ਹਾਂ ਨਾਲ ਭਾਦੋਂ ਦੇ ਮਹੀਨੇ ਮੀਂਹ ਥੋੜ੍ਹੇ ਢਿੱਲੇ ਪੈ ਜਾਂਦੇ ਨੇ ਪਰ ਮੌਸਮ ਦੇ ਮਿਜ਼ਾਜ ਨੂੰ ਕੋਈ ਨਹੀਂ ਸਮਝ ਸਕਿਆ। ਕਈ ਵਾਰ ਭਾਦੋਂ ਵਿੱਚ ਸਾਊਣ ਨਾਲੋਂ ਵੀ ਵੱਧ ਮੀਂਹ ਪੈ ਜਾਂਦੇ ਨੇ। ਆਮ ਤੌਰ ’ਤੇ ਭਾਦੋਂ ਵਿੱਚ ਮੀਂਹ ਬੰਨਾ ਛੱਡ ਜਾਂਦਾ ਹੈ।
ਇਸ ਮਹੀਨੇ ਪੁਰਾਤਨ ਸਮਿਆਂ ਵਿੱਚ ਖੇਤਾਂ ਵਿੱਚ ਫਸਲਾਂ ਦੀ ਗੋਡੀ ਦਾ ਜ਼ੋਰ ਹੁੰਦਾ ਸੀ ਅਤੇ ਕਿਸਾਨ-ਮਜ਼ਦੂਰ ਮੁੜ੍ਹਕੋ ਮੁੜ੍ਹਕੀ ਹੋਏ ਰਹਿੰਦੇ। ਜੇ ਕਿਤੇ ਮੀਂਹ ਆ ਜਾਂਦਾ ਤਾਂ ਕੁੱਝ ਸਮੇਂ ਲਈ ਆਰਾਮ ਮਿਲ ਜਾਂਦਾ, ਨਹੀਂ ਤਾਂ ਇਸ ਮਹੀਨੇ ਹੱਥ ’ਚੋਂ ਖੁਰਪਾ ਨਹੀਂ ਛੁੱਟਦਾ ਸੀ।
ਗੁਰਬਾਣੀ ਦਾ ਕਥਨ ਹੈ:
ਬਲਿਹਾਰੀ ਕੁਦਰਤਿ ਵਸਿਆ ।।
ਤੇਰਾ ਅੰਤੁ ਨਾ ਜਾਈ ਲਖਿਆ।।
ਭਾਦੋਂ ’ਚ ਛਪਾਰ, ਜਰਗ ਦਾ ਮੇਲਾ ਅਤੇ ਹੋਰ ਮੇਲੇ ਆ ਜਾਂਦੇ ਨੇ। ਇਨ੍ਹਾਂ ਵਿੱਚ ਹੀ ਕੋਟ ਗੰਗੂ ਰਾਇ ਵਿੱਚ ਨਾਗ ਤੇ ਭਾਗ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਇਨ੍ਹਾਂ ਮੇਲੇ ਜਾਂਦੀਆਂ ਤੀਵੀਆਂ ਇਸ ਤਰ੍ਹਾਂ ਗਾਊਂਦੀਆਂ ਨੇ:
ਪੱਲੇ ਮੇਰੇ ਛੱਲੀਆਂ, ਮੈਂ ਗੁੱਗਾ ਮਨਾਵਣ ਚੱਲੀ ਆਂ।
ਨੀਂ ਮੈਂ ਵਾਰੀ ਗੁੱਗਾ ਜੀ!
ਰੋਹੀ ਵਾਲਿਆ ਗੁੱਗਿਆ ਵੇ, ਭਰਿਆ ਕਟੋਰਾ ਦੁੱਧ ਦਾ, ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ, ਨੀਂ ਮੈਂ ਵਾਰੀ ਗੁੱਗੇ ਤੋਂ।
ਇਸ ਤੋਂ ਇਲਾਵਾ ਸਾਡੀਆਂ ਲੋਕ ਬੋਲੀਆਂ ਵਿੱਚ ਮੇਲਿਆਂ ’ਤੇ ਮੇਲੀਆਂ, ਬੇਲੀਆਂ ਤੇ ਵੈਲੀਆਂ ਵਾਲੇ ਰੰਗ ਵੀ ਦੇਖਣ ਨੂੰ ਮਿਲਦੇ ਨੇ;
ਆਰੀ ਆਰੀ ਆਰੀ,
ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ।
ਕੱਠ ਮੁਸ਼ਟੰਡਿਆਂ ਦਾ, ਉੱਥੇ ਬੋਤਲਾਂ ਮੰਗਾ’ਲੀਆਂ ਚਾਲ੍ਹੀ,
ਤਿੰਨ ਸੇਰ ਸੋਨਾ ਚੁੱਕਿਆ, ਭਾਨ ਚੁੱਕ’ਲੀ ਹੱਟੀ ਦੀ ਸਾਰੀ,
ਰਤਨ ਸਿੰਘ ਰੱਕੜਾਂ ਦਾ, ਜੀਹ’ਤੇ ਚੱਲ ਰਹੇ ਮੁਕੱਦਮੇ ਚਾਲ੍ਹੀ,
ਠਾਣੇਦਾਰ ਤਿੰਨ ਚੜ੍ਹਗੇ, ਨਾਲੇ ਪੁਲੀਸ ਚੜ੍ਹੀ ਸਰਕਾਰੀ,
ਈਸੂ ਧੂਰੀ ਦਾ, ਜਿਹੜਾ ਡਾਂਗ ਦਾ ਬਹਾਦਰ ਭਾਰੀ,
ਮੰਗੂ ਖੇੜੀ ਦਾ, ਪੁੱਠੇ ਹੱਥ ਦੀ ਗੰਡਾਰੀ ਉਹਨੇ ਮਾਰੀ,
ਠਾਣੇਦਾਰ ਇਉਂ ਡਿੱਗਿਆ, ਜਿਵੇਂ ਹੱਲ ’ਚੋਂ ਡਿੱਗੇ ਪੰਜਾਲੀ,
ਕਾਹਨੂੰ ਛੇੜੀ ਸੀ ਨਾਗਾਂ ਦੀ ਪਟਾਰੀ,
ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ।
ਦਰਅਸਲ ਇਹ ਮੇਲੇ ਪੰਜਾਬੀਆਂ ਦੀ ਜਾਨ ਨੇ ਤੇ ਭਾਦੋਂ ਦੇ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਸੇ ਤਰ੍ਹਾਂ ਭਾਦੋਂ ਤੋਂ ਬਾਅਦ ਅਗਲਾ ਮਹੀਨਾ ਅੱਸੂ ਦਾ ਹੁੰਦਾ ਹੈ। ਮੀਂਹ ਤੋਂ ਛੁਟਕਾਰਾ ਮਿਲਣ ਅਤੇ ਜਨ-ਜੀਵਨ ਸੌਖਾਲਾ ਹੋ ਜਾਣ ਕਾਰਨ ਲੋਕ ਅੱਸੂ ਵਿੱਚ ਹੀ ਆਪਣੇ ਸਾਕ ਜਾਂ ਹੋਰ ਸ਼ੁੱਭ ਕਾਰਜ ਕਰਦੇ ਹਨ।
ਸੰਪਰਕ: 97819-78123