ਨਰਾਇਣਪੁਰ, 30 ਅਪਰੈਲ
ਛੱਤੀਸਗੜ੍ਹ ਦੇ ਨਰਾਇਣਪੁਰ ‘ਚ ਪੁਲੀਸ ਮੁਕਾਬਲੇ ’ਚ ਅੱਜ 10 ਨਕਸਲੀ ਮਾਰੇ ਗਏ ਹਨ ਜਿਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਨਰਾਇਣਪੁਰ ਤੇ ਕਾਂਕੇਰ ਸਰਹੱਦ ’ਤੇ ਅੱਜ ਸਵੇਰੇ ਹੋਇਆ। ਇਸ ਤੋਂ ਪਹਿਲਾਂ 16 ਅਪਰੈਲ ਨੂੰ ਹੋਏ ਮੁਕਾਬਲੇ ਵਿੱਚ 29 ਨਕਸਲੀ ਮਾਰੇ ਗਏ ਸਨ। ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਕਸਲਵਾਦ ਖਿਲਾਫ ਲੜਾਈ ਲੜ ਰਹੀ ਹੈ ਜਦੋਂ ਕਿ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਿਜੈ ਸ਼ਰਮਾ ਨੇ ਇਸ ਅਪਰੇਸ਼ਨ ਨੂੰ ਵੱਡੀ ਸਫਲਤਾ ਕਰਾਰ ਦਿੰਦਿਆਂ ਨਕਸਲਵਾਦੀਆਂ ਨੂੰ ਵੀ ਗੱਲਬਾਤ ਲਈ ਅੱਗੇ ਆਉਣ ਅਤੇ ਹਿੰਸਾ ਦਾ ਰਾਹ ਛੱਡਣ ਦੀ ਅਪੀਲ ਕੀਤੀ। ਪੁਲੀਸ ਦੇ ਇੰਸਪੈਕਟਰ ਜਨਰਲ (ਬਸਤਰ ਰੇਂਜ) ਸੁੰਦਰਰਾਜ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ 6 ਵਜੇ ਦੇ ਕਰੀਬ ਨਕਸਲੀਆਂ ਦੇ ਗੜ੍ਹ ਅਭੁਜਮਦ ਖੇਤਰ ਦੇ ਟੇਕਮੇਟਾ ਅਤੇ ਕਾਕੁਰ ਪਿੰਡਾਂ ਦੇ ਜੰਗਲ ਵਿੱਚ ਹੋਇਆ। ਪੀਟੀਆਈ