ਅੱਜ ਬਰਸੀ ’ਤੇ ਵਿਸ਼ੇਸ਼

ਪ੍ਰਗਤੀਵਾਦੀ ਕਵਿਤਾ ਦਾ ਚਿਰਾਗ਼: ਬਲਦੇਵ ਚਾਹਲ ਮੱਤੀ

ਪ੍ਰਗਤੀਵਾਦੀ ਕਵਿਤਾ ਦਾ ਚਿਰਾਗ਼: ਬਲਦੇਵ ਚਾਹਲ ਮੱਤੀ

ਕਰਨ ਭੀਖੀ

ਬਲਦੇਵ ਚਾਹਲ ਮੱਤੀ ਪ੍ਰਗਤੀਵਾਦੀ ਕਵਿਤਾ ਦਾ ਚਿਰਾਗ, ਉਹ ਚਿਰਾਗ ਜਿਨ੍ਹਾਂ ਦੀ ਕਵਿਤਾ ਨੇ ਕਿਰਤੀ ਮੱਥੇ ਨੂੰ ਅਗਾਂਹ ਕਦਮ ਪੁੱਟਣ ਲਈ ਹਨੇਰੀਆਂ ਰਾਹਾਂ ਵਿੱਚ ਪ੍ਰਕਾਸ਼ ਦਾ ਕੰਮ ਕੀਤਾ ਹੈ। ਬਲਦੇਵ ਚਾਹਲ ਦੀ ਕਵਿਤਾ ਸੁਚੇਤ ਮਨ ਦਾ ਪ੍ਰਗਟਾਵਾ ਹੈ ਜੋ ਕਿ ਅਚੇਤ ਮਨ ਨੂੰ ਪ੍ਰਭਾਵਿਤ ਕਰਦਾ ਹੈ। ਬਲਦੇਵ ਚਾਹਲ ਦੀ ਕਵਿਤਾ ਦੱਬੇ-ਕੁਚਲੇ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਪ੍ਰੋਲੇਤਾਰੀ ਮਿਹਨਤਕਸ਼ ਲੋਕਾਂ ਦੇ ਠਰਦੇ ਚਿਹਰਿਆਂ ਅੰਦਰ ਇੱਕ ਚਿਣਗ ਦਾ ਕੰਮ ਕਰਦੀ ਹੈ।

ਉਹ ਆਪਣੀ ਕਵਿਤਾ ਵਿੱਚ ਖੜੋਤ ਰੂਪੀ ਸਮਾਜ ਵਿੱਚ ਸੰਚਾਰ ਪੈਦਾ ਕਰਨ ਵਾਲੀ ਵਿਧੀ ਵਰਤਦੇ ਸਨ। ਚਾਹਲ ਦੀ ਕਵਿਤਾ ਸਰਲ, ਠੇਠ ਮਲਵਈ ਮੁਹਾਵਰਿਆਂ ਅਤੇ ਬਿੰਬ ਦੇ ਗਹਿਣਿਆਂ ਨਾਲ ਅਤਿ ਖੂਬ ਸੂਰਤ ਜਾਪਦੀ ਹੈ। ਉਹ ਮਾਲਵੇ ਦਾ ਜੰਮਪਲ ਸੀ। ਇਸ ਲਈ ਆਪਣੀ ਕਵਿਤਾ ਵਿੱਚ ਮਲਵਈ ਭਾਸ਼ਾ ਦੀ ਪੂਰਨ ਵਰਤੋਂ ਕੁਦਰਤੀ ਹੀ ਸੀ। ਉਹ ਜ਼ਿਲ੍ਹਾ ਮਾਨਸਾ ਦੇ ਪਿੰਡ ਮੱਤੀ ਵਿਖੇ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਜਨਮੇ ਸਨ। ਉਨ੍ਹਾਂ ਆਪਣੀ ਮੁਢਲੀ ਪੜ੍ਹਾਈ, ਬੜੀ ਹੀ ਸਖਤ ਹੱਡ ਭੰਨਵੀਂ ਮਿਹਨਤ ਕਰਦਿਆਂ ਕੀਤੀ। ਬਲਦੇਵ ਚਾਹਲ ਆਪਣੀ ਜ਼ਿੰਦਗੀ ਦੇ ਮੁਢਲੇ ਦਿਨਾਂ ਤੋਂ ਲੈ ਕੇ ਅੰਤਲੇ ਸਾਹਾਂ ਤੱਕ ਮਾਰਕਸਵਾਦੀ

ਵਿਚਾਰਧਾਰਾ ਨਾਲ ਹੀ ਜੁੜੇ ਰਹੇ। ਉਨ੍ਹਾਂ ਆਪਣੀ ਜ਼ਿੰਦਗੀ ਦੇ ਸਫਰ ਦੌਰਾਨ ਆਪਣੀ ਅੱਖੀਂ ਅਨੇਕਾਂ ਹੀ ਉਤਰਾਅ-ਚੜਾਅ ਅਤੇ ਤੰਗੀਆਂ-ਤੁਸ਼ਟੀਆਂ ਦੇ ਦਿਨ ਵਿਖੇ ਪਰ ਕਦੇ ਵੀ ਆਪਣੀ ਸੋਚ ਨੂੰ ਖੁੰਢਾ ਨਹੀਂ ਹੋਣ ਦਿੱਤਾ ਤੇ ਹੌਸਲਾ ਨਹੀਂ ਛੱਡਿਆ।

ਆਪਣੇ ਸੇਵਾ ਕਾਲ ਦੌਰਾਨ ਬਲਦੇਵ ਚਾਹਲ ਇੱਕ ਐਸਐਸ ਅਧਿਆਪਕ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰਹੇ। ਉਹ ਆਪਣੀ ਸਮਝ ਦੇ ਬਲਬੂਤੇ ਤੇ ਸਮਾਜ ਦੇ ਵਿੱਚ ਹਰਮਨ ਪਿਆਰੇ ਬਣੇ ਰਹੇ। ਉਹ ਬਹੁਤ ਹੀ ਸ਼ਾਂਤ-ਚਿੱਤ ਇਨਸਾਨ ਸਨ। ਜੋ ਕਿ ਬਹੁਤ ਘੱਟ ਬੋਲਦੇ ਸਨ। ਪਰ ਜਦੋਂ ਬੋਲਦੇ ਤਾਂ ਤੋਲ ਕੇ। ਵਾਧੂ ਸੁਰਖੀਆਂ ਵਿੱਚ ਆਉਣਾ ਉਹ ਫਜ਼ੂਲ ਸਮਝਦੇ ਸਨ।

ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ 1970 ਵਿੱਚ ਛਪਿਆ, ‘ਚਿਣਗਾਂ ਤੇ ਲਾਟਾਂ’ ਜੋ ਕਿ ਨਵਯੁਗ ਪਬਲਿਸ਼ਰਜ਼ ਨੇ ਛਾਪਿਆ ਸੀ। ਇਸ ਤੋਂ ਬਾਅਦ ਪੂਰੇ ਵੀਹ ਸਾਲ ਸ੍ਰੀ ਚਾਹਲ ਸਾਹਿਤਕ ਪੱਖੋਂ ਚੁਪ ਰਹੇ। ਪਰ ਉਨ੍ਹਾਂ ਦੇ ਲੇਖਕ ਮਿੱਤਰਾਂ ਰਾਮ ਸਰੂਪ ਅਣਖੀ, ਗੁਰਬਚਨ ਸਿੰਘ ਭੁੱਲਰ ਅਤੇ ਪ੍ਰਕਾਸ਼ ਲਾਲ ਪ੍ਰੇਮ ਦੇ ਕਾਫੀ ਜ਼ੋਰ ਪਾ ਪਾ ਕੇ ਅਤੇ ਹੁੰਝਾਂ ਤੇ ਆਰਾਂ ਲਾ ਲਾ ਕੇ ਦੂਜਾ ਕਾਵਿ ਸੰਗ੍ਰਹਿ 1990 ਵਿੱਚ ਛਪਵਾਇਆ ‘ਲਹੂ ਦੀ ਮਹਿਕ’। ਇਨ੍ਹਾਂ ਦੋਵੇਂ ਕਾਵਿ ਪੁਸਤਕਾਂ ਦੀ ਘੁੰਡ ਚੁਕਾਈ ਪੰਜਾਬੀ ਦੇ ਨਾਮਵਰ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਕੀਤੀ। ਕਾਵਿ ਖੇਤਰ ਦੇ ਵਿੱਚ ਸ੍ਰੀ ਚਾਹਲ ਦੀਆਂ ਦੋਵੇਂ ਪੁਸਤਕਾਂ ਵਿਸ਼ੇਸ਼ ਚਰਚਾ ਦਾ ਵਿਸ਼ਾ ਵੀ ਬਣੀਆਂ।

ਇੱਕ ਵਾਰ ਬਲਦੇਵ ਚਾਹਲ ਦੀਆਂ ਦੋਵੇਂ ਕਾਵਿ-ਪੁਸਤਕਾਂ ਤੇ ਨਵਯੁੱਗ ਸਹਿਤ ਕਲਾ ਮੰਚ ਭੀਖੀ ਵੱਲੋਂ ਬਾਬਾ ਜੋਗੀਪੀਰ ਪਬਲਿਕ ਸਕੂਲ ਰੱਲਾ (ਮਾਨਸਾ) ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਦੌਰਾਨ ਉੱਘੇ ਕਹਾਣੀਕਾਰ ਕਿਰਪਾਲ ਸਿੰਘ ਕਜ਼ਾਕ ਅਤੇ ਉੱਘੇ ਆਲੋਚਕਾਰ ਡਾ. ਸੁਖਦੇਵ ਸਿੰਘ ਸਰਸਾ ਨੇ ਸ੍ਰੀ ਚਾਹਲ ਦੀਆਂ ਕਵਿਤਾਵਾਂ ਦਾ ਵਿਸ਼ੇਸ਼ ਨੋਟਿਸ ਲਿਆ। ਉਨ੍ਹਾਂ ਦੀਆਂ ਕਵਿਤਾਵਾਂ ਪ੍ਰਮੁੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪਦੀਆਂ ਰਹੀਆਂ।

ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਅਨੁਸਾਰ, “ਬਲਦੇਵ ਚਾਹਲ ਸਮਾਜਿਕ, ਰਾਜਨਿਤਿਕ ਪੱਖੋਂ ਬੇਹੱਦ ਚੇਤੰਨ ਕਵੀ ਸਨ। ਉਸ ਦੀ ਕਵਿਤਾ ਮਹੱਤਵਪੂਰਨ ਸਮਕਾਲੀ ਘਟਨਾਵਾਂ ਦਾ ਪ੍ਰਤੀਕਰਮ ਬਣ ਕੇ ਸਾਡੇ ਸਾਹਮਣੇ ਆਉਂਦੀ ਰਹੀ। ਸਮਾਜ ਦੀ, ਸਿਸਟਮ ਦੀ, ਸੰਸਾਰ ਦੀ, ਭਿਆਨਕ ਅਯੋਗਤੀ ਵਿਰੁੱਧ ਜੂਝਦਿਆਂ ਅਤੇ ਜੂਝਣ ਲਈ ਪ੍ਰੇਰਦਿਆਂ ਉਹ ਨਿਰਾਸ਼ ਨਹੀਂ ਸੀ, ਉਦਾਸ ਜ਼ਰੂਰ ਸੀ।’’

ਪਿਛਲੇ ਵਰ੍ਹੇ ਪੰਜਾਬੀ ਲਿਖਾਰੀ ਸੱਤਪਾਲ ਭੀਖੀ ਵੱਲੋਂ ਸੰਪਾਦਕੀ ‘ਚ ਛਪੀ ਕਾਵਿ ਪੁਸਤਕ “ਮਾਨਸਾ ਦੀ ਕਵਿਤਾ” ਵਿੱਚ ਵੀ ਪਹਿਲੇ ਪੰਨਿਆਂ ਨੇ ਬਲਦੇਵ ਚਾਹਲ ਮੱਤੀ ਦੀਆਂ ਸੰਘਰਸ਼-ਮਈ, ਜੁਝਾਰੂ ਤੇ ਇਨਕਲਾਬੀ ਕਵਿਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਸੱਤ ਪਾਲ ਭੀਖੀ ਦੇ ਕਥਨ ਅਨੁਸਾਰ, ਬਲਦੇਵ ਚਾਹਲ ਮੱਤੀ ਦੀ ਕਵਿਤਾ ਨੂੰ ਜੋ ਸਥਾਨ ਮਿਲਣਾ ਚਾਹੀਦਾ ਸੀ, ਪਰ ਮਿਲਿਆ ਨਹੀਂ। ਬਲਦੇਵ ਚਾਹਲ ਮੱਤੀ ਭਾਵੇਂ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ, ਬੇਸ਼ੱਕ ਬਾਹਰੀ (ਸਰੀਰਕ) ਚਿਰਾਗ ਬੁਝ ਗਿਆ ਹੈ, ਪਰ ਅੰਤਰੀਣ ਪ੍ਰਕਾਸ਼ ਕਵਿਤਾ ਦੇ ਰੂਪ ਵਿੱਚ ਸਾਡੇ ਵਿੱਚ ਮੌਜੂਦ ਹਨ ਅਤੇ ਰਹਿਣਗੇ। ਪੇਸ਼ ਹਨ ਉਨ੍ਹਾਂ ਦੀ ਕਵਿਤਾ ਦੇ ਕੁਝ ਅੰਸ਼:

ਬੜੇ ਸੌੜੇ ਅਰਥ ਹੁੰਦੇ ਹਨ, ਪੀੜ੍ਹੀ-ਦਰ-ਪੀੜ੍ਹੀ ਚਲਾਉਣ ਦੇ,

ਕੀ ਕਰਾਂਗੇ ਮਿੱਤਰਾਂ ਦੀ ਮਿੱਟੀ ਨੂੰ ਮੱਥਾ ਟੇਕ ਕੇ,

ਬਾਂਝ ਹੋਈ ਕੁੱਖ ਵਿੱਚੋਂ ਕੀ ਜੰਮਣਗੇ ਹੁਣ ਬਾਲ??

ਬੜੇ ਲੰਬੇ ਸਫਰ ਹੁੰਦੇ ਨੇ ਯੁੱਗ-ਦਰ-ਯੁੱਗ ਪਲਟਾਉਣ ਦੇ,

ਕੀ ਕਰਾਂਗੇ ਭੋਂ ਪਰਾਈ ਵਿੱਚ, ਮੁੜ੍ਹਕਾ ਬੀਜ ਕੇ??

ਸਿਫਰ ਬਣੀ ਸੰਖਿਆ, ਕੀ ਹੱਲ ਕਰੇਗੀ ਹੱਕ ਦੇ ਸਵਾਲ??

(ਕਵਿਤਾ ‘ਯਾਤਰਾ’ ਵਿਚੋਂ)

ਸੰਪਰਕ: 99889-13155

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All