ਨੌਜਵਾਨ ਕਲਮਾਂ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਅਨੰਤ ਗਿੱਲ ਭਲੂਰ

ਸਰਕਾਰ ਵੱਲੋਂ ਅਡਾਨੀਆਂ-ਅੰਬਾਨੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਕਿਸਾਨੀ ਦਾ ਗਲ-ਘੋਟੂ ਕਾਲੇ ਕਾਨੂੰਨਾਂ ਖਿਲਾਫ ਕਿਰਤੀਆਂ-ਕਿਸਾਨਾਂ ਦਾ ਸੰਘਰਸ਼, ਜੋ ਦੋ ਮਹੀਨਿਆਂ ਤੱਕ ਪਿੰਡਾਂ, ਸ਼ਹਿਰਾਂ, ਟੌਲ ਪਲਾਜ਼ਿਆਂ ‘ਤੇ ਸ਼ਾਂਤੀ ਪੂਰਵਕ ਚਲਿਆ ਸੀ, ਹੁਣ ਆਪਣੇ ਵੇਗ ਨਾਲ ਆਪੇ ਵਹਿਣ ਲੱਗ ਪਿਆ ਹੈ। ਅੱਜ ਪੰਜਾਬ ਦਾ ਬੱਚਾ-ਬੱਚਾ ਜਾਣ ਗਿਆ ਗਿਆ ਹੈ ਕਿ ਜੇ ਇਹ ਕਾਨੂੰਨ ਹਟਾਏ ਨਾ ਗਏ ਤਾਂ ਕੁਝ ਸਾਲਾਂ ਵਿੱਚ ਹੀ ਸਾਡੇ ਖੇਤ ਸਾਥੋਂ ਖੋਹ ਲਏ ਜਾਣਗੇ। ਦੂਜੇ ਸੂਬਿਆਂ ਨੂੰ ਵੀ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣੇ ਨਾਲ ਖੇਡੀ ਜਾ ਰਹੀ ਇਹ ਘਟੀਆ ਖੇਡ ਹਜ਼ਮ ਨਹੀਂ ਆਈ। ਉਹ ਵੀ ਕਿਸਾਨਾਂ ਦੇ ਹੱਕ ਵਿੱਚ ਆਣ ਖਲੋਤੇ ਹਨ। ਹੁਣ ਕਿਸਾਨੀ ਸੰਘਰਸ਼ ਦਾ ਸਾਥ ਦਿਓ ਦੀਆਂ ਅਪੀਲਾਂ ਕਰਨ ਦੀ ਜ਼ਰੂਰਤ ਨਹੀਂ ਰਹੀ। ਕਿਸਾਨੀ ਸੰਘਰਸ਼ ਚਸ਼ਮੇ ਵਾਂਗ ਆਪੇ ਵਹਿ ਤੁਰਿਆ ਹੈ। ਇਸ ਗੱਲ ਦਾ ਅਹਿਸਾਸ 26, 27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਹੁੰਗਾਰੇ ਵਿੱਚੋਂ ਬੜੀ ਤੀਬਰਤਾ ਨਾਲ ਸਾਹਮਣੇ ਆਇਆ ਹੈ।

ਨੌਜਵਾਨ ਆਪਣੇ ਪਿੰਡਾਂ ਅੰਦਰ ਲਾਊਡ ਸਪੀਕਰਾਂ ‘ਤੇ ਜਿੱਥੇ ਜੈਕਾਰੇ ਗਜਾਉਂਦਿਆਂ ਤੇ ਨਾਅਰੇ ਲਗਾਉਂਦਿਆਂ ਟਰੈਕਟਰ ਟਰਾਲੀਆਂ ‘ਤੇ ਦਿੱਲੀ ਵੱਲ ਕੂਚ ਕਰ ਰਹੇ ਹਨ, ਓਥੇ ਹੀ ਜਿਨ੍ਹਾਂ ਪਿੰਡਾਂ ਦੇ ਲੋਕਾਂ ਨੇ ਦਿੱਲੀ ਜਾਣ ਦਾ ਉਤਸ਼ਾਹ ਨਹੀਂ ਦਿਖਾਇਆ, ਉਨ੍ਹਾਂ ਨੂੰ ਵੀ ਹੁਣ ਪਿੱਛੇ ਰਹਿ ਜਾਣ ਦਾ ਅਹਿਸਾਸ ਹੋ ਰਿਹਾ ਹੈ ਤੇ ਉਹ ਵੀ ਦਿੱਲੀ ਕੂਚ ਦੀਆਂ ਤਿਆਰੀਆਂ ਵਿਚ ਹਨ। ਇਸ ਸੰਘਰਸ਼ ਨੂੰ ਨੌਜਵਾਨਾਂ ਦੇ ਉਤਸ਼ਾਹ ਨੇ ਨਵਾਂ ਮੋੜ ਦਿੱਤਾ ਹੈ। ਜੇ ਕਹਿ ਲਈਏ ਕਿ ‘ਦਿੱਲੀ ਚੱਲੋ’ ਦਾ ਸੱਦਾ ਨੌਜਵਾਨਾਂ ਕਰਕੇ ਹੀ ਸੰਭਵ ਤੇ ਆਸਾਨ ਹੋਇਆ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਕਿਸਾਨ ਆਗੂ ਬੜੀ ਸੂਝਬੂਝ ਨਾਲ ਪਲ ਪਲ ਫੈਸਲੇ ਲੈ ਰਹੇ ਹਨ, ਸਮੇਂ ਦੀ ਲੋੜ ਅਨੁਸਾਰ ਪੈਂਤੜੇ ਬਦਲ ਰਹੇ ਹਨ, ਪਰ ਫਿਰ ਵੀ ਕਿਸਾਨ ਆਗੂਆਂ ਨੇ ਕਿਹਾ ਸੀ ਕਿ ‘ਜੇ ਸਰਕਾਰ ਸਾਡੇ ਦਿੱਲੀ ਜਾਂਦਿਆਂ ਦੇ ਰਾਹਾਂ ’ਚ ਅੜਿੱਕੇ ਲਾਵੇਗੀ ਤੇ ਜਦੋਂ ਤੱਕ ਰਸਤਾ ਨਹੀਂ ਦੇਵੇਗੀ ਅਸੀਂ ਓਥੇ ਹੀ ਬੈਠ ਕੇ ਧਰਨਾ ਸ਼ੁਰੂ ਕਰ ਦਿਆਂਗੇ’।

ਸਰਕਾਰ ਦੀ ਵੀ ਇਹੋ ਯੋਜਨਾ ਸੀ ਕਿ ਕਿਸਾਨ ਪੰਜਾਬ ਅੰਦਰ ਹੀ ਧਰਨੇ ਲਗਾ ਕੇ ਬੈਠੇ ਰਹਿਣ। ਉਨ੍ਹਾਂ ਨੂੰ ਦਿੱਲੀ ਜਾਣ ਦਾ ਕੋਈ ਰਸਤਾ ਹੀ ਨਾ ਦਿੱਤਾ ਜਾਵੇ। ਪਰ ਨੌਜਵਾਨਾਂ ਦੇ ਬੁਲੰਦ ਹੌਸਲੇ ਸਾਹਮਣੇ ਕਿਸੇ ਵੀ ਅੜਚਣ ਦੀ ਕੋਈ ਔਕਾਤ ਨਜ਼ਰ ਨਾ ਆਈ। ਨੌਜਵਾਨਾਂ ਨੇ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਫੇਲ੍ਹ ਕਰਦਿਆਂ ‘ਦਿੱਲੀ ਚੱਲੋ’ ਦੇ ਸੱਦੇ ਨੂੰ ਸਫਲ ਬਣਾਇਆ। ਸਰਕਾਰ ਨੇ ਆਪਣੇ ਵੱਲੋਂ ਅੜਚਣਾਂ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਸਗੋਂ ਕਿਸਾਨੀ ਸੰਘਰਸ਼ ਦੇ ਰਸਤੇ ਵਿੱਚ ਰੁਕਾਵਟਾਂ ਪਾਉਂਦਿਆਂ ਸਰਕਾਰ ਨੇ ਕਾਨੂੰਨ ਨੂੰ ਵੀ ਅੱਖੋਂ ਪਰੋਖਿਆਂ ਕਰਦਿਆਂ ਸਾਰੇ ਨਿੱਕੇ ਅਤੇ ਵੱਡਿਆਂ ਰਸਤਿਆਂ ਉੱਪਰ ਕੰਡਿਆਲੀਆਂ ਤਾਰਾਂ, ਬੈਰੀਕੇਡ ਅਤੇ ਭਾਰੀ ਪੱਥਰ ਤਾਂ ਲਗਾਏ ਹੀ ਲਗਾਏ, ਨੈਸ਼ਨਲ ਹਾਈਵੇ ‘ਤੇ ਡੂੰਘੀਆਂ ਖਾਈਆਂ ਵੀ ਪੁੱਟੀਆਂ, ਟਿੱਬੇ ਵੀ ਲਗਾਏ ਅਤੇ ਸੜਕਾਂ ਵਿਚਕਾਰ ਵੱਡੇ ਵਾਹਨ ਰੋਕ ਕੇ ਡਰਾਈਵਰਾਂ ਤੋਂ ਚਾਬੀਆਂ ਤੱਕ ਖੋਹ ਲਈਆਂ, ਤਾਂ ਕਿ ਸੜਕ ਵਿਚ ਖੜ੍ਹੀਆਂ ਕੀਤੀਆਂ ਗੱਡੀਆਂ ਨੂੰ ਲਾਂਭੇ ਨਾ ਕੀਤਾ ਜਾ ਸਕੇ।

ਗੰਭੀਰਤਾ ਨਾਲ ਸੋਚੀਏ ਤਾਂ ਕਿਸਾਨਾਂ ਨੂੰ ਰੋਕਣ ਲਈ ਜੋ ਵੀ ਹੱਥਕੰਡੇ ਅਪਣਾਏ ਗਏ ਉਹ ਕਿਸੇ ਪੱਖ ਤੋਂ ਵੀ ਸੰਵਿਧਾਨਕ ਨਹੀਂ ਸਨ। ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਤੋਂ ਰੋਕਿਆ ਨਹੀਂ ਜਾ ਸਕਦਾ। ਪਰ ਪੰਜਾਬੀਆਂ ਨੂੰ ਪੰਜਾਬ ਦੀਆਂ ਹੱਦਾਂ ‘ਤੇ ਸਰਹੱਦਾਂ ਦਿਖਾਈਆਂ ਗਈਆਂ। ਕੱਲ੍ਹ ਤੱਕ ਪੰਜਾਬ ਦਾ ਹਿੱਸਾ ਰਹੇ ਹਰਿਆਣੇ ਵਿੱਚ ਦਾਖਿਲ ਹੋਣ ਲਈ ਪੰਜਾਬੀਆਂ ਨੂੰ ਐਨੀ ਜੱਦੋਜਹਿਦ ਆਖਰ ਕਿਉਂ ਕਰਨੀ ਪਈ? ਰੁਕਾਵਟਾਂ ਨੂੰ ਪੰਜਾਬ ਦੀ ਜਵਾਨੀ ਨੇ ਗੌਲਿਆ ਨਹੀਂ ਇਹ ਵੱਖਰੀ ਗੱਲ ਹੈ। ਉਨ੍ਹਾਂ ਭਾਰੇ ਪੱਥਰਾਂ ਨੂੰ ਪਰ੍ਹਾਂ ਵਗਾਹ ਮਾਰਿਆ, ਬੁੱਕਾਂ ਨਾਲ ਹੀ ਪਲੋਪਲੀ ਗਹਿਰੇ ਟੋਏ ਭਰ ਛੱਡੇ, ਪਾਣੀ ਦੀਆਂ ਬੁਛਾੜਾਂ ਸਾਹਮਣੇ ਹਿੱਕਾਂ ਤਾਣ ਖਲੋਤੇ ਪਰ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਅਤੇ ਰੋਕਾਂ ਦੇ ਨਾਲ ਨਾਲ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਤੇ ਲਾਠੀਆਂ ਵੀ ਚਲਾਈਆਂ। ਪਰ ਪੰਜਾਬ ਦੇ ਜਾਇਆਂ ਨੇ ਮੌਤ ਨੂੰ ਮਖੌਲਾਂ ਵਾਲੀ ਫਿਤਰਤ ਨਹੀਂ ਭੁਲਾਈ, ਅੜੀਆਂ ਕਰ ਕਰ ਦਿੱਲੀ ਪਹੁੰਚੇ ਕਿ ਲੰਘਣਾ ਤਾਂ ਬੈਰੀਕੇਡ ਪੁੱਟ ਕੇ ਈ ਲੰਘਣਾ, ਆਸੇ ਪਾਸੇ ਦੀ ਵਲ ਨਹੀਂ ਪਾਉਣਾ। ਦਿੱਲੀ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਪੰਜਾਬ ਦਿਆਂ ਜਾਇਆਂ ਨੂੰ ਕੁਝ ਯਾਦ ਕਰਵਾਉਣ ਦੀ ਲੋੜ ਨਹੀਂ ਪੈਂਦੀ। ਮੌਤ ਨੂੰ ਟਿੱਚਰਾਂ ਇਹ ਮੁੱਢ ਤੋਂ ਹੀ ਕਰਦੇ ਆਏ ਨੇ। ਕਹੀਆਂ, ਦਾਤੀਆਂ, ਕਸੀਏ ਤੇ ਰੰਬਿਆਂ ਨੂੰ ਵਾਹਉਣ ਤੇ ਚੰਡ ਕੇ ਰੱਖਣ ਵਾਲੇ ਇਹ ਲੋਕ ਸੰਘਰਸ਼ੀ ਘੋਲ ਦੀ ਸਿਖਲਾਈ ਨਹੀਂ ਲੈਂਦੇ, ਬਸ ਤੁਰ ਪੈਂਦੇ ਨੇ। ਇਹ ਜਦ ਤੁਰਦੇ ਤਾਂ ਮੁੜ ਕੇ ਪਿਛਾਂਹ ਨਹੀਂ ਵੇਖਦੇ। ਇਨ੍ਹਾਂ ਦੀ ਹਰ ਜਿੱਤ ਦਾ ਭੇਤ ਏਸੇ ਗੱਲ ’ਚ ਛੁਪਿਆ ਕਿ ਇਹ ਜਦ ਵੀ ਤੁਰੇ ਸਿਰ ‘ਤੇ ਕਫਨ ਬੰਨ੍ਹ ਕੇ ਤੁਰੇ। ਜੇ ਸਿੱਖ ਕੌਮ ਦੀ ਬਹਾਦਰੀ ਦੇ ਕਿੱਸੇ ਕੁੱਲ ਦੁਨੀਆਂ ਵਿੱਚ ਹੁੰਦੇ ਹਨ, ਜੇ ਸਾਰੀ ਦੁਨੀਆਂ ਉੱਤੇ ਇਹ ਜੁਝਾਰੂ ਕੌਮ ਆਪਣੀ ਵੱਖਰੀ ਪਛਾਣ ਰੱਖਦੀ ਹੈ ਤਾਂ ਇਸੇ ਕਰਕੇ, ਕਿ ਇਹ ਕਦਮ ਪੁੱਟਣ ਤੋਂ ਪਹਿਲਾਂ ਮਰਨ ਕਬੂਲ ਕਰਦੇ ਹਨ। ਜਿਨ੍ਹਾਂ ਨੂੰ ਸਰਕਾਰ ਡਰਾਉਣਾ ਚਾਹੁੰਦੀ ਹੈ, ਹਰਾਉਣਾ ਚਾਹੁੰਦੀ ਹੈ ਤੇ ਬੁਰਾੜੀ ਦੇ ਉਜਾੜ ਬੀਆਬਾਨ ਮੈਦਾਨ ਵਿੱਚ ਪਾਸੇ ਕਰਕੇ ਬਿਠਾ ਦੇਣਾ ਚਾਹੁੰਦੀ ਹੈ, ਜਿਨ੍ਹਾਂ ਜਵਾਨਾਂ ਦੇ ਹੌਸਲੇ ਪਸਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ, ਤੇ ਵਰਤ ਸਕਦੀ ਹੈ, ਉਹ ਸ਼ੇਰ ਦਿੱਲੀ ਦੀ ਹਿੱਕ ‘ਤੇ ਖਲੋਤੇ ਦਹਾੜ ਰਹੇ ਕਿ ਅਸੀਂ ਬੁਰਾੜੀ ਵਰਗੇ ਉਜਾੜ ’ਚ ਕੈਦ ਹੋਣ ਨਹੀਂ ਆਏ ਅਸੀਂ ਤਾਂ ਦਿੱਲੀ ਦੇ ਨੱਕ ’ਚ ਦਮ ਕਰਨ ਆਏ ਹਾਂ।

ਦਿੱਲੀ ਉਨ੍ਹਾਂ ਨੂੰ ਗੱਜਦਿਆਂ ਵੇਖ ਹੱਕੀ ਬੱਕੀ ਹੋਈ ਖੜੋਤੀ ਹੈ, ਉਸਨੂੰ ਸ਼ਾਇਦ ਅਹੁੜ ਨਹੀਂ ਰਿਹਾ ਕਿ ਕੀਤਾ ਕੀ ਜਾਵੇ। ਕਿਉਂਕਿ ਦਿੱਲੀ ਇਹ ਵੀ ਜਾਣਦੀ ਹੈ ਕਿ ਪੰਜਾਬ ਨੇ ਜਦ ਵੀ ਦਿੱਲੀ ਦਾ ਰੁਖ ਕੀਤਾ ਹੈ, ਦਿੱਲੀ ’ਤੇ ਜਿੱਤ ਦੇ ਝੰਡੇ ਗੱਡੇ ਹਨ। ਦਿੱਲੀ ਪਰ ਸਮਾਂ ਲੰਘ ਜਾਣ ’ਤੇ ਵਹਿਮ ਪਾਲ ਲੈਂਦੀ ਹੈ ਕਿ ਹੁਣ ਮੈਂ ਪੰਜਾਬ ਨੂੰ ਢਾਅ ਲਵਾਂਗੀ। ਪਰ ਇਸ ਵਾਰ ਦਿੱਲੀ ਕੁਝ ਜ਼ਿਆਦਾ ਆਫਰੀ ਹੋਈ ਹੈ। ਉਸਨੂੰ ਜਾਪਦਾ ਹੈ ਕਿ ਹੁਣ ਪੰਜਾਬ ਮੇਰੀ ਧੌਣ ‘ਤੇ ਗੋਡਾ ਰੱਖਣ ਦੇ ਕਾਬਿਲ ਨਹੀਂ ਰਿਹਾ। ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਡੁੱਬ ਗਈ ਹੈ, ਬਚੀ ਖੁਸ਼ੀ ਵਿਦੇਸ਼ਾਂ ਵਿੱਚ ਜਾ ਵੱਸੀ ਹੈ ਜਾਂ ਵਿਦੇਸ਼ ਜਾਣ ਲਈ ਸਾਮਾਨ ਪੈਕ ਕਰੀ ਬੈਠੀ ਹੈ। ਬੇਸ਼ੱਕ ਪੰਜਾਬ ਨੂੰ ਢਾਹੁਣ ਦੀ ਸਾਜ਼ਿਸ਼ ਤੱਤਫੱਟ ਨਹੀਂ ਰਚੀ ਗਈ, ਸਗੋਂ ਸਾਲਾਂ ਤੋਂ ਗਿਣੀ ਮਿਥੀ ਚਾਲ ਮੁਤਾਬਿਕ ਪੂਰੀਆਂ ਤਿਆਰੀਆਂ ਨਾਲ ਕੀਤੀ ਗਈ ਹੈ। ਤਾਹੀਓਂ ਦਿੱਲੀ ਦੀ ਤੜ ਅਜੇ ਜਿਉਂ ਦੀ ਤਿਉਂ ਹੈ। ਦਿੱਲੀ ਅਜੇ ਵੀ ਕਿਸਾਨੀ ਲਈ ਪਾਸ ਕੀਤੇ ਮੌਤ ਦੇ ਵਾਰੰਟਾਂ ਨੂੰ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੀ, ਸਗੋਂ ਕਿਸਾਨਾਂ ਦੇ ਹੱਕ ‘ਚ ਦੱਸ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ‘ਮਨ ਕੀ ਬਾਤ’ ਕਰਦਿਆਂ ਨੌਜਵਾਨਾਂ ਨੂੰ ਮੱਤ ਦਿੰਦਿਆਂ ਕਿਹਾ ਹੈ ਕਿ ਉਹ ਬਜ਼ੁਰਗਾਂ ਨੂੰ ਬਿੱਲਾਂ ਬਾਰੇ ਚੰਗੀ ਤਰ੍ਹਾਂ ਸਮਝਾਉਣ। ਪਹਿਲਾਂ ਵੀ ਦੋ ਤਿੰਨ ਵਾਰ ਕਿਸਾਨਾਂ ਨੂੰ ਦਿੱਲੀ ਮੀਟਿੰਗ ਦਾ ਸੱਦਾ ਦੇ ਕੇ ਸਰਕਾਰ ਨੇ ਪਾਸ ਹੋਏ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸਣ ਤੋਂ ਅੱਗੇ ਕੋਈ ਹੋਰ ਗੱਲ ਨਹੀਂ ਕੀਤੀ। ਆਖ਼ਰ ਸਰਕਾਰ ਸਭ ਸਮਝਦਿਆਂ ਹੋਇਆਂ ਵੀ ਅਣਜਾਣ ਕਿਉਂ ਬਣ ਰਹੀ ਹੈ? ਉਹ ਕਿਉਂ ਪੰਜਾਬ ਨੂੰ ਉਜੜਿਆ ਦੇਖਣ ‘ਤੇ ਤੁਲੀ ਹੈ। ਜਿਹੜੇ ਪੰਜਾਬ ਦੇ ਸਿਰ ‘ਤੇ ਸਾਰਾ ਦੇਸ਼ ਪਲ਼ ਰਿਹਾ ਹੈ ਓਹੀ ਪੰਜਾਬ ਕਿਉਂ ਸਰਕਾਰ ਦੀਆਂ ਅੱਖਾਂ ਵਿੱਚ ਏਨਾਂ ਚੁਭਣ ਲੱਗ ਪਿਆ ਹੈ? ਪੰਜਾਬ ਜੋ ਪਹਿਲਾਂ ਹੀ ‘ਨੇਕੀ ਕਰ ਦਰਿਆ ਮੇਂ ਡਾਲ’ ਵਾਲੀ ਕਹਾਵਤ ‘ਤੇ ਚੱਲ ਰਿਹਾ ਹੈ, ਉਸਦੇ ਖੇਤਾਂ ਵਿੱਚ ਉਗਾਈਆਂ ਫਸਲਾਂ ਦੇ ਮੁੱਲ ਵੀ ਉਹ ਖੁਦ ਤੈਅ ਨਹੀਂ ਕਰ ਰਿਹਾ, ਉਸ ਤੋਂ ਸਰਕਾਰ ਹੋਰ ਕੀ ਭਾਲਦੀ ਹੈ। ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਦੀ ਚਾਹੇ ਕਿੰਨੀ ਵੀ ਜ਼ੋਰਾਵਰ ਕਿਉਂ ਨਾਂ ਹੋਵੇ, ਜਿੱਤ ਹਮੇਸ਼ਾ ਨੇਕੀ ਦੀ ਹੁੰਦੀ ਹੈ। ਇਸ ਲਈ ਸਰਕਾਰ ਨੂੰ ਆਪਣਾ ਹਠ ਛੱਡ ਕੇ ਕਿਸਾਨ ਮਾਰੂ ਬਿੱਲ ਵਾਪਿਸ ਲੈ ਲੈਣੇ ਚਾਹੀਦੇ ਹਨ। ਇਸੇ ਵਿੱਚ ਹੀ ਸਭ ਦੀ ਭਲਾਈ ਹੈ।

ਸੰਪਰਕ: 87280-85958

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All