ਲੜੀ ਨੰਬਰ 33

ਸ਼੍ਰੋਮਣੀ ਬਾਲ ਲੇਖਕ ਬਲਜਿੰਦਰ ਮਾਨ

ਸ਼੍ਰੋਮਣੀ ਬਾਲ ਲੇਖਕ ਬਲਜਿੰਦਰ ਮਾਨ

ਬਲਜਿੰਦਰ ਮਾਨ ਦੀ ਕਿਤਾਬ ‘ਫੁੱਟਬਾਲ ਜਗਤ ਮਾਹਿਲਪੁਰ’ ਦਾ ਸਰਵਰਕ।

ਪ੍ਰਿੰ. ਸਰਵਣ ਸਿੰਘ

ਸ਼੍ਰੋਮਣੀ ਬਾਲ ਲੇਖਕ ਵਜੋਂ ਸਨਮਾਨਿਤ ਬਲਜਿੰਦਰ ਮਾਨ ਨੇ ਖੇਡਾਂ ਬਾਰੇ ਦੋ ਪੁਸਤਕਾਂ ‘ਫੁੱਟਬਾਲ ਜਗਤ ਮਾਹਿਲਪੁਰ’ ਅਤੇ ‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ ਲਿਖੀਆਂ ਹਨ। ਇਨ੍ਹਾਂ ਪੁਸਤਕਾਂ ਦਾ ਰਸ ਅਤੇ ਰੰਗ ਦੇਖਣ ਹੀ ਵਾਲਾ ਹੈ। ਉਂਜ, ਉਸ ਨੇ ਇਸ ਤੋਂ ਇਲਾਵਾ ਵੀ ਆਪਣੀ ਕਲਮ ਨਾਲ ਖੂਬ ਕਮਾਈ ਕੀਤੀ ਹੈ। ਉਸ ਦੇ ਪੈਂਤੀ ਸੌ ਤੋਂ ਵੱਧ ਅਖ਼ਬਾਰੀ ਲੇਖ ਅਤੇ ਸੱਤ ਸੌ ਤੋਂ ਵੱਧ ਪੁਸਤਕਾਂ ਦੇ ਰੀਵਿਊ ਛਪ ਚੁੱਕੇ ਹਨ। ਉਹ 15 ਬਾਲ ਪੁਸਤਕਾਂ ਤੇ 5 ਹੋਰ ਪੁਸਤਕਾਂ ਦਾ ਸਿਰਜਕ, 5 ਪੁਸਤਕਾਂ ਦਾ ਅਨੁਵਾਦਕ ਅਤੇ 21 ਪੁਸਤਕਾਂ ਦਾ ਸੰਪਾਦਕ ਹੈ। ਉਹਦੀ ਕਲਮ ਦੀ ਇਹ ਮੈਰਾਥਨ ਲਗਾਤਾਰ ਜਾਰੀ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਇਸ ਮੈਰਾਥਨ ਬਾਰੇ ਗੱਲਾਂ ਕੀਤੀਆਂ ਹਨ।

ਲਜਿੰਦਰ ਮਾਨ ਬਾਲਕਾਂ ਦਾ ਮਨਭਾਉਂਦਾ ਲੇਖਕ ਹੈ। ਭਾਸ਼ਾ ਵਿਭਾਗ ਪੰਜਾਬ ਨੇ ਉਸ ਨੂੰ ਸ਼੍ਰੋਮਣੀ ਬਾਲ ਸਾਹਿਤ ਲੇਖਕ ਐਵਾਰਡ ਨਾਲ ਵਡਿਆਇਆ ਹੈ। ਹੋਰ ਵੀ ਕਈ ਅਦਬੀ ਅਦਾਰਿਆਂ ਨੇ ਬਣਦੇ ਸਰਦੇ ਮਾਣ-ਸਨਮਾਨ ਦਿੱਤੇ ਹਨ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਚਲਾਏ ਰਸਾਲੇ ‘ਬਾਲ ਸੰਦੇਸ਼’ ਦੇ ਬੰਦ ਹੋ ਜਾਣ ਪਿੱਛੋਂ ਮਾਨ 1995 ਤੋਂ ‘ਨਿੱਕੀਆਂ ਕਰੂੰਬਲਾਂ’ ਨਾਂ ਦਾ ਬਾਲ ਰਸਾਲਾ ਕੱਢਦਾ ਆ ਰਿਹਾ ਹੈ। ਉਸ ਨੇ 25 ਬਾਲ ਸਾਹਿਤਕਾਰ ਅਤੇ 25 ਬਾਲ ਸਾਹਿਤ ਲੇਖਕ ‘ਕਰੂੰਬਲਾਂ’ ਪੁਰਸਕਾਰ ਨਾਲ ਸਨਮਾਨਿਤ ਕੀਤੇ ਹਨ ਅਤੇ ਸੈਂਕੜੇ ਬੱਚੇ ਬਾਲ ਸਾਹਿਤ ਸਿਰਜਣਾ ਦੇ ਰਾਹ ਪਾਏ ਹਨ। ਉਸ ਦੇ ਪੈਂਤੀ ਸੌ ਤੋਂ ਵੱਧ ਅਖ਼ਬਾਰੀ ਲੇਖ ਤੇ ਸੱਤ ਸੌ ਤੋਂ ਵੱਧ ਪੁਸਤਕਾਂ ਦੇ ਰੀਵਿਊ ਛਪ ਚੁੱਕੇ ਹਨ। ਉਹ 15 ਬਾਲ ਪੁਸਤਕਾਂ ਤੇ 5 ਹੋਰ ਪੁਸਤਕਾਂ ਦਾ ਸਿਰਜਕ, 5 ਪੁਸਤਕਾਂ ਦਾ ਅਨੁਵਾਦਕ ਅਤੇ 21 ਪੁਸਤਕਾਂ ਦਾ ਸੰਪਾਦਕ ਹੈ। ਅਜੇ ਕਿਹੜਾ ਬੱਸ ਹੈ? ਉਹਦੀ ਕਲਮ ਦੀ ਮੈਰਾਥਨ ਲਗਾਤਾਰ ਜਾਰੀ ਹੈ।

ਮੇਰੇ ਸੰਪਰਕ ਵਿਚ ਉਹ ਆਪਣੀ ਖੇਡ ਪੁਸਤਕ ‘ਫੁੱਟਬਾਲ ਜਗਤ ਮਾਹਿਲਪੁਰ’ ਦਾ ਮੁੱਖਬੰਦ ਲਿਖਵਾਉਣ ਨਾਲ ਆਇਆ ਸੀ। ਉਹ ਪੁਸਤਕ ਉਸ ਨੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਸਹਿਯੋਗ ਨਾਲ 1995 ਵਿਚ ਪ੍ਰਕਾਸਿ਼ਤ ਕੀਤੀ ਜਿਸ ਵਿਚ ਮਾਹਿਲਪੁਰ ਇਲਾਕੇ ਦੇ ਸੌ ਕੁ ਫੁੱਟਬਾਲਰਾਂ ਬਾਰੇ ਜਾਣਕਾਰੀ ਦਿੱਤੀ। ਉਸ ਨੇ ‘ਖੇਡ ਜਗਤ ਵਿਚ ਪਹਿਲਾ ਕਦਮ’ ਸਿਰਲੇਖ ਹੇਠ ਲਿਖਿਆ: ਮਾਹਿਲਪੁਰ ਜਿਥੇ ਚੀਨੀ ਯਾਤਰੀ ਹਿਊਨਸਾਂਗ ਮਹਾਰਾਜਾ ਹਰਸ਼ਵਰਧਨ ਦੇ ਰਾਜ ਕਾਲ ਵਿਚ ਆਇਆ, ਦੀ ਆਬੋ-ਹਵਾ ਨੇ ਮੈਨੂੰ ਲੋਰੀਆਂ ਦਾ ਨਿੱਘ ਦਿੱਤਾ। ਇਸ ਧਰਤੀ ਦੇ ਸੰਧੂਰੀ ਅੰਬਾਂ ਦੀ ਮਹਿਕ ਨੇ ਮੇਰੀ ਕਲਮ ਨੂੰ ਸਭਿਅਕ ਸੂਝ ਬਖ਼ਸ਼ੀ ਅਤੇ ਇਥੋਂ ਦੀ ਅਮੀਰ ਖੇਡ ਵਿਰਾਸਤ ਨੇ ਸਿਹਤ ਅਤੇ ਸੇਧ ਦਾ ਭਰਪੂਰ ਖਜ਼ਾਨਾ ਦਿੱਤਾ। ... ਇਸ ਪੁਸਤਕ ਵਿਚ ਕੌਮੀ ਅਤੇ ਕੌਮਾਂਤਰੀ ਪ੍ਰਤਿਭਾ ਦੇ ਮਾਲਕ ਖਿਡਾਰੀ ਅਤੇ ਖਿਡਾਰਨਾਂ ਹੀ ਸ਼ਾਮਲ ਨਹੀਂ ਸਗੋਂ ਫੁੱਟਬਾਲ ਨਾਲ ਸਬੰਧਤ ਰਿਕਾਰਡ ਅਤੇ ਭਾਰਤੀ ਫੁੱਟਬਾਲ ਟੀਮਾਂ ਦੇ ਓਲੰਪਿਕ, ਏਸ਼ੀਅਨ ਅਤੇ ਵਿਸ਼ਵ ਕੱਪਾਂ ਵਿਚ ਭਾਗ ਲੈਣ ਬਾਰੇ ਵੀ ਜਾਣਕਾਰੀ ਦਿੱਤੀ ਹੈ। ਭਾਰਤ ਵਿਚ ਖੇਡੇ ਜਾਂਦੇ ਪ੍ਰਸਿੱਧ ਫੁੱਟਬਾਲ ਕੱਪਾਂ ਅਤੇ ਟਰਾਫੀਆਂ ਦਾ ਵੀ ਵੇਰਵਾ ਦਿੱਤਾ ਹੈ।

ਹਰਬੰਸ ਸਿੰਘ ਬੈਂਸ ਨੇ ਲਿਖਿਆ: ਜਿਹੜੀ ਕੌਮ ਆਪਣੇ ਵਿਰਸੇ ਦੀ ਸੰਭਾਲ ਨਹੀਂ ਕਰਦੀ, ਭਵਿੱਖ ਉਸ ਨੂੰ ਕਦੀ ਮੁਆਫ਼ ਨਹੀਂ ਕਰਦਾ। ਮਾਹਿਲਪੁਰ ਦੀ ਫਿਜ਼ਾ ਵਿਚ ਰੁਕਮਦੀ ਅੰਬੀਆਂ ਦੀ ਮਹਿਕ ਅਤੇ ਫੁੱਟਬਾਲਰਾਂ ਦੀ ਟਹਿਕ ਹਰ ਇਕ ਲਈ ਖਿੱਚ ਦਾ ਕੇਂਦਰ ਹੈ। ਫੁੱਟਬਾਲ ਦੀ ਅਮੀਰ ਵਿਰਾਸਤ ਨੂੰ ਸਾਂਭਣ ਅਤੇ ਅਗਲੀ ਪੀੜ੍ਹੀ ਦੇ ਹਵਾਲੇ ਕਰਨ ਦਾ ਜਿ਼ੰਮਾ ਪ੍ਰਿੰਸੀਪਲ ਹਰਿਭਜਨ ਸਿੰਘ ਸਪੋਰਟਿੰਗ ਕਲੱਬ ਨੇ ਹਰ ਸਾਲ ਟੂਰਨਾਮੈਂਟ ਕਰਵਾ ਕੇ ਤਾਂ ਨਿਭਾਇਆ ਹੀ ਹੈ, ਨਾਲ ਹਥਲੀ ਪੁਸਤਕ ਦਾ ਪ੍ਰਕਾਸ਼ਨ ਕਰ ਕੇ ਖੇਡ ਸਾਹਿਤ ਨੂੰ ਅਮੀਰ ਅਤੇ ਫੁੱਟਬਾਲ ਦੀ ਨਵੀਂ ਪਨੀਰੀ ਲਈ ਪ੍ਰੇਰਕ ਵੀ ਬਣਾਇਆ ਹੈ। ਸਾਨੂੰ ਮਾਣ ਹੈ ਬਲਜਿੰਦਰ ਮਾਨ ਉਤੇ ਜਿਸ ਨੇ ਇਥੋਂ ਦੇ ਹੀ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਵਾਂਗ ਆਪਣੀ ਅਣਥੱਕ ਮਿਹਨਤ, ਸਿਰੜ ਤੇ ਲਗਨ ਨਾਲ ਫੁੱਟਬਾਲ ਖਿਡਾਰੀਆਂ ਬਾਰੇ ਜਾਣਕਾਰੀ ਅਤੇ ਫੁੱਟਬਾਲ ਸੰਸਾਰ ਦੀਆਂ ਅਹਿਮ ਘਟਨਾਵਾਂ ਨੂੰ ਇਕੱਤਰ ਕਰ ਕੇ ਆਪਣੇ ਇਲਾਕੇ ਅਤੇ ਖੇਡ ਜਗਤ ਲਈ ਮਾਅਰਕੇ ਵਾਲੀ ਗੱਲ ਕੀਤੀ ਹੈ।

ਪ੍ਰੇਮ ਗੋਰਖੀ ਨੇ ਲਿਖਿਆ: ਪੰਜਾਬ ਵਿਚ ਦੁਆਬੇ ਦੀ ਧਰਤ ਨੂੰ ਇਹ ਸ਼ਰਫ ਹਾਸਲ ਰਿਹਾ ਹੈ ਕਿ ਇਹਨੇ ਦੁਨੀਆ ਨੂੰ ਬੜੇ ਪ੍ਰਤਿਭਾਵਾਨ ਮਨੁੱਖ ਦਿੱਤੇ ਹਨ। ਚਾਹੇ ਵਿਦਿਅਕ ਖੇਤਰ ਲੈ ਲਓ, ਚਾਹੇ ਵਿਗਿਆਨਕ, ਚਾਹੇ ਕਲਾ, ਚਾਹੇ ਖੇਡ ਖੇਤਰ, ਦੁਆਬੇ ਦੀ ਇਸ ਧਰਤੀ ਦਾ ਕੋਈ ਮੁਕਾਬਲਾ ਨਹੀਂ। ਦੁਆਬੇ ਅੰਦਰ ਹੁਸਿ਼ਆਰਪੁਰ ਜਿ਼ਲ੍ਹੇ ਦਾ ਬੜਾ ਮਹੱਤਵਪੂਰਨ ਤੇ ਵੱਖਰਾ ਸਥਾਨ ਹੈ; ਤੇ ਜਿ਼ਲ੍ਹੇ ਅੰਦਰ ਮਾਹਿਲਪੁਰ ਇਲਾਕੇ ਦੀਆਂ ਧੁੰਮਾਂ ਹਨ। ਅੱਜਕੱਲ੍ਹ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਹੋਣ ਕਰ ਕੇ ਹੋਰ ਵੀ ਮਸ਼ਹੂਰ ਹੈ। ਇਸ ਦੇ ਨਾਲ ਹੀ ਮਾਣ ਹੁੰਦਾ ਹੈ ਮਾਹਿਲਪੁਰ ਦੇ ਖ਼ਾਲਸਾ ਕਾਲਜ ਦੀਆਂ ਗਰਾਊਂਡਾਂ ਦੀ ਨਰਮ ਤੇ ਸ਼ਗਨਾਂ ਭਰੀ ਮਿੱਟੀ ਤੇ, ਜਿਸ ਨੇ ਅਨੇਕਾਂ ਨਾਮਵਰ ਖਿਡਾਰੀ ਪੈਦਾ ਕੀਤੇ। ਮੈਨੂੰ ਫਖ਼ਰ ਹੈ ਕਿ ਕੁਝ ਸਮਾਂ ਮੈਨੂੰ ਵੀ ਇਸ ਮਿੱਟੀ ਦੀ ਮਹਿਕ ਮਾਨਣ ਦਾ ਮੌਕਾ ਮਿਲਿਆ। ਮੈਂ ਵੀ ਕਦੇ ਖੈਰੜ ਅੱਛਰਵਾਲ, ਭਾਮ, ਸਰਹਾਲਾ ਖੁਰਦ, ਸੈਲਾ, ਪਾਲਦੀ, ਬਿੰਜੋ ਤੇ ਲੰਗੇਰੀ ਦੇ ਖੇਤਾਂ ਵਿਚ ਘੁੰਮਦਿਆਂ, ਖੇਡਦਿਆਂ ਇਸ ਮਿੱਟੀ ਦਾ ਸੁਆਦ ਮਾਣਿਆ। ਮਾਹਿਲਪੁਰ ਦੀ ਧਰਤੀ ਆਪਣੇ ਪ੍ਰਤਿਭਾਸ਼ਾਲੀ ਪੁੱਤਰ ਪ੍ਰਿੰਸੀਪਲ ਹਰਭਜਨ ਸਿੰਘ ਨੂੰ ਸਦਾ ਯਾਦ ਰੱਖੇਗੀ।

ਇਤਿਹਾਸ ਵਿਚ ਮਾਹਿਲਪੁਰ ਨੂੰ ਸਿੰਧ ਵਾਦੀ ਦੀ ਸਭਿਅਤਾ ਦਾ ਸ਼ਹਿਰ ਦਰਸਾਇਆ ਗਿਆ ਹੈ। ਚੀਨੀ ਯਾਤਰੀ ਹਿਊਨਸਾਂਗ 635 ਵਿਚ ਜਲੰਧਰ ਤੋਂ ਚੰਬਾ ਵਾਦੀ ਨੂੰ ਜਾਂਦਿਆਂ ਮਹੀਪਾਲਪੁਰ ਵਿਚ ਦੀ ਲੰਘਿਆ ਸੀ ਜਿਸ ਦਾ ਨਾਂ ਬਾਅਦ ਵਿਚ ਮਾਹਿਲਪੁਰ ਪੈ ਗਿਆ। ਇਥੇ 1909 ਵਿਚ ਖ਼ਾਲਸਾ ਹਾਈ ਸਕੂਲ ਹੋਂਦ ਵਿਚ ਆਇਆ ਜਿਸ ਨੇ ਇਲਾਕੇ ਵਿਚ ਪੜ੍ਹਾਈ ਲਿਖਾਈ ਦਾ ਮਾਹੌਲ ਪੈਦਾ ਕੀਤਾ। ਇਥੋਂ ਦਾ ਫੌਜੀ ਬੁੱਕਣ ਸਿੰਘ ਬੈਂਸ ਪਹਿਲੀ ਸੰਸਾਰ ਜੰਗ ਦਾ ਹੀਰੋ ਸੀ ਜਿਸ ਦਾ ਬੁੱਤ ਕੈਨੇਡਾ ਵਿਚ ਸੁਭਾਇਮਾਨ ਹੈ। ਇਸੇ ਇਲਾਕੇ ਦਾ ਹਰਜੀਤ ਸਿੰਘ ਸੱਜਣ ਕੈਨੇਡਾ ਦਾ ਡਿਫੈਂਸ ਮਨਿਸਟਰ ਬਣਿਆ। ਕਬੱਡੀ ਦਾ ਐਟਮ ਬੰਬ ਸੰਤੋਖ ਸਿੰਘ ਤੋਖੀ, ਢਾਡੀ ਅਮਰ ਸਿੰਘ ਸ਼ੌਂਕੀ, ਪ੍ਰਿੰਸੀਪਲ ਦਰਸ਼ਨ ਸਿੰਘ ਕੋਮਲ, ਵਾਰਸ ਭਰਾ, ਦੇਬੀ ਮਖਸੂਸਪੁਰੀ, ਸਤਿੰਦਰ ਸਰਤਾਜ ਦੇ ਹੋਰ ਬਹੁਤ ਸਾਰੇ ਗਵੱਈਏ ਇਸ ਇਲਾਕੇ ਦੀ ਦੇਣ ਹਨ।

ਮੈਂ ਉਸ ਦੇ ਮੁੱਖਬੰਦ ਦਾ ਸਿਰਲੇਖ ‘ਖੇਡ ਅਦਬ ਵਿਚ ਹੋਰ ਵਾਧਾ’ ਰੱਖ ਕੇ ਲਿਖਿਆ ਸੀ: ਕਈ ਸਾਲ ਪਹਿਲਾਂ ਦੀ ਗੱਲ ਹੈ, ਇਕ ਸਾਹਿਤਕ ਗੋਸ਼ਟੀ ਵਿਚ ਮੈਥੋਂ ਖੇਡ ਅਦਬ ਦਾ ਜਿ਼ਕਰ ਹੋ ਗਿਆ। ਪਿੱਛੋਂ ਬੋਲਣ ਵਾਲੇ ਇਕ ਆਲੋਚਕ ਨੇ ਕਿਹਾ ਕਿ ਖੇਡ ਅਦਬ ਕੋਈ ਅਦਬ ਨਹੀਂ ਹੁੰਦਾ। ਉਸ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਪੁਸਤਕਾਂ ਲਿਖਣ ਵਾਲਿਆਂ ਨੂੰ ਸਾਹਿਤਕਾਰ ਕਹਿਣ ਕਹਾਉਣ ਵਾਲਿਆਂ ਦਾ ਮਖੌਲ ਉਡਾਇਆ। ਮੇਰਾ ਕਹਿਣਾ ਸੀ ਕਿ ਰੇਖਾ ਚਿੱਤਰ ਭਾਵੇਂ ਸਾਹਿਤਕਾਰ ਦਾ ਹੋਵੇ, ਅਦਾਕਾਰ ਦਾ ਹੋਵੇ, ਭਾਵੇਂ ਭਲਵਾਨ ਦਾ ਹੋਵੇ, ਜੇਕਰ ਉਹਦੇ ਵਿਚ ਸਾਹਿਤਕ ਛੋਹਾਂ ਹਨ ਤਾਂ ਉਹ ਸਾਹਿਤ ਹੀ ਹੈ। ਮਨੁੱਖੀ ਜਜ਼ਬਿਆਂ ਨਾਲ ਓਤਪੋਤ ਕਿਸੇ ਵੀ ਵਿਸ਼ੇ ਦੀ ਲਿਖਤ ਸਾਹਿਤ ਦੇ ਦਾਇਰੇ ਵਿਚ ਆਉਂਦੀ ਹੈ। ਰੁੱਖਾ ਬੇਜਾਨ ਬਿਰਤਾਂਤ ਅਸਾਹਿਤਕ ਆਖਿਆ ਜਾ ਸਕਦਾ ਹੈ ਪਰ ਸਾਡੇ ਉਸ ਆਲੋਚਕ ਨੇ ਇਕੋ ਹੀ ਨੰਨਾ ਫੜਿਆ ਹੋਇਆ ਸੀ ਕਿ ਖੇਡਾਂ ਖਿਡਾਰੀਆਂ ਬਾਰੇ ਲਿਖਣ ਵਾਲਿਆਂ ਨੂੰ ਸਾਹਿਤਕਾਰ ਨਹੀਂ ਮੰਨਿਆ ਜਾ ਸਕਦਾ। ਅਖ਼ੀਰ ਮੈਨੂੰ ਕਹਿਣਾ ਪਿਆ ਸੀ ਕਿ ਜੇ ਤੁਸੀਂ ਸਾਨੂੰ ਸਾਹਿਤਕਾਰ ਨਹੀਂ ਮੰਨਦੇ ਤਾਂ ਸਿਹਤਕਾਰ ਹੀ ਮੰਨ ਲਓ! ਜੇਕਰ ਸਾਡੇ ਅੰਦਰ ਦਮ ਹੋਇਆ ਤਾਂ ਆਉਂਦੇ ਸਾਲਾਂ ਵਿਚ ਅਸੀਂ ਤੁਹਾਨੂੰ ਪੰਜਾਬੀ ਖੇਡ ਅਦਬ ਦੀ ਵੱਖਰੀ ਅਲਮਾਰੀ ਸਿ਼ੰਗਾਰ ਕੇ ਦਿਖਾਵਾਂਗੇ...।

ਆਖ਼ਰ ਖੇਡ ਸਾਹਿਤ ਦੀ ਵੱਖਰੀ ਅਲਮਾਰੀ ਸਜ ਗਈ ਹੈ ਜਿਸ ਬਾਰੇ ਇਹ ਕਾਲਮ ਲਿਖਿਆ ਜਾ ਰਿਹਾ ਹੈ।

ਬਲਜਿੰਦਰ ਮਾਨ ਦਾ ਜਨਮ 15 ਮਈ 1964 ਨੂੰ ਪਿਤਾ ਭਜਨਾ ਰਾਮ ਤੇ ਮਾਤਾ ਭਜਨ ਕੌਰ ਦੇ ਘਰ ਗੜ੍ਹਸ਼ੰਕਰ ਨੇੜੇ ਪਿੰਡ ਮਹਿਮਦਵਾਲ ਕਲਾਂ ਵਿਚ ਹੋਇਆ। ਸਿ਼ਵਾਲਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸੇ ਮਹਿਮਦਵਾਲ ਦੀਆਂ ਗਲੀਆਂ ਵਿਚ ਖੇਡਦਾ ਬਲਜਿੰਦਰ ਮਾਨ ਹੁਣ ਮਾਹਿਲਪੁਰੀਆਂ ਦਾ ਮਾਣ ਹੈ। ਉਸ ਨੇ ਮਹਿਮਦਵਾਲ, ਗੜ੍ਹਸੰਕਰ ਤੇ ਹੁਸਿ਼ਆਰਪੁਰ ਤੋਂ ਪੜ੍ਹਾਈ ਕਰਦਿਆਂ ਐੱਮਏ ਪੰਜਾਬੀ, ਐੱਮਏ ਰਾਜਨੀਤੀ ਸ਼ਾਸਤਰ, ਬੀਐੱਡ ਤੇ ਜਰਨਲਿਜ਼ਮ ਦੀਆਂ ਡਿਗਰੀਆਂ ਹਾਸਲ ਕੀਤੀਆਂ। ਫਿਰ ਪ੍ਰਾਈਵੇਟ ਸਕੂਲ ‘ਸੁਰ ਸੰਗਮ’ ਚਲਾਉਣ ਅਤੇ ਪੱਤਰਕਾਰੀ ਕਰਨ ਨਾਲ ਬੱਚਿਆਂ ਲਈ ਕਈ ਪਰਉਪਕਾਰੀ ਕਾਰਜ ਕੀਤੇ। ਮਿੱਠੀ ਬੋਲ ਬਾਣੀ ਤੇ ਨਿਮਰਤਾ ਉਹਦੇ ਖ਼ਾਸ ਗੁਣ ਹਨ। ਨਸਿ਼ਆਂ ਤੋਂ ਕੋਹਾਂ ਦੂਰ ਹੈ ਤੇ ਭੋਜਨ ਵੀ ਵੈਸ਼ਨੂੰ ਕਰਦਾ ਹੈ। ਉਸ ਦੇ ਯਤਨਾਂ ਨਾਲ ਮਾਹਿਲਪੁਰ ਬਾਲ ਮੇਲਿਆਂ, ਸਭਿਆਚਾਰਕ ਮੇਲਿਆਂ, ਖੇਡ ਮੇਲਿਆਂ, ਕਵੀ ਦਰਬਾਰਾਂ, ਕਹਾਣੀ ਦਰਬਾਰਾਂ ਤੇ ਸਾਹਿਤਕ ਸੈਮੀਨਾਰਾਂ ਦਾ ਕੇਂਦਰ ਬਣ ਗਿਆ। ਅਸ਼ੋਕ ਭੌਰੇ ਨੇ ਉਹਨੂੰ ਨਾਲ ਰਲਾ ਕੇ ਢਾਡੀ ਅਮਰ ਸਿੰਘ ਦੀ ਯਾਦ ਵਿਚ ਮਾਹਿਲਪੁਰ ਦਾ ‘ਸੌਂਕੀ ਮੇਲਾ’ ਸ਼ੁਰੂ ਕੀਤਾ ਜਿਸ ਨੂੰ ਮੋਹਨ ਸਿੰਘ ਮੇਲੇ ਵਾਲੇ ਜਗਦੇਵ ਸਿੰਘ ਜੱਸੋਵਾਲ ਦਾ ਥਾਪੜਾ ਰਿਹਾ। ਕਹਿੰਦੇ ਕਹਾਉਂਦੇ ਗਾਇਕ ਸ਼ੌਂਕੀ ਮੇਲੇ ਦੀਆਂ ਹਾਜ਼ਰੀਆਂ ਭਰਦੇ ਰਹੇ। ਬਲਜਿੰਦਰ ਮਾਨ ਅੱਜ ਕੱਲ੍ਹ ਸਰਕਾਰੀ ਮਿਡਲ ਸਕੂਲ ਭਾਰਟਾ ਗਨੇਸ਼ਪੁਰ ਦਾ ਮੁਖੀ ਹੈ। ਰਿਟਾਇਰਮੈਂਟ ਨੇੜੇ ਹੈ ਤੇ ਉਸ ਪਿੱਛੋਂ ਉਸ ਨੇ ਕੁਲਵਕਤੀ ਲੇਖਕ ਹੋ ਜਾਣਾ ਹੈ। ਕਿਸੇ ਸਮਰੱਥ ਅਦਾਰੇ ਨੂੰ ਅਜਿਹੇ ਉੱਦਮੀ ਤੋਂ ਕੰਮ ਲੈਂਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਖ਼ਾਸ ਪ੍ਰਾਜੈਕਟ ਦੀ ਖੋਜ ਵਿਚ ਲਾ ਦੇਣਾ ਚਾਹੀਦਾ ਹੈ।

ਬਲਜਿੰਦਰ ਮਾਨ ਦੀ ਦੂਜੀ ਖੇਡ ਪੁਸਤਕ ਮਾਹਿਲਪੁਰ ਦੇ ਫੁੱਟਬਾਲਰਾਂ ਬਾਰੇ ਹੀ ਹੈ ਜਿਸ ਦਾ ਨਾਂ ‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ ਹੈ ਜੋ 2021 ਵਿਚ ਛਪੀ। ਲਿਖਿਆ ਹੈ: ਇਤਿਹਾਸਕ ਪਿੰਡ ਬਜਵਾੜੇ ਲਾਗੇ ਛਾਉਣੀ ਹੁੰਦੀ ਸੀ ਜਿਥੇ ਅੰਗਰੇਜ਼ ਫੁੱਟਬਾਲ ਖੇਡਦੇ ਸਨ। ਬਜਵਾੜੇ ਤੇ ਮਾਹਿਲਪੁਰ ਨੇ ਇਸ ਖੇਡ ਨੂੰ ਸਭ ਤੋਂ ਵੱਧ ਪਿਆਰਿਆ। ਬਾਅਦ ਵਿਚ ਮਾਹਿਲਪੁਰ ਫੁੱਟਬਾਲ ਦਾ ਘਰ ਬਣ ਕੇ ਚਮਕ ਉਠਿਆ। ਪ੍ਰਿੰਸੀਪਲ ਹਰਭਜਨ ਸਿੰਘ ਅਤੇ ਲਾਭ ਸਿੰਘ ਹੋਰੀਂ ਲਾਹੌਰ ਕਾਲਜ ਵਿਚ ਫੁੱਟਬਾਲ ਦੇ ਖਿਡਾਰੀ ਸਨ। ਉਨ੍ਹਾਂ ਨੇ ਫੁੱਟਬਾਲ ਦੇ ਬੀਜ ਮਾਹਿਲਪੁਰ ਦੇ ਆਲੇ ਦੁਆਲੇ ਬੋਅ ਕੇ ਫੁੱਟਬਾਲ ਦੀ ਭਰਪੂਰ ਫਸਲ ਬਣਾ ਦਿੱਤਾ। 1934 ਵਿਚ ਇਥੋਂ ਦਾ ਖ਼ਾਲਸਾ ਕਲੱਬ ਤੇ ਬਾਅਦ ਵਿਚ ਈਗਲ ਕਲੱਬ ਫੁੱਟਬਾਲ ਮੁਕਾਬਲਿਆਂ ਵਿਚ ਅੱਗੇ ਲੱਗ ਤੁਰੇ। 1948 ਵਿਚ ਗੁਲਬਰਗ ਸਿੰਘ ਬੈਂਸ ਦੀ ਪਹਿਲਕਦਮੀ ਨਾਲ ਮੈਂਗੋ ਸੀਜ਼ਨ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ ਤੇ ਇਹ ਇਲਾਕਾ ਫੁੱਟਬਾਲ ਦਾ ਦੀਵਾਨਾ ਬਣ ਗਿਆ।

ਉਸ ਖੇਡ ਪੁਸਤਕ ਦੇ ਮੁੱਖਬੰਦ ਵਿਚ ਮੈਂ ਲਿਖਿਆ: ਜਿਵੇਂ ਸੰਸਾਰਪੁਰ ਨੂੰ ਹਾਕੀ ਦਾ ਘਰ ਕਿਹਾ ਜਾਂਦਾ ਹੈ, ਉਵੇਂ ਮਾਹਿਲਪੁਰ ਫੁੱਟਬਾਲ ਦਾ ਘਰ ਹੈ। ਸੰਸਾਰਪੁਰੀਆਂ ਨੂੰ ਹਾਕੀ ਦੀ ਜਾਗ ਜਲੰਧਰ ਛਾਉਣੀ ਨੇ ਲਾਈ ਸੀ ਜਦਕਿ ਮਾਹਿਲਪੁਰੀਆਂ ਨੂੰ ਫੁੱਟਬਾਲ ਦੀ ਜਾਗ ਬਜਵਾੜੇ ਦੀ ਛਾਉਣੀ ਨੇ ਲਾਈ। ਪਹਿਲਾਂ ਪਹਿਲ ਪੰਜਾਬ ਦੇ ਮੁੰਡੇ ਫੌਜੀ ਛਾਉਣੀਆਂ ਵਿਚ ਅੰਗਰੇਜ਼ ਅਫ਼ਸਰਾਂ ਤੇ ਜੁਆਨਾਂ ਨੂੰ ਹਾਕੀ/ਫੁੱਟਬਾਲ ਖੇਡਦੇ ਦੇਖ ਕੇ ਹਾਕੀ/ਫੁੱਟਬਾਲ ਖੇਡਣ ਲੱਗੇ। ਫਿਰ ਰੀਸ ਅੱਗੇ ਤੋਂ ਅੱਗੇ ਤੁਰਦੀ ਗਈ। ਰੀਸ ਕਰਨਾ ਪੰਜਾਬੀਆਂ ਦਾ ਜੱਦੀ ਪੁਸ਼ਤੀ ਸੁਭਾਅ ਹੈ। ਰੀਸ ਭਾਵੇਂ ਫੌਜਾਂ ਵਿਚ ਭਰਤੀ ਹੋਣ ਦੀ ਹੋਵੇ, ਭਾਵੇਂ ਬਾਰਾਂ ਆਬਾਦ ਕਰਨ ਦੀ ਹੋਵੇ, ਭਾਵੇਂ ਪਰਦੇਸ ਜਾਣਦੀ ਹੋਵੇ ਤੇ ਭਾਵੇਂ ਕਲਕੱਤੇ ਦੇ ਡਰਾਈਵਰ ਬਣਨ ਦੀ ਹੋਵੇ। ਚੁਟਕਲੇ ਚਲਦੇ ਰਹੇ ਕਿ ਕਿਲਾ ਰਾਇਪੁਰ ਵੱਲ ਦੇ ਬੱਚੇ ਤਦ ਹੀ ਜਨਮ ਲੈਂਦੇ ਜਦੋਂ ਕਿਹਾ ਜਾਂਦਾ ਕਿ ਜੰਮ ਪਓ, ਤੁਹਾਨੂੰ ਕਲਕੱਤੇ ਭੇਜ ਦਿਆਂਗੇ! ਉਦੋਂ ਉਸ ਇਲਾਕੇ ਵਿਚ ਕਲਕੱਤੇ ਦੇ ਡਰਾਈਵਰ ਬਣਨ ਦੀ ਰੀਸ ਪਈ ਹੋਈ ਸੀ। ਫਿਰ ਚੁਟਕਲਾ ਚੱਲਿਆ ਕਿ ਸੰਸਾਰਪੁਰ ਵਿਚ ਬੱਚੇ ਤਦ ਤਕ ਜਨਮ ਨਹੀਂ ਲੈਂਦੇ ਜਦ ਤਕ ਉਨ੍ਹਾਂ ਦੀਆਂ ਮਾਵਾਂ ਸਿਰ੍ਹਾਣੇ ਹਾਕੀ ਨਹੀਂ ਰੱਖੀ ਜਾਂਦੀ! ਮਾਹਿਲਪੁਰੀਆਂ ਨੂੰ ਖ਼ੁਦ ਪਤਾ ਹੋਊ ਪਈ ਉਥੇ ਬੱਚੇ ਕਿਹੜੇ ਲਾਲਚ ਨਾਲ ਜੰਮਦੇ ਰਹੇ? ਹੋ ਸਕਦਾ ਹੈ ਉਨ੍ਹਾਂ ਨੂੰ ਫੁੱਟਬਾਲਰ ਬਣਾਉਣ ਦਾ ਲਾਲਚ ਦਿੱਤਾ ਜਾਂਦਾ ਹੋਵੇ। ਹੁਣ ਤਾਂ ਪਤਾ ਹੀ ਹੈ, ਕੀ ਕਿਲਾ ਰਾਇਪੁਰ, ਕੀ ਸੰਸਾਰਪੁਰ ਤੇ ਕੀ ਮਾਹਿਲਪੁਰ, ਪੰਜਾਬ ਵਿਚ ਸਾਰੇ ਬੱਚੇ ਹੀ ਵਿਦੇਸ਼ ਭੇਜਣ ਲਈ ਆਈਲੈੱਟਸ ਕਰਾਉਣ ਦੇ ਲਾਲਚ ਨਾਲ ਜੰਮਦੇ ਹਨ!

‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ ਪੁਸਤਕ ਵਿਚ ਫੁੱਟਬਾਲ ਨਾਲ ਸਬੰਧਿਤ ਸੌ ਤੋਂ ਵੱਧ ਫੁੱਟਬਾਲ ਸ਼ੌਂਕੀਆਂ ਦੇ ਸੰਖੇਪ ਰੇਖਾ ਚਿੱਤਰ ਉਲੀਕੇ ਹਨ ਅਤੇ ਇਸ ਪੁਸਤਕ ਨੂੰ ਵੀ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਨੇ ਪ੍ਰਕਾਸਿ਼ਤ ਕੀਤਾ ਹੈ। ਮਾਨ ਦੀ ਲਿਖਤ ਵਿਚ ਰਸ ਵੀ ਹੈ ਤੇ ਰੰਗ ਵੀ। ਇਹ ਪੁਸਤਕ ਜਿਥੇ ਮਾਹਿਲਪੁਰ ਇਲਾਕੇ ਦੇ ਫੁੱਟਬਾਲਰਾਂ ਬਾਰੇ ਪ੍ਰਮਾਣਿਕ ਜਾਣਕਾਰੀ ਦਿੰਦੀ ਹੈ, ਉਥੇ ਸਾਹਿਤਕ ਸੁਹਜ ਸੁਆਦ ਦੀ ਪੂਰਤੀ ਵੀ ਕਰਦੀ ਹੈ। ਬਲਜਿੰਦਰ ਮਾਨ ਦੀ ਲਿਖਣ ਸ਼ੈਲੀ ਵਿਚ ਦੁਆਬੇ ਦੀਆਂ ਅੰਬੀਆਂ ਵਰਗੀ ਚਾਸ਼ਣੀ ਹੈ ਅਤੇ ਅੰਬਾਂ ਦੇ ਬੂਰ ਵਰਗੀ ਮਹਿਕ। ਕਾਨੇ ਕਮਾਦ ਦੇ ਰਹੁ ਵਰਗਾ ਰਸ ਹੈ। ਉਸ ਦੀ ਰਵਾਂ ਵਾਰਤਕ ਵਿਚ ਦੁਆਬੇ ਦੇ ਚੋਆਂ ਵਰਗਾ ਵਹਿਣ ਹੈ।

ਮੈਂ ਬੇਸ਼ਕ ਮਾਲਵੇ ਦੇ ਪਿੰਡ ਚਕਰ ਦਾ ਜੰਮਪਲ ਹਾਂ ਪਰ ਮੇਰੇ ਉਤੇ ਮਾਝੇ ਤੇ ਦੁਆਬੇ ਦਾ ਪਾਹ ਵੀ ਚੜ੍ਹਿਆ ਹੋਇਆ ਹੈ। ਮੇਰੇ ਵਡੇਰੇ ਮਾਝੇ ਦੇ ਪਿੰਡ ਸਰਹਾਲੀ ਦੇ ਸਨ ਤੇ ਮੇਰਾ ਪਕਰੋੜ ਉਮਰ ਦਾ ਸਮਾਂ ਦੁਆਬੇ ਵਿਚ ‘ਮੁਕੰਦਪੁਰ ਸ਼ਹਿਰ ਨਗੀਨਾ’ ਕਹੇ ਜਾਂਦੇ ਪਿੰਡ ਵਿਚ ਬੀਤਿਆ ਜਿਥੇ ਮੈਂ ਅਮਰਦੀਪ ਮੈਮੋਰੀਅਲ ਕਾਲਜ ਦਾ ਪ੍ਰਿੰਸੀਪਲ ਰਿਹਾਂ। ਮੇਰੇ ਨੂੰਹ-ਪੁੱਤ 1997 ਤੋਂ ਉਥੇ ਹੀ ਪੜ੍ਹਾਉਂਦੇ ਹਨ ਜਿਥੇ ਮੇਰਾ ਵੀ ਆਉਣ ਜਾਣ ਬਣਿਆ ਰਹਿੰਦਾ ਹੈ। ਚੰਡੀਗੜ੍ਹ ਤੋਂ ਆਪਣੇ ਪਿੰਡ ਸੂਨੀ ਨੂੰ ਜਾਂਦਾ ਗੁਲਜ਼ਾਰ ਸਿੰਘ ਸੰਧੂ ਵੀ ਕਦੇ ਕਦਾਈਂ ਗੇੜਾ ਮਾਰ ਜਾਂਦਾ ਹੈ। ਬਲਜਿੰਦਰ ਮਾਨ ਦਾ ਵੀ ਮੁਕੰਦਪੁਰ ਵੱਲ ਗੇੜਾ ਵੱਜਦਾ ਰਹਿੰਦਾ ਹੈ। ਮਾਹਿਲਪੁਰ ਕਾਲਜ ਦਾ ਸਵਰਗਵਾਸੀ ਅਥਲੀਟ ਜਰਨੈਲ ਸਿੰਘ ਸਤੰਬਰ 1960 ਵਿਚ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਲੁਧਿਆਣੇ ਲੱਗੇ ਕੋਚਿੰਗ ਕੈਂਪ ਵਿਚ ਮਿਲਿਆ ਸੀ। ਉਥੇ ਅਸੀਂ ਪੰਦਰਾਂ ਦਿਨ ਇਕੱਠੇ ਰਹੇ। ਉਹ ਇਕ ਲੱਤ ਤੇ ਦੌੜ ਦਾ ਟਰੈਕ ਦਾ ਪੂਰਾ ਚੱਕਰ ਲਾ ਦਿੰਦਾ ਸੀ। ਉਹਦੀਆਂ ਲੱਤਾਂ ਵਿਚ ਲੋਹੜੇ ਦੀ ਤਾਕਤ ਸੀ ਜਿਸ ਕਰ ਕੇ ਉਹ 800 ਮੀਟਰ ਤੇ 1500 ਮੀਟਰ ਦੀਆਂ ਦੌੜਾਂ ਦਾ ਯੂਨੀਵਰਸਿਟੀ ਤੇ ਇੰਟਰ-ਵਰਸਿਟੀ ਚੈਂਪੀਅਨ ਬਣਿਆ। ਬਾਅਦ ਵਿਚ ਉਹ ਨੈਸ਼ਨਲ ਚੈਂਪੀਅਨ ਬਣਦਾ ਰਿਹਾ।

ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਅਕਸਰ ਕਿਹਾ ਕਰਦੇ ਸਨ ਕਿ ਅਥਲੀਟ ਜਰਨੈਲ ਦੀਆਂ ਲੱਤਾਂ ਵਿਚ ਫੁੱਟਬਾਲਰ ਜਰਨੈਲ ਦੀਆਂ ਲੱਤਾਂ ਨਾਲੋਂ ਵੀ ਵਧੇਰੇ ਜਾਨ ਹੈ। ਉਸ ਜਰਨੈਲ ਦਾ ਰੇਖਾ ਚਿੱਤਰ ਮੈਂ ‘ਕਲਹਿਰੀ ਮੋਰ’ ਦੇ ਸਿਰਲੇਖ ਹੇਠ ਉਲੀਕਿਆ ਸੀ ਜੋ ਸਾਹਿਤਕ ਪਰਚੇ ‘ਆਰਸੀ’ ਵਿਚ ਛਪਿਆ। ਬਾਅਦ ਵਿਚ ਉਹ ਲੁਧਿਆਣੇ ਸਿਧਵਾਂ ਨਹਿਰ ਦੀ ਪਟੜੀ ਤੇ ਕਰਾਸ ਕੰਟਰੀ ਲਾਉਂਦਿਆਂ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਉਥੋਂ ਉਸ ਨੂੰ ਸੀਐੱਮਸੀ ਲੈ ਗਏ ਸਨ ਪਰ ਉਹ ਬਚ ਨਹੀਂ ਸੀ ਸਕਿਆ। ਉਦੋਂ ਮੈਂ ਉਹਦੇ ਬਾਰੇ ਲੇਖ ਲਿਖਿਆ ‘ਅਖਾੜੇ ਦਾ ਸ਼ਹੀਦ’ ਜੋ ਪੰਜਾਬ ਸਕੂ਼ਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿਚ ਸ਼ਾਮਲ ਹੁੰਦਾ ਰਿਹਾ।

ਮਾਹਿਲਪੁਰ ਕਾਲਜ ਦੇ ਫੁੱਟਬਾਲਰ ਜਰਨੈਲ ਸਿੰਘ ਨੂੰ ਜਰਨੈਲ ਪਨਾਮੀਆ ਵੀ ਕਹਿੰਦੇ ਸਨ। ਉਹ ਕਬੱਡੀ ਵੀ ਖੇਡਦਾ ਸੀ ਤੇ ਫੁੱਟਬਾਲ ਵੀ। ਰੋਮ ਦੀਆਂ ਓਲੰਪਿਕ ਖੇਡਾਂ ਵਿਚੋਂ ਉਹ ਫੁੱਟਬਾਲ ਦੀ ਵਿਸ਼ਵ ਇਲੈਵਨ ਲਈ ਚੁਣਿਆ ਗਿਆ ਸੀ। ਵੀਹਵੀਂ ਸਦੀ ਦਾ ਉਹ ਮਹਾਨ ਫੁੱਟਬਾਲਰ ਸੀ ਜੋ ਵੀਹਵੀਂ ਸਦੀ ਨਾਲ ਹੀ ਖੇਡ ਜਗਤ ਨੂੰ ਅਲਵਿਦਾ ਕਹਿ ਗਿਆ। ਅਕਤੂਬਰ 2000 ਦੇ ਦਿਨ ਸਨ। ਪਨਾਮ ਦੇ ਖੁੱਲ੍ਹੇ ਖੇਤਾਂ ਵਿਚ ਉਹਦੇ ਨਮਿੱਤ ਸ਼ਰਧਾਂਜਲੀ ਸਮਾਗਮ ਹੋਣਾ ਸੀ। ਅਸੀਂ ਅਮਰਦੀਪ ਕਾਲਜ ਮੁਕੰਦਪੁਰ ਤੋਂ ਫੁੱਟਬਾਲਰਾਂ ਦੀ ਬੱਸ ਭਰ ਕੇ ਚੱਲੇ ਸਾਂ। ਪਨਾਮ ਦੀ ਜੂਹ ਵਿਚ ਸੋਗ ਛਾਇਆ ਹੋਇਆ ਸੀ। ਝੋਨਿਆਂ ਦੇ ਵੱਢ ਉੱਜੜੇ, ਧੁੱਪ ਰੋਣਹਾਕੀ ਤੇ ਪੌਣ ਹਾਉਕੇ ਲੈਂਦੀ ਜਾਪਦੀ ਸੀ। ਪਿੰਡ ਦੀਆਂ ਬੀਹੀਆਂ ਵੈਣ ਪਾ ਰਹੀਆਂ ਸਨ। ਦੁਨੀਆ ਭਰ ਵਿਚ ਪਨਾਮ ਦਾ ਨਾਂ ਧੁਮਾਅ ਦੇਣ ਵਾਲਾ ਦਲਾਂ ਦਾ ਮੋਹਰੀ ਜਾਂਦੀ ਵਾਰ ਦੀ ਫਤਿਹ ਬੁਲਾ ਗਿਆ ਸੀ। ਪਹਿਲਾਂ ਅਸੀਂ ਉਸ ਘਰ ਨੂੰ ਸਿਜਦਾ ਕੀਤਾ ਜੀਹਦੀ ਇੱਟ ਇੱਟ ਤੇ ਕੜੀ ਕੜੀ ਨਾਲ ਜਰਨੈਲ ਸਿੰਘ ਦੀ ਸਾਂਝ ਜੁੜੀ ਸੀ। ਉਥੇ ਉਹਦੀਆਂ ਖੇਡ ਨਿਸ਼ਾਨੀਆਂ ਖਿੰਡੀਆਂ ਪਈਆਂ ਸਨ ਜਿਨ੍ਹਾਂ ਨਾਲ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਸਨ। ਕਦੇ ਉਸ ਘਰ ਵਿਚ ਰੌਣਕਾਂ ਦੀ ਚਹਿਲ-ਪਹਿਲ ਹੁੰਦੀ ਸੀ ਪਰ ਉੱਦਣ ਵੀਰਾਨੀਆਂ ਦਾ ਮਾਤਮ ਸੀ। ਘਰ ਨੂੰ ਜਾਂਦੀ ਭੀੜੀ ਗਲੀ ਜਿਵੇਂ ਹੱਥ ਜੋੜੀ ਕਹਿ ਰਹੀ ਸੀ, ਜਾਣ ਵਾਲਾ ਤਾਂ ਚਲਾ ਗਿਆ, ਦੇਖਣਾ ਕਿਤੇ ਤੁਸੀਂ ਵੀ ਰਾਹ ਨਾ ਭੁੱਲ ਜਾਣਾ...।

ਪਿੰਡੋਂ ਬਾਹਰ ਪੰਡਾਲ ਵਿਚ ਬੁਲਾਰੇ ਜਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ। ਚਲਾਣਾ ਕਰ ਗਏ ਜੋਧੇ ਖਿਡਾਰੀ ਦੀ ਮਹਾਨਤਾ ਉਜਾਗਰ ਹੋ ਰਹੀ ਸੀ ਤੇ ਉਹਦੀ ਢੁੱਕਵੀਂ ਯਾਦਗਾਰ ਬਣਾਉਣ ਦੇ ਸੁਝਾਅ ਦਿੱਤੇ ਜਾ ਰਹੇ ਸਨ। ਉਸ ਨੇ ਦੋ ਸਾਲ ਏਸ਼ੀਅਨ ਆਲ ਸਟਾਰਜ਼ ਟੀਮ ਦੀ ਜਰਨੈਲੀ ਕੀਤੀ ਸੀ। ਏਸ਼ੀਆ ਮਹਾਂਦੀਪ ਦਾ ਉਹ ਇਕੋ-ਇਕ ਖਿਡਾਰੀ ਸੀ ਜਿਸ ਨੂੰ ਇਹ ਮਾਣ ਮਿਲਿਆ ਸੀ। ਤਿੰਨ ਸਾਲ ਉਹ ਭਾਰਤੀ ਫੁੱਟਬਾਲ ਟੀਮਾਂ ਦਾ ਕਪਤਾਨ ਰਿਹਾ ਸੀ। 1960 ਵਿਚ ਉਹ ਵਿਸ਼ਵ ਟੀਮ ਦਾ ਸੈਂਟਰ ਫੁੱਲ ਬੈਕ ਚੁਣਿਆ ਗਿਆ ਸੀ। ਏਸ਼ੀਆ ਦੀ ਧਰਤੀ ਤੋਂ ਇਹ ਮਾਣ ਭਾਰਤ ਭਰ ਵਿਚੋਂ ਇਕੱਲੇ ਪੰਜਾਬ ਦੇ ਖਿਡਾਰੀ ਨੂੰ ਹੀ ਮਿਲਿਆ ਸੀ। 1967 ਵਿਚ ਕੁਆਲਾਲੰਪੁਰ ਦੇ ਮਰਦੇਕਾ ਟੂਰਨਾਮੈਂਟ ਸਮੇਂ ਫੀਫਾ ਦੇ ਪ੍ਰਧਾਨ ਸਰ ਸਟੈਨਲੇ ਰਾਊਜ਼ ਨੇ ਏਸ਼ੀਆ ਦੇ ਖੇਡ ਅਧਿਕਾਰੀਆਂ ਨੂੰ ਕਿਹਾ ਸੀ, “ਤੁਹਾਡੇ ਕੋਲ ਜਰਨੈਲ ਸਿੰਘ ਐਸਾ ਖਿਡਾਰੀ ਹੈ ਜਿਹੜਾ ਦੁਨੀਆ ਦੀ ਕਿਸੇ ਟੀਮ ਵਿਚ ਵੀ ਚੁਣੇ ਜਾਣ ਦੇ ਯੋਗ ਹੈ।”

ਜਦੋਂ ਉਹ ਅਫ਼ਰੀਕੀ ਦੇਸ਼ਾਂ ਵਿਚ ਖੇਡਿਆ ਤਾਂ ਅਫ਼ਰੀਕਨਾਂ ਨੇ ਉਸ ਨੂੰ ‘ਸਿੰਘਾ ਸ਼ੀਬਾ’ ਯਾਨੀ ਸਿੰਘ ਸ਼ੇਰ ਕਹਿ ਕੇ ਵਡਿਆਇਆ ਸੀ। ਦਸ ਸਾਲ ਉਹ ਏਸ਼ੀਆ ਦਾ ਸਭ ਤੋਂ ਤਕੜਾ ਖਿਡਾਰੀ ਰਿਹਾ। ਜਿੰਨੇ ਸਾਲ ਉਹ ਕਲਕੱਤੇ ਦੀ ਮੋਹਨ ਬਾਗਾਨ ਕਲੱਬ ਵਿਚ ਖੇਡਿਆ ਉਹਨੂੰ ਪੈਸੇ ਵੀ ਸਭ ਤੋਂ ਵੱਧ ਮਿਲੇ ਤੇ ਪ੍ਰਸੰਸਾ ਵੀ ਸਭ ਤੋਂ ਵੱਧ। ਸ਼ਾਇਦ ਹੀ ਕੋਈ ਬੰਗਾਲੀ ਹੋਵੇ ਜਿਹੜਾ ਜਰਨੈਲ ਸਿੰਘ ਦੇ ਨਾਂ ਤੋਂ ਵਾਕਫ਼ ਨਾ ਹੋਵੇ।

ਬਲਜਿੰਦਰ ਮਾਨ ਲਿਖਿਆ: ਜਰਨੈਲ ਸਿੰਘ ਭਾਰਤੀ ਫੁੱਟਬਾਲ ਜਗਤ ਦਾ ਉਹ ਸਿਤਾਰਾ ਹੈ ਜਿਹੜਾ ਫੁੱਟਬਾਲ ਨਾਲ ਮੋਹ ਜਿਤਾਉਂਦਾ ਸਾਈਕਲ ਤੇ 60 ਕਿਲੋਮੀਟਰ ਪੈਡਲ ਮਾਰ ਕੇ ਫੁੱਟਬਾਲ ਖਰੀਦਣ ਜਲੰਧਰ ਜਾ ਆਉਂਦਾ ਸੀ। ਪੰਜਾਬ ਨੂੰ ਪਹਿਲੀ ਵਾਰ ਨੈਸ਼ਨਲ ਚੈਂਪੀਅਨਸਿ਼ਪ ਜਿਤਾਉਣ ਦਾ ਸਿਹਰਾ ਜਰਨੈਲ ਸਿੰਘ ਦੇ ਸਿਰ ਬੱਝਦਾ ਹੈ। ਮਾਪਿਆਂ ਨੇ ਉਹਦਾ ਨਾਂ ਜਰਨੈਲ ਸਿੰਘ ਇਸ ਕਰ ਕੇ ਰੱਖਿਆ ਸੀ ਕਿ ਉਹ ਫੌਜੀ ਜਨਰਲ ਬਣੇ ਪਰ ਉਹ ਫੁੱਟਬਾਲ ਦਾ ਜਰਨੈਲ ਬਣ ਕੇ ਜਿੱਤਾਂ ਦੇ ਝੰਡੇ ਗੱਡਦਾ ਰਿਹਾ। ਉਹ ਦੋ ਵਾਰ ਏਸ਼ੀਅਨ ਆਲ ਸਟਾਰਜ਼ ਟੀਮ ਦਾ ਜਰਨੈਲ ਤੇ ਤਿੰਨ ਵਾਰ ਭਾਰਤ ਦੀਆਂ ਫੁੱਟਬਾਲ ਟੀਮਾਂ ਦਾ ਜਰਨੈਲ ਬਣਿਆ। ਉਹਦਾ ਜਨਮ 20 ਫਰਵਰੀ 1936 ਨੂੰ ਲਾਇਲਪੁਰ ਦੇ ਚੱਕ ਨੰਬਰ 272 ਵਿਚ ਹੋਇਆ ਸੀ। ਦੇਸ਼ ਵੰਡ ਪਿੱਛੋਂ ਉਨ੍ਹਾਂ ਦਾ ਪਰਿਵਾਰ ਪਿੰਡ ਪਨਾਮ ਆ ਵਸਿਆ। ਉਹ ਪੰਜਾਬ ਦਾ ਪਹਿਲਾਂ ਫੁੱਟਬਾਲਰ ਹੈ ਜਿਸ ਨੂੰ ਅਰਜਨ ਅਵਾਰਡ ਮਿਲਿਆ। 1962 ਵਿਚ ਜਕਾਰਤਾ ਦੀਆਂ ਏਸਿ਼ਆਈ ਖੇਡਾਂ ਸਮੇਂ ਥਾਈਲੈਂਡ ਖਿਲਾਫ਼ ਖੇਡਦਿਆਂ ਉਹਦੇ ਸਿਰ ਵਿਚ ਸੱਟ ਲੱਗ ਗਈ ਸੀ ਜਿਥੇ ਅੱਠ ਟਾਂਕੇ ਲੱਗੇ। ਡਾਕਟਰ ਦੇ ਰੋਕਣ ਦੇ ਬਾਵਜੂਦ ਉਹ ਸੈਮੀ ਫਾਈਨਲ ਮੈਚ ਖੇਡਿਆ। ਉਸ ਦੇ ਜੇਤੂ ਗੋਲ ਨਾਲ ਭਾਰਤੀ ਟੀਮ ਫਾਈਨਲ ਵਿਚ ਪੁੱਜ ਗਈ। ਫਾਈਨਲ ਮੈਚ ਵਿਚ ਦੱਖਣੀ ਕੋਰੀਆ ਸਿਰ ਸੱਟ ਵਾਲੇ ਸਿਰ ਨਾਲ ਹੀ ਗੋਲ ਕਰ ਕੇ ਉਸ ਨੇ ਭਾਰਤ ਨੂੰ ਏਸ਼ੀਆ ਦਾ ਫੁੱਟਬਾਲ ਚੈਂਪੀਅਨ ਬਣਾ ਦਿੱਤਾ।

ਬਲਜਿੰਦਰ ਮਾਨ ਨੇ ਇਸ ਪੁਸਤਕ ਵਿਚ ਜਰਨੈਲ ਸਿੰਘ ਦੀ ਬਾਤ ਨਾਲ ਅਨੇਕਾਂ ਮਾਹਿਲਪੁਰੀਆਂ ਦੀਆਂ ਬਾਤਾਂ ਪਾਈਆਂ ਹਨ। ਉਸ ਨੇ ਲਿਖਿਆ: ਜਿਵੇਂ ਸੰਸਾਰਪੁਰ ਨੂੰ ਹਾਕੀ ਦਾ ਘਰ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਮਾਹਿਲਪੁਰ ਨੂੰ ਫੁੱਟਬਾਲ ਦੀ ਨਰਸਰੀ ਆਖਿਆ ਜਾਂਦਾ ਹੈ। ਇਹ ਮਾਣ ਪ੍ਰਾਪਤ ਕਰਨ ਲਈ ਇਥੋਂ ਦੇ ਬਜ਼ੁਰਗਾਂ ਅਤੇ ਵੱਡੇ ਵਡੇਰਿਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਇਥੇ ਫੁੱਟਬਾਲ ਦਾ ਬੂਟਾ ਲਾਇਆ।ਫਿਰ ਇਹਦੀ ਪਾਲਣਾ ਪੋਸ਼ਣਾ ਕਰਨ ਵਾਲੇ ਕੋਚ ਤੇ ਅਧਿਆਪਕ ਪੈਦਾ ਕੀਤੇ ਜਿਨ੍ਹਾਂ ਨੇ ਸਕੂਲਾਂ ਅਤੇ ਕਾਲਜਾਂ ਵਿਚ ਫੁੱਟਬਾਲ ਦਾ ਜਾਗ ਲਗਾ ਕੇ ਨਵੀਂ ਪਨੀਰੀ ਤਿਆਰ ਕੀਤੀ। ਉਨ੍ਹਾਂ ਦੀ ਬਦੌਲਤ ਇਸ ਇਲਾਕੇ ਨੂੰ ਪੂਰੀ ਦੁਨੀਆ ਵਿਚ ਫੁੱਟਬਾਲ ਦੀ ਨਰਸਰੀ ਵਜਂੋ ਜਾਣਿਆ ਜਾਂਦਾ ਹੈ।

ਇਸ ਇਲਾਕੇ ਨੇ ਜਿਥੇ ਪਿ੍ਰੰਸੀਪਲ ਦਰਸ਼ਨ ਸਿੰਘ ਕੋਮਲ ਵਰਗੇ ਸੰਗੀਤਕਾਰ ਪੈਦਾ ਕੀਤੇ, ਉਥੇ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੂੰ ਵੀ ਪਿੰਡ ਹੱਲੂਵਾਲ ਨੇ ਪਾਲ਼ਿਆ ਪਲੋਸਿਆ। ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਰਹੇ ਲੇਖਕ ਗੁਲਜ਼ਾਰ ਸਿੰਘ ਸੰਧੂ ਅਤੇ ਅਜਾਇਬ ਕਮਲ ਵਰਗੇ ਸਾਹਿਤ ਜਗਤ ਵਿਚ ਕੌਮਾਂਤਰੀ ਪ੍ਰਸਿੱਧੀ ਖੱਟ ਚੁੱਕੇ ਹਨ। ਫੁੱਟਬਾਲ ਖੇਤਰ ਵਿਚ ਤਾਂ ਇਸ ਇਲਾਕੇ ਦਾ ਕੋਈ ਸਾਨੀ ਨਹੀਂ। ਭਾਰਤ ਦੇ ਮਸ਼ਹੂਰ ਫੁੱਟਬਾਲ ਕਲੱਬਾਂ ਵਿਚ ਇਥੋਂ ਦੇ ਫੁੱਟਬਾਲਰ ਅੱਜ ਵੀ ਧੁੰਮਾਂ ਪਾ ਰਹੇ ਹਨ ਜਿਨ੍ਹਾਂ ਵਿਚੋਂ ਕਈ ਭਾਰਤੀ ਟੀਮ ਵਿਚ ਸ਼ਾਮਿਲ ਹੋ ਕੇ ਵਿਦੇਸ਼ੀ ਧਰਤੀਆਂ ਤੇ ਵੀ ਆਪਣੀ ਕਲਾ ਦਾ ਮੁਜ਼ਾਹਰਾ ਕਰ ਰਹੇ ਹਨ। ਇੰਡੀਅਨ ਸੁਪਰ ਲੀਗ ਸਮੇਤ ਕਈ ਹੋਰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਇਥੋਂ ਦੇ ਖਿਡਾਰੀਆਂ ਦੀ ਚਰਚਾ ਹੁੰਦੀ ਰਹਿੰਦੀ ਹੈ। ਬੰਗਲੁਰੂ ਐੱਫ਼ਸੀ ਦਾ ਹਰਮਨਜੋਤ ਸਿੰਘ ਖਾਬੜਾ, ਪੂਨਾ ਐੱਫਸੀ ਦਾ ਗੋਲਕੀਪਰ ਅਮਰਿੰਦਰ ਸਿੰਘ, ਮੁੰਬਈ ਸਿਟੀ ਦਾ ਰਿਕਾਰਡਰ ਫੁੱਟਬਾਲਰ ਬਲਵੰਤ ਸਿੰਘ, ਚੇਨਈ ਸਿਟੀ ਦਾ ਗੋਲਕੀਪਰ ਕਰਨਜੀਤ ਸਿੰਘ, ਮੁਹਾਲੀ ਐੱਫਸੀ ਦਾ ਅਮਨਪ੍ਰੀਤ, ਗੋਆ ਕਲੱਬ ਸਲਗਾਉਕਰ ਦਾ ਗਗਨਦੀਪ ਬਾਲੀ ਅਤੇ ਐੱਫਸੀ ਗੋਆ ਦੇ ਮਨਵੀਰ ਸਿੰਘ ਸਮੇਤ ਕਈ ਹੋਰ ਫੁੱਟਬਾਲਰ ਮਸ਼ਹੂਰ ਕਲੱਬਾਂ ਵਿਚ ਆਪਣੀ ਖੇਡ ਕਲਾ ਦਾ ਲੋਹਾ ਮੰਨਵਾ ਰਹੇ ਹਨ। ਇਥੋਂ ਦਾ ਖੇਡ ਇਤਿਹਾਸ ਸੁਨਹਿਰੀ ਪੰਨਿਆਂ ਨਾਲ ਭਰਿਆ ਪਿਆ ਹੈ। ਖੇਡਾਂ ਦਾ ਸਭ ਤੋਂ ਵੱਡਾ ਅਰਜਨ ਐਵਾਰਡ ਜਿੱਤਣ ਵਾਲੇ ਪੰਜਾਬੀ ਫੁੱਟਬਾਲਰ ਜਰਨੈਲ ਸਿੰਘ ਅਤੇ ਗੁਰਦੇਵ ਸਿੰਘ ਗਿੱਲ ਇਸ ਇਲਾਕੇ ਦੀ ਪੈਦਾਇਸ਼ ਹਨ ਜਦਕਿ ਇੰਦਰ ਸਿੰਘ ਅਤੇ ਗੁਰਪ੍ਰੀਤ ਸੰਧੂ ਵੀ ਲਾਗਲੇ ਸ਼ਹਿਰਾਂ ਨਾਲ ਸਬੰਧਤ ਹਨ।

ਬਲਜਿੰਦਰ ਮਾਨ ਦੀਆਂ ਕੁਝ ਰਚਨਾਵਾਂ ਦਾ ਹਿੰਦੀ, ਅੰਗਰੇਜ਼ੀ, ਉੜੀਆ ਅਤੇ ਸ਼ਾਹਮੁਖੀ ਲਿੱਪੀ ਵਿਚ ਅਨੁਵਾਦ ਹੋ ਚੁੱਕਾ ਹੈ। ਮਾਣੋ ਬਿੱਲੀ ਵਾਲੇ ਕਮਲਜੀਤ ਨੀਲੋਂ ਦੀ ਸੁਰੀਲੀ ਆਵਾਜ਼ ਵਿਚ ਉਸ ਦੇ ਗੀਤ ਰਿਕਾਰਡ ਹੋ ਚੁੱਕੇ ਹਨ। ਸਾਹਿਤਕ ਸਮਾਰੋਹਾਂ ਤੇ ਸਭਿਆਚਾਰਕ ਮੇਲਿਆਂ ਵਿਚ ਆਉਣ ਜਾਣ ਹੈ। ਰੇਡੀਓ ਤੇ ਟੀਵੀ ਦਾ ਬੁਲਾਰਾ ਹੈ। ਅਜੇ ਉਸ ਦੀ ਕਲਮ ਚੱਲ ਰਹੀ ਹੈ।

ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All