ਗੁਰਪ੍ਰੀਤ ਪਸ਼ੌਰੀਆ
ਸੈਰ ਸਫ਼ਰ
ਸ਼ੇਖਾਵਟੀ ਦਾ ਸ਼ਾਬਦਿਕ ਅਰਥ ਹੈ: ਰਾਓ ਸ਼ੇਖਾ ਦਾ ਬਗੀਚਾ। ਉੱਤਰ-ਪੂਰਬੀ ਰਾਜਸਥਾਨ ਦੇ ਨੀਮ-ਪਹਾੜੀ, ਨੀਮ-ਮਾਰੂਥਲੀ ਸ਼ੇਖਾਵਟੀ ਖੇਤਰ ਵਿਚ ਵਰਤਮਾਨ ਰਾਜਸਥਾਨ ਦੇ ਸੀਕਰ, ਝੁਨਝੁਨੂ ਅਤੇ ਚੁਰੂ ਜ਼ਿਲ੍ਹਿਆਂ ਦਾ ਵੱਡਾ ਹਿੱਸਾ ਆਉਂਦਾ ਹੈ। ਪੰਦਰਵੀਂ ਸਦੀ ਵਿਚ ਇਸ ਖੇਤਰ ’ਤੇ ਆਮੇਰ ਦੇ ਰਾਜਪੂਤ ਰਾਜਕੁਮਾਰ ਰਾਓ ਸ਼ੇਖਾ (1433-1488) ਦਾ ਅਧਿਕਾਰ ਰਿਹਾ। ਸ਼ੇਖਾਵਤ ਰਾਜਪੂਤਾਂ ਦੀ ਸ਼ੇਖਾਵਟੀ ਦਾ ਪ੍ਰਮੁੱਖ ਕੇਂਦਰ ਝੁਨਝੁਨੂ ਤੋਂ ਨਵਲਗੜ੍ਹ ਤੱਕ ਫੈਲਿਆ ਹੈ। ਮੁਕੰਦਗੜ੍ਹ, ਰਾਮਗੜ੍ਹ, ਲਛਮਣਗੜ੍ਹ, ਡੁੰਡਲੋਦ, ਮੰਡਾਵਾ, ਫਤਹਿਪੁਰ ਸ਼ੇਖਾਵਟੀ, ਬਿਸਾਊ, ਦਾਂਤਾਂ, ਮਹਿਨਸਰ, ਕਜਰਾ, ਅਲਸੀਸਰ ਅਤੇ ਮਲਸੀਸਰ ਵਰਗੇ 20 ਛੋਟੇ-ਵੱਡੇ ਕਸਬਿਆਂ ਵਿਚ ਪੰਜ ਹਜ਼ਾਰ ਦੇ ਲਗਭਗ ਛੋਟੀਆਂ-ਵੱਡੀਆਂ ਇਤਿਹਾਸਕ ਵਿਰਾਸਤੀ ਇਮਾਰਤਾਂ ਹਨ। ਇੱਥੋਂ ਦੇ ਕਿਲ੍ਹਿਆਂ, ਮਹਿਲਾਂ, ਹਵੇਲੀਆਂ, ਜੋਹੜਾਂ ਅਤੇ ਬਾਵੜੀਆਂ (ਬਾਉਲੀਆਂ) ਵਿਚ ਐਨੇ ਵੱਡੇ ਪੱਧਰ ’ਤੇ ਮੋਹਰਾਕਸ਼ੀ/ਭਿੱਤੀ (ਫਰੈਸਕੋ) ਚਿੱਤਰ ਮਿਲਦੇ ਹਨ ਕਿ ਇਹ ਇਲਾਕਾ ਦੁਨੀਆਂ ਦੀ ਸਭ ਤੋਂ ਵੱਡੀ ਓਪਨ ਆਰਟ ਗੈਲਰੀ ਮੰਨਿਆ ਜਾਂਦਾ ਹੈ।
ਇਤਿਹਾਸ ਦੀ ਗੱਲ ਕਰੀਏ ਤਾਂ ਮਥੁਰਾ ਤੋਂ ਤਕਸ਼ਿਲਾ ਵੱਲ ਜਾਂਦੇ ਪੁਰਾਣੇ ਰੇਸ਼ਮ ਮਾਰਗ ਨੇੜੇ ਸਥਿਤ ਹੋਣ ਕਾਰਨ ਵੱਡੇ-ਵੱਡੇ ਵਪਾਰੀ ਇਸ ਖੇਤਰ ਵਿਚ ਆ ਵਸੇ। ਚੀਨ ਅਤੇ ਮੱਧ ਏਸ਼ੀਆ ਤੋਂ ਆਉਂਦੇ ਮਾਲ ਦਾ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵਪਾਰ ਕਰਨ ਵਾਲੇ ਵੱਡੇ-ਵੱਡੇ ਵਪਾਰੀਆਂ ਨੇ ਆਪਣੀ ਰਿਹਾਇਸ਼ ਲਈ ਇਸ ਖੇਤਰ ਵਿਚ ਆਲੀਸ਼ਾਨ ਹਵੇਲੀਆਂ ਦਾ ਨਿਰਮਾਣ ਕਰਵਾਇਆ। ਬਿਰਲਾ, ਡਾਲਮੀਆ, ਮਿੱਤਲ, ਅਗਰਵਾਲ, ਬਜਾਜ, ਪੋਡਾਰ, ਮੋਰਾਰਕਾ, ਖੇਤਾਨ, ਮੋਦੀ, ਸਿੰਘਾਨੀਆ, ਗਿਓਨਕਾ, ਲੋਹੀਆ ਅਤੇ ਝੁਨਝੁਨਵਾਲਾ ਵਰਗੇ ਵੱਡੇ ਵਪਾਰੀ ਘਰਾਣਿਆਂ ਦੀਆਂ ਵਿਸ਼ਾਲ ਹਵੇਲੀਆਂ ਲੱਖਾਂ ਭਿੱਤੀ ਚਿੱਤਰਾਂ ਨਾਲ ਸ਼ਿੰਗਾਰੀਆਂ ਗਈਆਂ। 1818 ਵਿਚ ਜਦੋਂ ਰਾਜਪੂਤ ਰਿਆਸਤਾਂ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨਾਲ ਸੰਧੀ ਕਰਨ ਲਈ ਤਿਆਰ ਹੋਈਆਂ ਤਾਂ ਕੰਪਨੀ ਨੇ ਪੁਰਾਣਾ ਰੇਸ਼ਮ ਰੂਟ ਬਰਬਾਦ ਕਰਕੇ ਸਾਰਾ ਵਪਾਰ ਸਮੁੰਦਰੀ ਮਾਰਗ ਰਾਹੀਂ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਸ਼ੇਖਾਵਟੀ ਖੇਤਰ ਦੇ ਸੇਠਾਂ ਸ਼ਾਹੂਕਾਰਾਂ ਦਾ ਵਪਾਰ ਮੰਦਾ ਹੋ ਗਿਆ ਤੇ ਉਹ ਸ਼ੇਖਾਵਟੀ ਛੱਡ ਕੇ ਕਲਕੱਤਾ, ਮਦਰਾਸ (ਚੇਨੱਈ) ਅਤੇ ਬੰਬਈ (ਮੁੰਬਈ) ਵਰਗੇ ਬੰਦਰਗਾਹਾਂ ਵਾਲੇ ਮਹਾਂਨਗਰਾਂ ਵਿਚ ਜਾ ਵਸੇ।
ਹਵੇਲੀਆਂ ਸ਼ੇਖਾਵਟੀ ਦਾ ਦਿਲ ਹਨ। ਹਵੇਲੀ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜੋ ਭਾਰਤ ਵਿਚ ਮੁਗ਼ਲਾਂ ਦੇ ਪ੍ਰਭਾਵ ਨਾਲ ਆਇਆ। 1750 ਤੋਂ 1930 ਤੱਕ ਬਣੀਆਂ ਸ਼ੇਖਾਵਟੀ ਦੀਆਂ ਹਵੇਲੀਆਂ ਦੀ ਬਣਤਰ, ਬਣਾਉਣ ਦੇ ਸਮੇਂ ਅਨੁਸਾਰ ਵੱਖੋ-ਵੱਖਰੀ ਹੈ। ਪਹਿਲੇ ਦੌਰ ਦੀਆਂ ਹਵੇਲੀਆਂ ਮੁਗ਼ਲ ਅਤੇ ਰਾਜਪੂਤਾਨਾ ਸ਼ੈਲੀ ਦੀਆਂ ਹਨ ਜਦੋਂਕਿ ਅਗਲੇ ਦੌਰ ਦੀਆਂ ਹਵੇਲੀਆਂ ’ਤੇ ਯੂਰਪੀ ਸ਼ੈਲੀ ਦਾ ਪ੍ਰਭਾਵ ਹੈ।
ਇਨ੍ਹਾਂ ਹਵੇਲੀਆਂ ਵਿਚ ਕਿਤੇ ਵੀ ਸਰੀਏ ਅਤੇ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ। ਹਰ ਹਵੇਲੀ ਨੂੰ ਹਵਾਦਾਰ ਰੱਖਣ ਲਈ ਖਿੜਕੀਆਂ ਦੀ ਭਰਮਾਰ ਹੈ। ਹਵੇਲੀਆਂ ਵਿਚ ਪਿੱਤਲ ਅਤੇ ਲੱਕੜ ਉੱਪਰ ਸ਼ਾਨਦਾਰ ਬਾਰੀਕ ਨਕਾਸ਼ੀ ਕੀਤੀ ਹੋਈ ਹੈ। ਜ਼ਿਆਦਾਤਰ ਹਵੇਲੀਆਂ ਦੋ ਮੰਜ਼ਿਲਾ ਹਨ, ਪਰ ਕਿਤੇ-ਕਿਤੇ ਤਿੰਨ ਮੰਜ਼ਿਲਾ ਹਵੇਲੀਆਂ ਦਾ ਨਿਰਮਾਣ ਵੀ ਕੀਤਾ ਗਿਆ। ਹਵੇਲੀ ਬਣਾਉਣ ਦੀ ਸ਼ਿਲਪਕਲਾ ਕਮਾਲ ਦੀ ਹੈ। ਹਵੇਲੀ ਵਿਚ ਪ੍ਰਵੇਸ਼ ਕਰਨ ਲਈ ਵਰਤੇ ਜਾਂਦੇ ਪਹਿਲੇ ਮੁੱਖ ਦਰਵਾਜ਼ੇ ਨੂੰ ਤੋਰਨ ਦੁਆਰ ਕਿਹਾ ਜਾਂਦਾ ਹੈ। ਅਜਨਬੀ ਲੋਕ ਸਿਰਫ਼ ਇੱਥੇ ਤੱਕ ਹੀ ਆ ਸਕਦੇ ਸਨ। ਇੱਥੇ ਹੀ ਗਲੀਚੇ ਤਕੀਏ ਵਿਛਾ ਕੇ ਮਹਿਮਾਨਾਂ/ਗਾਹਕਾਂ ਨਾਲ ਵਪਾਰੀਆਂ ਵੱਲੋਂ ਮੀਟਿੰਗ ਕੀਤੀ ਜਾਂਦੀ ਸੀ। ਇਸ ਹਾਲ (ਲੌਬੀ) ਵਿਚ ਹੀ ਇਕ ਪਾਸੇ ਬੈਠਕ ਅਤੇ ਦੂਜੇ ਪਾਸੇ ਮੁਨੀਮ ਦਾ ਕਮਰਾ ਹੁੰਦਾ ਸੀ ਜਿੱਥੇ ਸਾਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਇਸੇ ਹਾਲ ਵਿਚੋਂ ਇਕ ਦਰਵਾਜ਼ਾ ਲੰਘ ਕੇ ਅੱਗੇ ਘਰ ਦੀਆਂ ਇਸਤਰੀਆਂ ਦੇ ਕਮਰੇ, ਰਸੋਈ ਅਤੇ ਸਟੋਰ ਆਦਿ ਹੁੰਦੇ ਹਨ ਇਸ ਨੂੰ ਹਵੇਲੀ ਦਾ ਜਨਾਨਾ ਚੌਂਕ ਕਿਹਾ ਜਾਂਦਾ ਹੈ। ਪਸ਼ੂਆਂ, ਗੱਡਿਆਂ ਅਤੇ ਹੋਰ ਕੰਮਾਂ ਲਈ ਹਵੇਲੀ ਦੁਆਲੇ ਖੁੱਲ੍ਹਾ ਨੌਹਰਾ ਹੁੰਦਾ ਹੈ। ਹਵੇਲੀ ਦੇ ਆਰਾਮ ਕਮਰਿਆਂ ਦੇ ਗੇਟ ਉੱਪਰ ਇਕ ਨਿੱਕੇ ਰੌਸ਼ਨਦਾਨ ਵਿਚ ਇਕ ਪੁਲ਼ੀ ਲੱਗੀ ਹੁੰਦੀ ਹੈ ਜਿਸ ਨਾਲ ਬੱਝੀ ਰੱਸੀ ਦਾ ਇਕ ਸਿਰਾ ਅੰਦਰ ਕੱਪੜੇ ਦੇ ਝਾਲਰ ਵਾਲੇ ਪੱਖੇ ਨਾਲ ਬੱਝਿਆ ਹੁੰਦਾ ਸੀ। ਜਦੋਂ ਬਾਹਰ ਬੈਠਾ ਸੇਵਾਦਾਰ ਰੱਸੀ ਖਿੱਚਦਾ ਤਾਂ ਅੰਦਰ ਕੱਪੜੇ ਦਾ ਪੱਖਾ ਹਵਾ ਦਿੰਦਾ ਸੀ।
ਸ਼ੇਖਾਵਟੀ ਦੀਆਂ ਸਾਰੀਆਂ ਹਵੇਲੀਆਂ ਵਿਚ ਇਕੋ ਸਮਾਨਤਾ ਇਹ ਹੈ ਕਿ ਸਾਰੀਆਂ ਹਵੇਲੀਆਂ ਵਿਚ ਖ਼ੂਬਸੂਰਤ ਫਰੈਸਕੋ ਚਿੱਤਰਾਂ ਦੀ ਭਰਮਾਰ ਹੈ। ਕਿਹਾ ਜਾਂਦਾ ਹੈ ਕਿ ਵੱਖ-ਵੱਖ ਸਮਿਆਂ ਵਿਚ ਰਾਜਸਥਾਨ ਵਿਚ ਭਿੱਤੀ (ਫਰੈਸਕੋ) ਚਿੱਤਰਾਂ ਦੀਆਂ ਨੌਂ ਸ਼ੈਲੀਆਂ ਵਿਕਸਿਤ ਹੋਈਆਂ ਜਿਨ੍ਹਾਂ ਵਿਚੋਂ ਸ਼ੇਖਾਵਟੀ ਸ਼ੈਲੀ ਸਭ ਤੋਂ ਨਵੀਨ ਅਤੇ ਹਰਮਨ ਪਿਆਰੀ ਹੈ। ਸ਼ੇਖਾਵਟੀ ਦੀਆਂ ਹਵੇਲੀਆਂ ਵਿਚ ਦੋ ਤਰ੍ਹਾਂ ਦੀ ਫਰੈਸਕੋ ਤਕਨੀਕ ਦੀ ਵਰਤੋਂ ਕੀਤੀ ਗਈ। ਪਹਿਲੀ ਫਰੈਸਕੋ ਮੋਨੋਤਕਨੀਕ ਹੈ ਜਿਸ ਵਿਚ ਗਿੱਲੇ ਚੂਨੇ ਦਾ ਪਲਸਤਰ ਵਿਛਾ ਕੇ ਤਿੱਖੀ ਚੀਜ਼ ਨਾਲ ਚਿੱਤਰ ਉੱਕਰ ਕੇ ਉਸ ਵਿਚ ਰੰਗ ਭਰਿਆ ਜਾਂਦਾ ਸੀ। ਇਸ ਤਕਨੀਕ ਨੂੰ ਰਾਜਸਥਾਨ ਵਿਚ ਆਲਾਗੀਲਾ ਤਕਨੀਕ ਕਹਿੰਦੇ ਹਨ। ਦੂਜੀ ਤਕਨੀਕ ਫਰੈਸਕੋ ਸੋਕੋਤਕਨੀਕ ਸੀ ਜਿਸ ਵਿਚ ਚੂਨੇ ਦੇ ਸੁੱਕੇ ਪਲਸਤਰ ਉੱਪਰ ਰੰਗਾਂ ਨਾਲ ਚਿੱਤਰ ਬਣਾਏ ਜਾਂਦੇ ਸਨ। ਰਾਜਸਥਾਨ ਦੀ ਆਲਾਗੀਲਾ ਸ਼ੈਲੀ ਇਟਲੀ ਦੀ ਫਰੈਸਕੋ ਚਿੱਤਰਸ਼ੈਲੀ ਦੇ ਨੇੜੇ ਦੀ ਹੈ। ਕਿਹਾ ਜਾਂਦਾ ਹੈ ਕਿ ਇਹ ਸ਼ੈਲੀ ਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਵਿਚ ਇਟਲੀ ਤੋਂ ਭਾਰਤ ਆਈ। 19ਵੀਂ ਸਦੀ ਵਿਚ ਰਸਾਇਣਿਕ ਰੰਗ ਆਉਣ ਤੋਂ ਪਹਿਲਾਂ ਇਨ੍ਹਾਂ ਚਿੱਤਰਾਂ ਵਿਚ ਕੁਦਰਤੀ ਰੰਗਾਂ ਦੀ ਵਰਤੋਂ ਕੀਤੀ ਗਈ। ਲਾਲ ਰੰਗ ਲਈ ਟੈਰਾਕੋਟਾ ਅਤੇ ਗੇਰੂ, ਨੀਲੇ ਲਈ ਨੀਲ, ਕਾਲੇ ਲਈ ਸੁਰਮਾ, ਪੀਲੇ ਲਈ ਹਲਦੀ ਅਤੇ ਹਰੇ ਲਈ ਪੱਤਿਆਂ ਤੋਂ ਰੰਗ ਤਿਆਰ ਕੀਤੇ ਗਏ। ਬਾਅਦ ਵਿਚ ਬਣੀਆਂ ਹਵੇਲੀਆਂ ਵਿਚ ਇੰਗਲੈਂਡ ਅਤੇ ਜਰਮਨੀ ਤੋਂ ਆਏ ਰਸਾਇਣਿਕ ਰੰਗਾਂ ਦੀ ਵਰਤੋਂ ਕੀਤੀ ਮਿਲਦੀ ਹੈ। ਇਹ ਰੰਗ ਪਹਿਲੀ ਆਲਮੀ ਜੰਗ (1914-1919) ਵੇਲੇ ਆਉਣੇ ਬੰਦ ਹੋ ਗਏ। ਇਸ ਦੌਰ ਦੀਆਂ ਬਣੀਆਂ ਹਵੇਲੀਆਂ ਵਿਚੋਂ ਇਹ ਵਿਦੇਸ਼ੀ ਰੰਗ ਮਨਫ਼ੀ ਹਨ।
ਜੇਕਰ ਚਿੱਤਰਾਂ ਦੇ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਹਰ ਵੱਖਰੇ ਦੌਰ ਵਿਚ ਵੱਖੋ-ਵੱਖਰੇ ਵਿਸ਼ਿਆਂ ਦੇ ਚਿੱਤਰ ਬਣੇ ਮਿਲਦੇ ਹਨ। ਪਹਿਲੇ ਦੌਰ ਦੀਆਂ ਹਵੇਲੀਆਂ ਵਿਚ ਬਣੇ ਜ਼ਿਆਦਾਤਰ ਚਿੱਤਰ ਹਿੰਦੂ ਪੁਰਾਣਾਂ, ਦੇਵੀ ਦੇਵਤਿਆਂ, ਰਾਮਾਇਣ, ਮਹਾਂਭਾਰਤ, ਸਾਗਰ ਮੰਥਨ, ਕ੍ਰਿਸ਼ਨ ਲੀਲਾ, ਸ਼ਿਵ-ਪਾਰਵਤੀ, ਦੁਰਗਾ ਅਤੇ ਲੱਛਮੀ ਦੇਵੀ ਅਤੇ ਸ਼ਾਸਤਰਾਂ ਨਾਲ ਸਬੰਧਿਤ ਅਧਿਆਤਮਕ ਵਿਸ਼ਿਆਂ ਵਿਚੋਂ ਬਣਾਏ ਗਏ ਹਨ। ਰੀਤ-ਰਿਵਾਜ, ਤਿਉਹਾਰ ਜਿਵੇਂ ਤੀਜ, ਗਣਗੌਰ, ਹੋਲੀ ਦੇ ਚਿੱਤਰ ਬਣੇ ਹਨ। ਪਸ਼ੂ-ਪੰੰਛੀਆਂ ਜਿਵੇਂ ਹਾਥੀ, ਘੋੜੇ, ਤੋਤੇ, ਮੋਰ, ਹਿਰਨ ਆਦਿ ਦੇ ਚਿੱਤਰ ਵੀ ਬਣਾਏ ਗਏ। ਕਈ ਹਵੇਲੀਆਂ ਵਿਚ ਪ੍ਰੀਤ ਕਥਾਵਾਂ ਦੇ ਪਾਤਰਾਂ ਜਿਵੇਂ ਢੋਲਾ-ਮਾਰੂ, ਸੱਸੀ-ਪੁੰਨੂ, ਲੈਲਾ-ਮਜਨੂੰ ਦੇ ਚਿੱਤਰ ਬਣੇ ਮਿਲਦੇ ਹਨ। ਕੁਦਰਤੀ ਵਿਸ਼ਿਆਂ ਫੁੱਲ-ਪੱਤੀਆਂ, ਵੇਲਾਂ, ਰੁੱਖਾਂ ਆਦਿ ਦੀਆਂ ਤਸਵੀਰਾਂ ਨੂੰ ਸੋਹਣੇ ਢੰਗ ਨਾਲ ਚਿਤਰਿਆ ਗਿਆ ਹੈ। ਅੰਗਰੇਜ਼ਾਂ ਦੀ ਆਮਦ ਦੇ ਪ੍ਰਭਾਵ ਨਾਲ ਅਗਲੇ ਦੌਰ ਦੀਆਂ ਹਵੇਲੀਆਂ ਵਿਚ ਅੰਗਰੇਜ਼ ਮਰਦ ਔਰਤਾਂ, ਮੋਟਰਕਾਰਾਂ, ਬੱਘੀਆਂ, ਟੈਲੀਫੋਨ, ਹਵਾਈ ਜ਼ਹਾਜ, ਰੇਲ, ਸਮੁੰਦਰੀ ਜ਼ਹਾਜ, ਗ੍ਰਾਮੋਫੋਨ, ਸ਼ਿਕਾਰ ਕਰਦੇ ਸ਼ਿਕਾਰੀ ਅਤੇ ਈਸਾ ਮਸੀਹ ਦੇ ਚਿੱਤਰ ਮਿਲਦੇ ਹਨ। ਭਾਰਤ ਵਿਚ ਆਜ਼ਾਦੀ ਅੰਦੋਲਨ ਨੇ ਜ਼ੋਰ ਫੜਿਆ ਤਾਂ ਹਵੇਲੀਆਂ ਵਿਚ ਬਾਲ ਗੰਗਾਧਰ ਤਿਲਕ, ਮਦਨ ਮੋਹਨ ਮਾਲਵੀਆ, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੇ ਚਿੱਤਰ ਬਣਨ ਲੱਗੇ।
ਸ਼ੇਖਾਵਟੀ ਦੀਆਂ ਹਵੇਲੀਆਂ ਵਿਚ ਸਭ ਤੋਂ ਦਿਲਚਸਪ ਚਿੱਤਰ ਰੇਲ ਦਾ ਹੈ। ਭਾਰਤ ਵਿਚ ਪਹਿਲੀ ਰੇਲ 1853 ਵਿਚ ਮੁੰਬਈ ਤੋਂ ਥਾਣੇ ਵਿਚਕਾਰ ਚੱਲੀ। 1900 ਈਸਵੀ ਦੇ ਲਗਭਗ ਬੰਬਈ ਰਹਿੰਦੇ ਸ਼ੇਖਾਵਟੀ ਦੇ ਕਿਸੇ ਵਪਾਰੀ ਨੇ ਕਿਸੇ ਚਿੱਤਰਕਾਰ ਨੂੰ ਇਹ ਰੇਲ ਦਿਖਾ ਕੇ ਇਸ ਦੀ ਤਸਵੀਰ ਆਪਣੀ ਸ਼ੇਖਾਵਟੀ ਵਿਚਲੀ ਹਵੇਲੀ ਵਿਚ ਬਣਾਉਣ ਨੂੰ ਕਿਹਾ। 1902 ਵਿਚ ਨਵਲਗੜ੍ਹ ਦੀ ਪੋਡਾਰ ਹਵੇਲੀ ਵਿਚ ਰੇਲ ਦਾ ਚਿੱਤਰ ਬਣਾਇਆ ਗਿਆ। ਦਿਲਚਸਪ ਗੱਲ ਇਹ ਹੈ ਕਿ ਸ਼ੇਖਾਵਟੀ ਵਿਚ ਪਹਿਲੀ ਰੇਲ 1922 ਵਿਚ ਚੱਲੀ। ਉਨ੍ਹਾਂ ਲੋਕਾਂ ਨੂੰ ਉਸ ਚੀਜ਼ ਦੀ ਤਸਵੀਰ ਵੇਖ ਕੇ ਕਿੰਨਾ ਅਚੰਭਾ ਹੋਇਆ ਹੋਵੇਗਾ ਜੋ ਉਨ੍ਹਾਂ ਦੇ ਦੇਖਣ ਤੋਂ 20 ਸਾਲ ਬਾਅਦ ਉਸ ਖੇਤਰ ਵਿਚ ਆਈ ਹੋਵੇ। ਇਸ ਤਰ੍ਹਾਂ ਹਵਾਈ ਅਤੇ ਸਮੁੰਦਰੀ ਜਹਾਜ਼ ਦੇ ਚਿੱਤਰ ਵੀ ਕਈ ਹਵੇਲੀਆਂ ਵਿਚ ਬਣੇ ਮਿਲਦੇ ਹਨ।
ਹਰ ਸਾਲ ਦੇਸ਼/ਵਿਦੇਸ਼ ਤੋਂ ਹਜ਼ਾਰਾਂ ਸੈਲਾਨੀ ਸ਼ੇਖਾਵਟੀ ਵਿਚ ਮਹਿਲ/ਹਵੇਲੀਆਂ ਦੇਖਣ ਆਉਂਦੇ ਹਨ। 1990ਵਿਆਂ ਵਿਚ ਜਦੋਂ ਫਰੈਸਕੋ ਪੇਂਟਿੰਗ ਬਾਰੇ ਲਿਖੀਆਂ ਕੁਝ ਕਿਤਾਬਾਂ ਪੱਛਮੀ ਦੁਨੀਆਂ ਕੋਲ ਪਹੁੰਚੀਆਂ ਤਾਂ ਸ਼ੇਖਾਵਟੀ ਖੇਤਰ ਦੁਨੀਆਂ ਦੇ ਨਕਸ਼ੇ ’ਤੇ ਤੇਜ਼ੀ ਨਾਲ ਉਭਰਿਆ। ਕਲਾ ਪ੍ਰੇਮੀ ਹੋਣ ਕਾਰਨ ਸਭ ਤੋਂ ਵੱਧ ਫਰਾਂਸ ਦੇ ਲੋਕ ਇੱਥੋਂ ਦੀ ਯਾਤਰਾ ਕਰਦੇ ਹਨ। 1998 ਵਿਚ ਇਕ ਫਰਾਂਸੀਸੀ ਨਾਗਰਿਕ Nadine Le Prince ਨੇ ਫਤਹਿਪੁਰ ਵਿਚ ਨੰਦ ਲਾਲ ਦੇਵੜਾ ਦੀ ਹਵੇਲੀ ਨੂੰ ਖਰੀਦ ਕੇ ਪੱਛਮੀ ਢੰਗ ਨਾਲ ਸਜਾਇਆ ਅਤੇ ਸ਼ਾਨਦਾਰ ਅਜਾਇਬਘਰ ਦਾ ਰੂਪ ਦਿੱਤਾ ਹੈ। ਇਹ ਹਵੇਲੀ ਲੀ ਪ੍ਰਿੰਸ ਦੀ ਹਵੇਲੀ ਦੇ ਨਾਂ ਨਾਲ ਪ੍ਰਸਿੱਧ ਹੈ।
ਦਿੱਲੀ ਬੀਕਾਨੇਰ ਮਾਰਗ ’ਤੇ ਸਥਿਤ ਮੰਡਾਵਾ ਸ਼ਹਿਰ ਇਕ ਸਮੇਂ ਸ਼ੇਖਾਵਟੀ ਦੀ ਰਾਜਧਾਨੀ ਅਖਵਾਇਆ। 175 ਤੋਂ ਵੱਧ ਛੋਟੀਆਂ-ਵੱਡੀਆਂ ਹਵੇਲੀਆਂ ਵਾਲਾ ਮੰਡਾਵਾ ਢਹਿੰਦੀਆਂ ਵਿਰਾਸਤੀ ਇਮਾਰਤਾਂ ਦਾ ਸ਼ਹਿਰ ਬਣ ਗਿਆ ਹੈ। ਮੰਡਾਵਾ ਵਿਚ ਕਿਲਾ, ਜੋਹੜ, ਖੂਹ ਅਤੇ ਪ੍ਰਾਚੀਨ ਛੱਤਰੀਆਂ ਦੇਖਣਯੋਗ ਹਨ। ਪੀ.ਕੇ. ਅਤੇ ਬਜਰੰਗੀ ਭਾਈਜਾਨ ਵਰਗੀਆਂ ਕਈ ਬੌਲੀਵੁੱਡ ਫਿਲਮਾਂ ਮੰਡਾਵਾ ਵਿਚ ਫਿਲਮਾਈਆਂ ਗਈਆਂ ਹਨ। ਮੰਡਾਵਾ ਦੀ ਇਕ ਹਵੇਲੀ ਵਿਚ ਢਾਈ ਕਿੱਲੋ ਸ਼ੁੱਧ ਸੋਨੇ ਨੂੰ ਪਿਘਲਾ ਕੇ ਗੋਲਡ ਪੇਂਟਿੰਗ ਬਣਾਈ ਗਈ। ਡੁੰਡਲੋਦ, ਮੁਕੰਦਗੜ੍ਹ ਅਤੇ ਲਛਮਣਗੜ੍ਹ ਦੇ ਵਿਸ਼ਾਲ ਕਿਲ੍ਹੇ ਅਤੇ ਹਵੇਲੀਆਂ ਵੀ ਸ਼ੇਖਾਵਟੀ ਦੀ ਸ਼ਾਨ ਹਨ।
ਨਵਲਗੜ੍ਹ ਦੀ ਮੋਰਾਰਕਾ ਹਵੇਲੀ 700 ਤੋਂ ਵੱਧ ਭਿੱਤੀ ਚਿੱਤਰਾਂ ਨਾਲ ਸਜੀ ਹੈ। 1902 ਵਿਚ ਅਨੰਦੀ ਲਾਲ ਪੋਡਾਰ ਦੀ ਬਣਾਈ ਹਵੇਲੀ ਨੂੰ ਉਸ ਦੇ ਪੋਤਰੇ ਕਾਂਤੀਕੁਮਾਰ ਨੇ ਵਿਸ਼ਾਲ ਮਿਊਜ਼ੀਅਮ ਵਿਚ ਬਦਲ ਦਿੱਤਾ ਹੈ। ਇਸ ਵਿਚ ਰਾਜਸਥਾਨੀ ਜਨ ਜੀਵਨ ਦੇ ਰੰਗਾਂ ਨੂੰ ਉਘਾੜਦੀਆਂ ਕਈ ਗੈਲਰੀਆਂ ਬਣਾਈਆਂ ਗਈਆਂ ਹਨ। ਕੱਪੜੇ, ਗਹਿਣੇ, ਲੋਕ ਸਾਜ਼, ਲੋਕ ਨਾਚ, ਤਿਉਹਾਰ, ਲੱਕੜ ਅਤੇ ਸੰਗਮਰਮਰ ਦੀ ਕਾਰੀਗਰੀ ਤੋਂ ਇਲਾਵਾ ਵੱਖੋ-ਵੱਖਰੇ ਮੌਕਿਆਂ ’ਤੇ ਬੰਨ੍ਹੀਆਂ ਜਾਣ ਵਾਲੀਆਂ ਰਾਜਸਥਾਨੀ ਪੱਗਾਂ ਨੂੰ ਸੋਹਣੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।
ਪੇਂਟਿਡ ਟਾਊਨ ਦੇ ਨਾਂ ਨਾਲ ਪ੍ਰਸਿੱਧ ਰਾਮਗੜ੍ਹ ਦੀ ਸਵਾਲਕਾ ਹਵੇਲੀ ਵਿਚ ਇਰਾਨ ਅਤੇ ਬੈਲਜੀਅਮ ਦੇ ਰੰਗੀਨ ਕੱਚ ਦੀ ਵਰਤੋਂ ਕਰਕੇ ਸ਼ਾਨਦਾਰ ਚਿੱਤਰਕਾਰੀ ਕੀਤੀ ਗਈ ਹੈ। ਚੁਰੂ ਦੀ ਸੁਰੈਣਾ ਹਵੇਲੀ ਅਤੇ ਝੁਨਝੁਨੂ ਦਾ ਰਾਣੀ ਸਤੀ ਮਾਤਾ ਮੰਦਰ ਵੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹਨ। ਜਿੱਥੇ ਸ਼ੇਖਾਵਟੀ ਵਿਚ ਸ਼ਾਸਕ ਵਰਗ ਦੇ ਦੁਰਗਾਂ ਅਤੇ ਮਹਿਲਾਂ ਅਤੇ ਸ਼ਾਹੂਕਾਰਾਂ ਦੀਆਂ ਹਵੇਲੀਆਂ ਵਿਚ ਚਿੱਤਰਕਾਰੀ ਕੀਤੀ ਮਿਲਦੀ ਹੈ ਉੱਥੇ ਹੀ ਆਮ ਪਿੰਡਾਂ, ਗਲੀ-ਮੁਹੱਲਿਆਂ ਅਤੇ ਸਾਧਾਰਨ ਘਰਾਂ ਦੀਆਂ ਕੰਧਾਂ ਉੱਪਰ ਬਣੀ ਚਿੱਤਰਕਾਰੀ ਸਾਰੇ ਸ਼ੇਖਾਵਟੀ ਖੇਤਰ ਨੂੰ ਬਹੁਤ ਵੱਡੀ ਓਪਨ ਆਰਟ ਗੈਲਰੀ ਬਣਾ ਦਿੰਦੀ ਹੈ।
ਮੌਜੂਦਾ ਦੌਰ ਵਿਚ ਸ਼ੇਖਾਵਟੀ ਦੀਆਂ ਵਿਰਾਸਤੀ ਇਮਾਰਤਾਂ ਦੀ ਹਾਲਤ ਬਹੁਤ ਤਰਸਯੋਗ ਹੈ। ਕਈ ਹਵੇਲੀਆਂ ਆਪਣੇ ਮਾਲਕਾਂ ਨੂੰ ਉਡੀਕਦੀਆਂ ਢਹਿ-ਢੇਰੀ ਹੋ ਚੁੱਕੀਆਂ ਹਨ ਅਤੇ ਕਈ ਆਪਣੇ ਸ਼ਾਨਦਾਰ ਅਤੀਤ ’ਤੇ ਮਾਣ ਕਰਦੀਆਂ ਆਖ਼ਰੀ ਸਾਹਾਂ ’ਤੇ ਹਨ। ਜਿਨ੍ਹਾਂ ਦੀ ਸਾਂਭ ਸੰਭਾਲ ਹੋਈ ਹੈ ਉਨ੍ਹਾਂ ਨੂੰ ਮਹਿੰਗੇ ਹੈਰੀਟੇਜ (ਵਿਰਾਸਤੀ) ਹੋਟਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਦੁਨੀਆਂ ਦੇ ਕਲਾ ਪ੍ਰੇਮੀਆਂ, ਖੋਜੀਆਂ ਅਤੇ ਸੈਲਾਨੀਆਂ ਨੂੰ ਹੋਰ ਜ਼ਿਆਦਾ ਆਕਰਸ਼ਿਤ ਕਰਨ ਲਈ ਇਸ ਖੇਤਰ ਵਿਚ ਹੋਰ ਬੁਨਿਆਦੀ ਸਹੂਲਤਾਂ ਦੇਣ ਦੀ ਲੋੜ ਹੈ। ਦੁਨੀਆਂ ਦੀ ਇਸ ਸਭ ਤੋਂ ਵੱਡੀ ਓਪਨ ਆਰਟ ਗੈਲਰੀ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ ਮਿਲਣਾ ਚਾਹੀਦਾ ਹੈ।
ਸੰਪਰਕ: 81462-11644