ਸਰਦਾਰ ਅਜੀਤ ਸਿੰਘ ਦੀ ਦੇਸ਼ ਵਾਪਸੀ

ਸਰਦਾਰ ਅਜੀਤ ਸਿੰਘ ਦੀ ਦੇਸ਼ ਵਾਪਸੀ

ਗੁਰਦੇਵ ਸਿੰਘ ਸਿੱਧੂ

ਰਤਾਨਵੀ ਹਿੰਦੋਸਤਾਨ ਦੀ ਸਰਕਾਰ ਦੁਆਰਾ ਦੇਸ਼ ਧ੍ਰੋਹ ਦੇ ਮੁਕੱਦਮੇ ਵਿਚ ਲਪੇਟੇ ਜਾਣ ਤੋਂ ਬਚਣ ਲਈ ਸ. ਅਜੀਤ ਸਿੰਘ 1909 ਵਿਚ ਹਿੰਦੋਸਤਾਨ ਵਿਚੋਂ ਰੂਪੋਸ਼ ਹੋ ਕੇ ਪਰਸ਼ੀਆ ਚਲਾ ਗਿਆ। ਕੁਝ ਸਮਾਂ ਇੱਥੇ ਗੁਜ਼ਾਰਨ ਪਿੱਛੋਂ ਉਹ ਐੱਚ. ਹਸਨ ਖਾਂ ਨਾਂ ਉੱਤੇ ਬਣੇ ਪਰਸ਼ੀਅਨ ਪਾਸਪੋਰਟ ਉੱਤੇ ਸਵਿਟਜ਼ਰਲੈਂਡ ਪਹੁੰਚਿਆ ਅਤੇ ਅਧਿਆਪਨ ਕਾਰਜ ਕਰਨ ਲੱਗਾ। 1913 ਵਿਚ ਉਸ ਨੇ ਪੈਰਿਸ ਜਾ ਕੇ ਮੈਡਮ ਕਾਮਾ ਅਤੇ ਹੋਰ ਇਨਕਲਾਬੀਆਂ ਨਾਲ ਰਲ ਕੇ ਕੰਮ ਕਰਨਾ ਸ਼ੁਰੂ ਕੀਤਾ, ਪਰ ਅਗਲੇ ਹੀ ਸਾਲ ਬ੍ਰਾਜ਼ੀਲ ਪਹੁੰਚ ਗਿਆ। ਇੱਥੇ ਕੁਝ ਸਮਾਂ ਗੁਜ਼ਾਰਨ ਪਿੱਛੋਂ ਹੀ ਉਸ ਨੂੰ ਇੱਥੋਂ ਦਾ ਮਾਹੌਲ ਪਸੰਦ ਆ ਗਿਆ ਅਤੇ ਉਸ ਨੇ ਬ੍ਰਾਜ਼ੀਲ ਦੀ ਨਾਗਰਿਕਤਾ ਲੈ ਲਈ। ਇੱਥੇ ਰਹਿੰਦਿਆਂ ਉਸ ਦਾ ਸੰਪਰਕ ਅਮਰੀਕਾ ਵਿਚ ਸਥਾਪਤ ਗ਼ਦਰ ਪਾਰਟੀ ਨਾਲ ਹੋਇਆ। ਗ਼ਦਰ ਪਾਰਟੀ ਉਸ ਨੂੰ ਅਮਰੀਕਾ ਬੁਲਾਉਣਾ ਚਾਹੁੰਦੀ ਸੀ, ਪਰ ਕਿਸੇ ਕਾਰਨ ਇਹ ਸੰਭਵ ਨਾ ਹੋ ਸਕਿਆ। ਲਗਭਗ ਦੋ ਦਹਾਕੇ ਦਾ ਲੰਮਾ ਸਮਾਂ ਇੱਥੇ ਗੁਜ਼ਾਰਨ ਪਿੱਛੋਂ 1932 ਵਿਚ ਉਸ ਨੇ ਯੂਰੋਪ ਜਾਣ ਦਾ ਮਨ ਬਣਾਇਆ, ਪਰ ਬ੍ਰਾਜ਼ੀਲ ਵਿਚ ਪਰਸ਼ੀਅਨ ਦੂਤਾਵਾਸ ਨਾ ਹੋਣ ਕਾਰਨ ਉਸ ਦਾ ਪਾਸਪੋਰਟ ਨਵਿਆਇਆ ਨਹੀਂ ਸੀ ਜਾ ਸਕਿਆ, ਇਸ ਲਈ ਉਸ ਨੇ ਉਸੇ ਨਾਂ ਉੱਤੇ ਬ੍ਰਾਜ਼ੀਲੀਅਨ ਪਾਸਪੋਰਟ ਲਿਆ ਅਤੇ ਅਰਜਨਟਾਈਨਾ ਗਿਆ। ਉਨ੍ਹੀਂ ਦਿਨੀ ਅਰਜਨਟਾਈਨਾ ਗ਼ਦਰੀਆਂ ਦਾ ਗੜ੍ਹ ਸੀ, ਸ. ਅਜੀਤ ਸਿੰਘ ਨੇ ਵੀ ਉੱਥੋਂ ਦੇ ਗ਼ਦਰੀਆਂ ਨਾਲ ਕੰਮ ਕੀਤਾ। ਇੱਥੇ ਕੁਝ ਸਮਾਂ ਗੁਜ਼ਾਰਨ ਪਿੱਛੋਂ ਉਹ ਸਵਿਟਜ਼ਰਲੈਂਡ ਚਲਾ ਗਿਆ। ਸਤੰਬਰ 1937 ਵਿਚ ਜਦੋਂ ਉਹ ਜਨੇਵਾ ਵਿਚ ਸੀ, ਉਸ ਦੀ ਮੁਲਾਕਾਤ ਹਿੰਦੋਸਤਾਨ ਸਰਕਾਰ ਦੇ ਇਕ ਅੰਗਰੇਜ਼ ਅਧਿਕਾਰੀ ਸਰ ਡੇਨੀਸ ਬਰੇਅ ਨਾਲ ਹੋਈ।

ਮਿਸਟਰ ਬਰੇਅ ਬਰਤਾਨਵੀ ਸਰਕਾਰ ਵਿਚ ਵਿਦੇਸ਼ ਸਕੱਤਰ ਰਹਿ ਚੁੱਕਾ ਸੀ। ਸ. ਅਜੀਤ ਸਿੰਘ ਨੇ ਇਸ ਅਧਿਕਾਰੀ ਕੋਲ ਹਿੰਦੋਸਤਾਨ ਪਰਤਣ ਦੀ ਇੱਛਾ ਜ਼ਾਹਰ ਕੀਤੀ ਅਤੇ ਉਸ ਨੂੰ ਮਦਦ ਕਰਨ ਲਈ ਕਿਹਾ। ਸਰ ਡੇਨੀਸ ਬਰੇਅ ਨੇ ਸ. ਅਜੀਤ ਸਿੰਘ ਦੀ ਇੱਛਾ ਸਟੇਟ ਆਫਸ, ਲੰਡਨ ਦੇ ਧਿਆਨ ਵਿਚ ਲਿਆਂਦੀ ਤਾਂ ਸੈਕਟਰੀ ਆਫ ਸਟੇਟ ਨੇ ਪੱਤਰ ਨੰ: ਪੀ. ਐਂਡ. ਜੇ. (ਐੱਸ) 1007/37 ਮਿਤੀ 18 ਨਵੰਬਰ 1937 ਰਾਹੀਂ ਸ. ਅਜੀਤ ਸਿੰਘ ਦੀ ਹਿੰਦੋਸਤਾਨ ਆਉਣ ਦੀ ਇੱਛਾ ਬਾਰੇ ਹਿੰਦੋਸਤਾਨ ਸਰਕਾਰ ਦੀ ਟਿੱਪਣੀ ਮੰਗੀ। ਦਿੱਲੀ ਵਿਚ ਵੱਡੇ ਅਧਿਕਾਰੀਆਂ ਦੇ ਪੱਧਰ ਉੱਤੇ ਇਸ ਬਾਰੇ ਵਿਚਾਰ ਹੋਈ ਅਤੇ ਸ. ਅਜੀਤ ਸਿੰਘ ਵੱਲੋਂ ਬ੍ਰਾਜ਼ੀਲ ਸਰਕਾਰ ਪਾਸੋਂ ਪ੍ਰਾਪਤ ਪਾਸਪੋਰਟ ਉੱਤੇ ਹਿੰਦੋਸਤਾਨ ਆਉਣ ਉਪਰੰਤ ਸੰਭਾਵੀ ਕਾਰਵਾਈ ਕੀਤੇ ਜਾਣ ਬਾਰੇ ਲੱਖਣ ਲਾਏ ਗਏ। ਪਹਿਲਾ ਲੱਖਣ ਇਹ ਸੀ ਕਿ ਜੇਕਰ ਹਿੰਦੋਸਤਾਨ ਆ ਕੇ ਉਸ ਦਾ ਵਿਵਹਾਰ ਇਤਰਾਜ਼ਯੋਗ ਹੋਇਆ ਜਾਂ ਉਸ ਦੀ ਹਾਜ਼ਰੀ ਕਿਸੇ ਅੰਦੋਲਨ ਦਾ ਕਾਰਨ ਬਣੇ ਤਾਂ ਉਸ ਨੂੰ ‘ਵਿਦੇਸ਼ੀ ਐਕਟ’ ਤਹਿਤ ਵਾਪਸ ਭੇਜਿਆ ਜਾ ਸਕਦਾ ਹੈ। ਦੱਖਣੀ ਅਮਰੀਕਾ ਦੇ ਰਾਜਦੂਤਾਂ ਦੀਆਂ ਪਿਛਲੇਰੀਆਂ ਕਾਰਵਾਈਆਂ ਨੂੰ ਵੇਖਦਿਆਂ ਦੂਸਰਾ ਲੱਖਣ ਇਹ ਲਾਇਆ ਗਿਆ ਕਿ ਜੇਕਰ ਹਿੰਦੋਸਤਾਨ ਵਿਚ ਠਹਿਰਨ ਦੌਰਾਨ ਸ. ਅਜੀਤ ਸਿੰਘ ਦੇ ਪਾਸਪੋਰਟ ਦੀ ਮਿਆਦ ਪੁੱਗ ਗਈ ਤਾਂ ਬ੍ਰਾਜ਼ੀਲ ਸਰਕਾਰ ਪਾਸਪੋਰਟ ਨਵਿਆਉਣ ਤੋਂ ਇਨਕਾਰ ਕਰ ਸਕਦੀ ਹੈ ਅਤੇ ਅਜਿਹੀ ਸੂਰਤ ਵਿਚ ਉਸ ਨੂੰ ਵਾਪਸ ਭੇਜਿਆ ਜਾਣਾ ਮੁਸ਼ਕਲ ਹੋ ਜਾਵੇਗਾ। ਇਸ ਵਿਚਾਰ ਉਪਰੰਤ ਹਿੰਦੋਸਤਾਨ ਸਰਕਾਰ ਨੇ ਪੱਤਰ ਨੰ: 89/60/37 ਪੁਲਿਟੀਕਲ ਮਿਤੀ 4 ਮਾਰਚ 1938 ਦੁਆਰਾ ਸੈਕਟਰੀ ਆਫ ਸਟੇਟ ਨੂੰ ਲਿਖਿਆ ਕਿ ਸ. ਅਜੀਤ ਸਿੰਘ ਨੂੰ ਹਿੰਦੋਸਤਾਨ ਆਉਣ ਦੀ ਆਗਿਆ ਕੇਵਲ ਤਾਂ ਹੀ ਦਿੱਤੀ ਜਾਣੀ ਚਾਹੀਦੀ ਹੈ, ਜੇਕਰ ਉਸ ਦਾ ਬ੍ਰਾਜ਼ੀਲੀਅਨ ਪਾਸਪੋਰਟ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਰਹਿੰਦਾ ਹੋਵੇ; ਪਰ ਜੇਕਰ ਅਜਿਹਾ ਨਾ ਹੋਵੇ ਤਾਂ ਉਸ ਨੂੰ ਹਿੰਦੋਸਤਾਨ ਆਉਣ ਲਈ ਵੀਜ਼ਾ ਉਦੋਂ ਤਕ ਅੱਗੇ ਪਾ ਦਿੱਤਾ ਜਾਵੇ, ਜਦੋਂ ਤਕ ਉਸ ਦਾ ਪਾਸਪੋਰਟ ਤਸੱਲੀਬਖਸ਼ ਸਮੇਂ ਲਈ ਨਵਿਆਇਆ ਨਹੀਂ ਜਾਂਦਾ। ਸ. ਅਜੀਤ ਸਿੰਘ ਨੇ ਕਈ ਮਹੀਨੇ ਸੈਕਟਰੀ ਆਫ ਸਟੇਟ ਵੱਲੋਂ ਆਉਣ ਵਾਲੇ ਉੱਤਰ ਦਾ ਇੰਤਜ਼ਾਰ ਕੀਤਾ, ਪਰ ਜਦੋਂ ਕਈ ਮਹੀਨੇ ਬੀਤਣ ਦੇ ਬਾਵਜੂਦ ਕੋਈ ਸੂਚਨਾ ਨਾ ਮਿਲਣ ਕਾਰਨ ਉਹ ਆਪਣੇ ਪ੍ਰੋਗਰਾਮ ਅਨੁਸਾਰ ਇਟਲੀ ਦੇ ਸ਼ਹਿਰ ਨੇਪਲਜ਼ ਚਲਾ ਗਿਆ ਅਤੇ ਇਸ ਬਾਰੇ ਸੂਚਨਾ ਸੈਕਟਰੀ ਆਫ ਸਟੇਟ ਨੂੰ ਭੇਜ ਦਿੱਤੀ। ਹਿੰਦੋਸਤਾਨ ਤੋਂ ਪੱਤਰ ਮਿਲਣ ਪਿੱਛੋਂ ਸੈਕਟਰੀ ਆਫ ਸਟੇਟ ਨੇ ਨੇਪਲਜ਼ ਵਿਚਲੇ ਬਰਤਾਨਵੀ ਕਾਊਂਸਲੇਟ ਰਾਹੀਂ ਸ. ਅਜੀਤ ਸਿੰਘ ਨੂੰ ਜਾਣੂ ਕਰਵਾਇਆ ਕਿ ਕਿਸੇ ਵਿਦੇਸ਼ੀ ਪਾਸਪੋਰਟ ਉੱਤੇ ਉਸ ਨੂੰ ਹਿੰਦੋਸਤਾਨ ਜਾਣ ਦਾ ਵੀਜ਼ਾ ਤਦ ਹੀ ਮਿਲੇਗਾ, ਜੇਕਰ ਪਾਸਪੋਰਟ ਦੀ ਮਿਆਦ ਲੰਬੀ ਅਵਧੀ ਲਈ ਬਾਕੀ ਹੋਵੇਗੀ। ਸ. ਅਜੀਤ ਸਿੰਘ ਦੇ ਹਿੰਦੋਸਤਾਨ ਵਿਚਲੇ ਹਿਤੈਸ਼ੀਆਂ ਨੇ ਉਸ ਨੂੰ ਬ੍ਰਾਜ਼ੀਲੀਅਨ ਪਾਸਪੋਰਟ ਉੱਤੇ ਦੇਸ਼ ਨਾ ਪਰਤਣ ਦੀ ਸਲਾਹ ਦਿੱਤੀ।

ਸ. ਅਜੀਤ ਸਿੰਘ ਦਾ ਪਾਸ
ਪੋਰਟ ਫਾਰਮ। -ਫੋਟੋਆਂ: ਅਮਰਜੀਤ ਚੰਦਨ

ਸਤੰਬਰ 1938 ਵਿਚ ਸ. ਅਜੀਤ ਸਿੰਘ ਸਵਿਟਰਜ਼ਰਲੈਂਡ ਵਿਚ ਸੀ ਜਿੱਥੇ ਉਸ ਨੇ ਆਪਣੇ ਨਾਂ ਉੱਤੇ ਬਰਤਾਨਵੀ ਪਾਸਪੋਰਟ ਲੈਣ ਲਈ ਦਰਖਾਸਤ ਦਿੱਤੀ। ਉਸ ਨੇ ਸਪੱਸ਼ਟ ਕੀਤਾ ਕਿ 1909 ਤੋਂ ਉਸ ਨੇ ਆਪਣਾ ਅਸਲੀ ਨਾਂ ਇਸਤੇਮਾਲ ਨਹੀਂ ਕੀਤਾ ਅਤੇ ਉਸ ਦੇ ਸਾਰੇ ਦਸਤਾਵੇਜ਼ ਉਸ ਦੇ ਬਦਲਵੇਂ ਨਾਂ ਹਸਨ ਖਾਨ ’ਤੇ ਹਨ। ਉਸ ਨੇ ਇਹ ਵੀ ਦੱਸਿਆ ਕਿ ਉਹ ਇਸ ਨਾਂ ’ਤੇ ਪਰਸ਼ੀਅਨ ਪਾਸਪੋਰਟ ਲੈ ਕੇ ਬ੍ਰਾਜ਼ੀਲ ਪੁੱਜਾ ਸੀ, ਬ੍ਰਾਜ਼ੀਲ ਵਿਚ ਪਰਸ਼ੀਅਨ ਸਫਾਰਤਖਾਨਾ ਨਾ ਹੋਣ ਕਾਰਨ ਉਹ ਇਸ ਨੂੰ ਨਵਿਆ ਨਾ ਸਕਿਆ। ਇਸ ਲਈ 1932 ਵਿਚ ਜਦੋਂ ਉਸ ਨੇ ਯੂਰੋਪ ਜਾਣ ਦਾ ਮਨ ਬਣਾਇਆ ਤਾਂ ਇਸੇ ਨਾਂ ’ਤੇ ਬ੍ਰਾਜ਼ੀਲੀਅਨ ਪਾਸਪੋਰਟ ਲੈ ਲਿਆ। ਉਸ ਨੇ ਲਿਖਿਆ ਕਿ ਉਹ ਬ੍ਰਾਜ਼ੀਲੀਅਨ ਪਾਸਪੋਰਟ ਉੱਤੇ ਵੀਜ਼ਾ ਲੈ ਕੇ ਹਿੰਦੋਸਤਾਨ ਜਾ ਸਕਣ ਬਾਰੇ ਜਾਣਦਾ ਹੈ, ਪਰ ਇਕ ਵਿਦੇਸ਼ੀ ਬਣ ਕੇ ਹਿੰਦੋਸਤਾਨ ਪਰਤਣ ਦੀ ਉਸ ਦੀ ਇੱਛਾ ਨਹੀਂ। ਇੰਡੀਆ ਆਫਸ ਵੱਲੋਂ ਉਸ ਦੀ ਦਲੀਲ ਮੰਨੇ ਜਾਣ ਦੀ ਥਾਂ 11 ਅਕਤੂਬਰ 1938 ਨੂੰ ਪੱਤਰ ਲਿਖ ਕੇ ਉਹ ਹਾਲਤ ਬਿਆਨ ਕਰਨ ਲਈ ਆਖਿਆ ਜਿਨ੍ਹਾਂ ਕਾਰਨ ਉਸ ਨੂੰ ਬ੍ਰਾਜ਼ੀਲੀਅਨ ਨਾਗਰਿਕ ਬਣ ਕੇ ਪਾਸਪੋਰਟ ਲੈਣਾ ਪਿਆ ਸੀ। ਸ. ਅਜੀਤ ਸਿੰਘ ਪਹਿਲਾਂ ਹੀ ਇਸ ਬਾਰੇ ਬਿਆਨ ਕਰ ਚੁੱਕਾ ਸੀ, ਉਹ ਸਮਝ ਗਿਆ ਕਿ ਸਟੇਟ ਆਫਸ ਲੰਡਨ ਵੱਲੋਂ ਅਜਿਹੀ ਪੁੱਛ ਉਸ ਨੂੰ ਪਾਸਪੋਰਟ ਨਾ ਦਿੱਤੇ ਜਾਣ ਲਈ ਘੁਣਤਰਬਾਜ਼ੀ ਹੈ। ਸਟੇਟ ਆਫਸ ਦੇ ਅਜਿਹੇ ਵਤੀਰੇ ਨੂੰ ਵੇਖਦਿਆਂ ਸ. ਅਜੀਤ ਸਿੰਘ ਨੇ ਹਿੰਦੋਸਤਾਨੀ ਪਾਸਪੋਰਟ ਲੈਣ ਦੀ ਗੱਲ ਛੱਡ ਦਿੱਤੀ ਅਤੇ ਆਪਣੇ ਬ੍ਰਾਜ਼ੀਲੀਅਨ ਪਾਸਪੋਰਟ ’ਤੇ ਹੀ ਹਿੰਦੋਸਤਾਨ ਅਤੇ ਕੁਝ ਹੋਰ ਮੁਲਕਾਂ ਵਿਚ ਜਾਣ ਦਾ ਮਨ ਬਣਾਇਆ ਅਤੇ ਬ੍ਰਾਜ਼ੀਲੀਅਨ ਅਧਿਕਾਰੀਆਂ ਪਾਸੋਂ ਆਪਣਾ ਪਾਸਪੋਰਟ 20 ਮਾਰਚ 1941 ਤਕ ਵਧਵਾ ਲਿਆ। ਉਸ ਨੂੰ ਹਿੰਦੋਸਤਾਨ ਆਉਣ ਦਾ ਵੀਜ਼ਾ ਵੀ ਮਿਲ ਗਿਆ, ਪਰ ਜਦੋਂ ਉਹ ਯਾਤਰਾ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਨਵੰਬਰ 1939 ਵਿਚ ਉਸ ਨੂੰ ਸੂਚਿਤ ਕੀਤਾ ਗਿਆ ਕਿ ਯਾਤਰਾ ਦੀ ਤਰੀਕ ਅਤੇ ਯਾਤਰਾ ਲਈ ਵਰਤੇ ਜਾਣ ਵਾਲੇ ਜਹਾਜ਼ ਦੀ ਸੂਚਨਾ ਨਾ ਦੇਣ ਕਾਰਨ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਅਸਲ ਵਿਚ ਦੂਜੀ ਸੰਸਾਰ ਜੰਗ ਸ਼ੁਰੂ ਹੋ ਜਾਣ ਕਾਰਨ ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਅਜਿਹੇ ਮੌਕੇ ਸ. ਅਜੀਤ ਸਿੰਘ ਦੇ ਹਿੰਦੋਸਤਾਨ ਵਿਚ ਹੋਣ ਨੂੰ ਖ਼ਤਰਨਾਕ ਸਮਝਦੀ ਸੀ।

ਸ. ਅਜੀਤ ਸਿੰਘ ਦੇ ਮਾਰਚ 1947 ਵਿਚ ਭਾਰਤ ਵਾਪਸ ਆਉਣ ’ਤੇ 10 ਮਾਰਚ 1947 ਦੇ ‘ਦਿ ਟ੍ਰਿਬਿਊਨ’ ਵਿੱਚ ਛਪੀ ਖ਼ਬਰ।

ਦੂਜੀ ਸੰਸਾਰ ਜੰਗ ਦੌਰਾਨ ਸ. ਅਜੀਤ ਸਿੰਘ ਜਰਮਨੀ ਵਿਚ ਸੀ ਜਿੱਥੇ ਉਸ ਨੇ ਜਰਮਨ ਦੁਆਰਾ ਬੰਦੀ ਬਣਾਏ ਹਿੰਦੋਸਤਾਨੀ ਜੰਗੀ ਕੈਦੀਆਂ ਵਿਚ ਅੰਗਰੇਜ਼ ਵਿਰੋਧੀ ਪ੍ਰਚਾਰ ਕਰਨ ਵਿਚ ਮਹੱਤਵਪੂਰਨ ਕੰਮ ਕੀਤਾ। ਫਲਸਰੂਪ ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਨੇ ਉਸ ਨੂੰ ‘ਅਣ-ਚਾਹਿਆ ਵਿਦੇਸ਼ੀ’ ਐਲਾਨਿਆ ਅਤੇ ਸਾਰੇ ਬਰਤਾਨਵੀ ਦੂਤਾਵਾਸਾਂ ਨੂੰ ਸਲਾਹ ਦਿੱਤੀ ਕਿ ਅਜੀਤ ਸਿੰਘ ਨੂੰ ਹਿੰਦੋਸਤਾਨ ਆਉਣ ਦਾ ਵੀਜ਼ਾ ਨਾ ਦਿੱਤਾ ਜਾਵੇ। ਜੰਗ ਵਿਚ ਜਰਮਨੀ ਦੀ ਹਾਰ ਹੋਈ ਅਤੇ ਅੰਗਰੇਜ਼ ਫ਼ੌਜ ਨੇ ਹੋਰਾਂ ਦੇ ਨਾਲ ਸ. ਅਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸ. ਅਜੀਤ ਸਿੰਘ ਦੀ ਸਿਹਤ ਪਹਿਲਾਂ ਹੀ ਚੰਗੀ ਨਹੀਂ ਸੀ। ਬੰਦੀਖਾਨੇ ਵਿਚ ਉਹ ਉੱਕਾ ਹੀ ਨਿਢਾਲ ਹੋ ਗਏ। ਬਰਲਿਨ ਸਥਿਤ ਬਰਤਾਨਵੀ ਦੂਤਾਵਾਸ ਨੇ ਹਿੰਦੋਸਤਾਨ ਸਰਕਾਰ ਨੂੰ ਜਾਣਕਾਰੀ ਦਿੱਤੀ ਕਿ ਸ. ਅਜੀਤ ਸਿੰਘ ਬਿਮਾਰ ਹੋਣ ਕਾਰਨ 1 ਜੁਲਾਈ 1946 ਤੋਂ ਜਰਮਨੀ ਦੇ ਇਕ ਹਸਪਤਾਲ ਵਿਚ ਜ਼ੇਰੇ-ਇਲਾਜ ਹੈ। ਸ. ਅਜੀਤ ਸਿੰਘ ਦੀ ਬਿਮਾਰੀ ਦੀ ਖ਼ਬਰ ਹਿੰਦੋਸਤਾਨ ਦੇ ਅਖ਼ਬਾਰਾਂ ਵਿਚ ਛਪੀ ਤਾਂ ਪਰਿਵਾਰਕ ਮੈਂਬਰਾਂ ਨੇ ਬਿਮਾਰ ਅਜੀਤ ਸਿੰਘ ਦੀ ਦੇਖਭਾਲ ਕਰਨ ਲਈ ਜਰਮਨੀ ਜਾਣ ਦੀ ਆਗਿਆ ਮੰਗੀ, ਪਰ ਸਰਕਾਰ ਨੇ ਆਗਿਆ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਲੈਜਿਸਲੇਟਿਵ ਅਸੈਂਬਲੀ ਵਿਚ ਸ੍ਰੀ ਸਨਿਆਲ ਨੇ ਇਸ ਬਾਰੇ ਸਵਾਲ ਪੁੱਛਿਆ ਅਤੇ ਆਈ. ਐੱਨ. ਏ. ਰਲੀਫ ਕਮੇਟੀ ਨੇ ਸਰਕਾਰ ਤੋਂ ਜਾਣਕਾਰੀ ਮੰਗੀ, ਪਰ ਸਰਕਾਰ ਨੇ ਕੋਈ ਠੋਸ ਜਾਣਕਾਰੀ ਨਾ ਦਿੱਤੀ।

1946 ਵਿਚ ਪੰਡਤ ਨਹਿਰੂ ਦੀ ਅਗਵਾਈ ਵਿਚ ਅੰਤ੍ਰਿਮ ਸਰਕਾਰ ਨੇ ਕੰਮ ਕਾਰ ਸੰਭਾਲ ਲਿਆ, ਗ੍ਰਹਿ ਮੰਤਰੀ ਸਰਦਾਰ ਪਟੇਲ ਬਣੇ। ਸ. ਮੰਗਲ ਸਿੰਘ, ਬੀ.ਏ. ਮੈਂਬਰ ਲੈਜਿਸਲੇਟਿਵ ਅਸੈਂਬਲੀ ਨੇ 9 ਸਤੰਬਰ 1946 ਨੂੰ ਸਵੇਰ ਵੇਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੂੰ ਮਿਲ ਕੇ ਸ. ਅਜੀਤ ਸਿੰਘ ਨੂੰ ਹਿੰਦੋਸਤਾਨ ਆਉਣ ਦੀ ਆਗਿਆ ਦੇਣ ਦੀ ਗੱਲ ਕੀਤੀ ਅਤੇ ਫਿਰ ਇਸੇ ਦਿਨ ਇਸ ਮਨੋਰਥ ਦਾ ਪੱਤਰ ਲਿਖਿਆ। ਜਵਾਹਰ ਲਾਲ ਨਹਿਰੂ ਸ. ਅਜੀਤ ਸਿੰਘ ਨੂੰ ਬਹੁਤ ਦੇਰ ਤੋਂ ਭਾਰਤ ਲਿਆਉਣ ਦੇ ਯਤਨ ਕਰ ਰਹੇ ਸਨ। ਉਨ੍ਹਾਂ ਦੇ ਹਿੰਦੋਸਤਾਨ ਆਉਣ ਉੱਤੇ ਲੱਗੀਆਂ ਪਾਬੰਦੀਆਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ। ਹਿੰਦੋਸਤਾਨ ਸਰਕਾਰ ਨੇ ਇਸ ਬਾਰੇ ਪੱਤਰ ਨੰਬਰ 1/1/45-ਪੁਲਿਟੀਕਲ (1) ਮਿਤੀ 25.9.46 ਰਾਹੀਂ ਸਟੇਟ ਆਫਸ, ਲੰਡਨ ਨੂੰ ਸੂਚਨਾ ਭੇਜਦਿਆਂ ਬੇਨਤੀ ਕੀਤੀ ਕਿ ਪਾਸਪੋਰਟ ਕੰਟਰੋਲ ਅਧਿਕਾਰੀਆਂ ਨੂੰ ਸ. ਅਜੀਤ ਸਿੰਘ ਨੂੰ ਹਿੰਦੋਸਤਾਨੀ ਪਾਸਪੋਰਟ ਦੇਣ ਦੀ ਹਦਾਇਤ ਕਰ ਦਿੱਤੀ ਜਾਵੇ। ਪਾਸਪੋਰਟ ਸਬੰਧੀ ਕਾਰਵਾਈ ਮੁਕੰਮਲ ਹੋਣ ਪਿੱਛੋਂ ਸ. ਅਜੀਤ ਸਿੰਘ ਇੰਗਲੈਂਡ ਹੁੰਦੇ ਹੋਏ ਭਾਰਤ ਆਉਣ ਵਾਸਤੇ 28 ਦਸੰਬਰ 1946 ਨੂੰ ਜਰਮਨੀ ਤੋਂ ਰਵਾਨਾ ਹੋਏ। ਲੰਡਨ ਵਿਚ ਉਨ੍ਹਾਂ ਨੇ ਢਾਈ ਕੁ ਮਹੀਨੇ ਇਲਾਜ ਕਰਵਾਉਣ ਦੇ ਨਾਲ ਨਾਲ ਦੇਸ਼ ਦੇ ਭਵਿੱਖੀ ਢਾਂਚੇ ਬਾਰੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਮੀਟਿੰਗਾਂ ਕੀਤੀਆਂ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਨਾ-ਪਸੰਦ ਕੀਤਾ। ਹਿੰਦੋਸਤਾਨੀ ਹਾਈ ਕਮਿਸ਼ਨਰ ਨੇ ਉਨ੍ਹਾਂ ਦੀ ਅਗਲੀ ਯਾਤਰਾ ਲਈ ਮਿਤੀ 6 ਮਾਰਚ 1947 ਨੂੰ ਹਵਾਈ ਜਹਾਜ਼ ਦੀ ਉਡਾਣ ਨੰ: 7/144 ਵਿਚ ਪ੍ਰਬੰਧ ਕੀਤਾ, ਪਰ ਸ. ਅਜੀਤ ਸਿੰਘ ਦੀ ਸਿਹਤ ਸਫ਼ਰ ਕਰਨਯੋਗ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਦਿਨ ਦੀ ਉਡਾਣ ਛੱਡ ਕੇ ਅਗਲੇ ਦਿਨ ਯਾਤਰਾ ਕਰਨੀ ਪਈ।

ਜਵਾਹਰਲਾਲ ਨਹਿਰੂ ਵੱਲੋਂ
ਸ. ਅਜੀਤ ਸਿੰਘ ਦਾ ਪਾਸਪੋਰਟ
ਜਾਰੀ ਕਰਨ ਲਈ ਕੀਤੀ ਗਈ ਤਸਦੀਕ।

ਸ. ਅਜੀਤ ਸਿੰਘ 8 ਮਾਰਚ ਨੂੰ ਕਰਾਚੀ ਪਹੁੰਚੇ। ਜਿੱਥੇ ਕਾਂਗਰਸੀ ਆਗੂ ਲਾਲ ਜੀ ਮਲਹੋਤਰਾ, ਸਵਾਮੀ ਕ੍ਰਿਸ਼ਨਾਨੰਦ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਕਮਜ਼ੋਰ ਸਿਹਤ ਕਾਰਨ ਹਫ਼ਤਾ ਕੁ ਕਰਾਚੀ ਰੁਕਣ ਪਿੱਛੋਂ ਉਹ ਦਿੱਲੀ ਗਏ ਜਿੱਥੇ ਉਹ ਅੰਤਰਿਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਿੱਜੀ ਮਹਿਮਾਨ ਬਣੇ, ਉੱਥੋਂ ਹੁੰਦੇ ਹੋਏ ਉਹ ਲਾਹੌਰ ਪਹੁੰਚੇ। ਇਉਂ ਲਗਭਗ 39 ਸਾਲ ਆਪਣੇ ਪਿਆਰੇ ਦੇਸ਼ ਤੋਂ ਬਾਹਰ ਰਹਿਣ ਪਿੱਛੋਂ ਸ. ਅਜੀਤ ਸਿੰਘ ਨੂੰ ਮੁੜ ਕੇ ਜਨਮ ਭੂਮੀ ਨੂੰ ਨਤਮਸਤਕ ਹੋਣ ਦਾ ਮੌਕਾ ਮਿਲਿਆ।

ਸੰਪਰਕ: 94170-49417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਕੁਲਗਾਮ ’ਚ ਅਤਿਵਾਦੀਆਂ ਵੱਲੋਂ ਦੋ ਹੋਰ ਗ਼ੈਰ-ਕਸ਼ਮੀਰੀ ਮਜ਼ਦੂਰਾਂ ਦੀ ਹੱਤਿਆ

ਕੁਲਗਾਮ ’ਚ ਅਤਿਵਾਦੀਆਂ ਵੱਲੋਂ ਦੋ ਹੋਰ ਗ਼ੈਰ-ਕਸ਼ਮੀਰੀ ਮਜ਼ਦੂਰਾਂ ਦੀ ਹੱਤਿਆ

ਕਸ਼ਮੀਰ ਵਿਚ ਬਾਹਰਲੇ ਸੂਬਿਆਂ ਦੇ ਵਿਅਕਤੀਆਂ ’ਤੇ ਚੌਵੀ ਘੰਟਿਆਂ ’ਚ ਤੀਜਾ ...

ਅਣਖ ਖ਼ਾਤਰ ਪ੍ਰੇਮੀ ਜੋੜੇ ਦੀ ਹੱਤਿਆ

ਅਣਖ ਖ਼ਾਤਰ ਪ੍ਰੇਮੀ ਜੋੜੇ ਦੀ ਹੱਤਿਆ

* ਪਿੰਡ ਸੱਪਾਂਵਾਲੀ ਦੀ ਸੱਥ ਵਿੱਚ ਸੁੱਟੀਆਂ ਲਾਸ਼ਾਂ; ਰੌਂਤਾ ਤੋਂ ਕੀਤਾ ਗ...

ਸਿੰਘੂ ਕਤਲ ਕਾਂਡ: ਤਿੰਨ ਮੁਲਜ਼ਮਾਂ ਦਾ ਛੇ ਦਿਨ ਦਾ ਰਿਮਾਂਡ

ਸਿੰਘੂ ਕਤਲ ਕਾਂਡ: ਤਿੰਨ ਮੁਲਜ਼ਮਾਂ ਦਾ ਛੇ ਦਿਨ ਦਾ ਰਿਮਾਂਡ

* ਹਰਿਆਣਾ ਪੁਲੀਸ ਨੇ ਦੋ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ

ਚੰਨੀ ਨੇ ਦੀਨਾਨਗਰ ਤੋਂ ਕੀਤੀ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ

ਚੰਨੀ ਨੇ ਦੀਨਾਨਗਰ ਤੋਂ ਕੀਤੀ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ

50 ਲਾਭਪਾਤਰੀਆਂ ਨੂੰ ਮੌਕੇ ’ਤੇ ਜਾਇਦਾਦ ਦੇ ਮਾਲਕੀ ਹੱਕ ਦੀਆਂ ਸਨਦਾਂ ਸੌ...

ਸ਼ਹਿਰ

View All