ਰਾਜਨ ਅਗਰਵਾਲ, ਸਮਨਪ੍ਰੀਤ ਕੌਰ ਅਤੇ ਸੰਜੇ ਸੱਤਪੁਤੇ*
ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦੇ ਕੇਵਲ 1.53% ਖੇਤਰ ਵਾਲਾ ਪੰਜਾਬ ਰਾਜ ਪਿਛਲੇ ਪੰਜ ਦਹਾਕਿਆਂ ਤੋਂ ਕੇਂਦਰੀ ਪੂਲ ਵਿਚ 27-40% ਚੌਲ ਅਤੇ 43-75% ਕਣਕ ਦਾ ਯੋਗਦਾਨ ਦੇ ਰਿਹਾ ਹੈ। ਸਿੰਜਾਈ ਅਧੀਨ ਕੁੱਲ ਖੇਤਰ ਵਿਚੋਂ 99% ਰਕਬਾ ਹੈ, ਜਿਸ ਵਿਚੋਂ ਧਰਤੀ ਹੇਠਲੇ ਪਾਣੀ ਨਾਲ (72%) ਅਤੇ ਨਹਿਰੀ ਪਾਣੀ (28%) ਨਾਲ ਸਿੰਜਿਆ ਜਾਂਦਾ ਹੈ। ਝੋਨੇ-ਕਣਕ ਫ਼ਸਲਾਂ ਦੀ ਪ੍ਰਣਾਲੀ ਦੁਆਰਾ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ, ਧਰਤੀ ਹੇਠਲੇ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ। ਟਿਊਬਵੈੱਲਾਂ ਦੀ ਗਿਣਤੀ 14.76 ਲੱਖ ਹੋ ਗਈ ਹੈ। ਇਨ੍ਹਾਂ ਕਾਰਨਾਂ ਕਰ ਕੇ ਸੂਬੇ ਦੇ 109 ਬਲਾਕ ਅਤਿ-ਸੋਸ਼ਿਤ ਅਤੇ ਸਿਰਫ਼ 22 ਬਲਾਕ ਸੁਰੱਖਿਅਤ ਹਨ। ਜ਼ਮੀਨ ਹੇਠਲੇ ਪਾਣੀ ਦੇ ਸਮੱਸਿਆ ’ਤੇ ਬਹੁਤ ਜ਼ਿਆਦਾ ਦਬਾਅ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੇ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ।
ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ: ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਸਮੇਂ ਦੀ ਲੋੜ ਹੈ। ਇਸ ਲਈ ਯੂਨੀਵਰਸਿਟੀ ਨੇ ਸਰਲ ਤੇ ਸਸਤੀ ਇਕਾਈ ਤਿਆਰ ਕੀਤੀ ਹੈ। ਇਹ ਇਕਾਈ ਵਿਦਿਅਕ ਸੰਸਥਾਨਾਂ, ਧਾਰਮਿਕ ਸਥਾਨਾਂ, ਮੈਰਿਜ ਪੈਲੇਸਾਂ, ਸ਼ਾਪਿੰਗ ਕੰਪਲੈਕਸਾਂ, ਕਮਿਊਨਿਟੀ ਸੈਂਟਰਾਂ ਅਤੇ ਉਦਯੋਗਿਕ ਕੰਪਲੈਕਸਾਂ ਵਿਚ ਆਸਾਨੀ ਨਾਲ ਅਪਣਾਈ ਜਾ ਸਕਦੀ ਹੈ। ਪੰਜਾਬ ਵਿਚ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਕ੍ਰਮਵਾਰ 13 ਅਤੇ 27 ਲੱਖ ਰਿਹਾਇਸ਼ੀ ਮਕਾਨ ਹਨ। ਇਨ੍ਹਾਂ ਰਾਹੀਂ 13,500 ਕਰੋੜ ਲਿਟਰ ਪਾਣੀ ਦੀ ਬਚਤ ਹੋ ਸਕਦੀ ਹੈ। ਇਸ ਨਾਲ ਨਾ-ਸਿਰਫ਼ ਭੂਮੀਗਤ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ ਸਗੋਂ ਜ਼ਮੀਨ ਹੇਠਲੇ ਪਾਣੀ ਦਾ ਪੱੱਧਰ ਵੀ ਉੱਪਰ ਆਵੇਗਾ।
ਛੱਤਾਂ ਉੱਪਰ ਇਕੱਠੇ ਹੋਏ ਪਾਣੀ ਦੇ ਨਮੂਨਿਆਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿੱਚ ਪਾਇਆ ਗਿਆ ਹੈ ਕਿ ਇਸ ਵਿੱਚ ਜੀਵ-ਜੰਤੂਆਂ ਦੀ ਮੌਜੂਦਗੀ ਨਹੀਂ ਹੁੰਦੀ ਅਤੇ ਮੀਂਹ ਦਾ ਪਾਣੀ ਰਸਾਇਣਕ ਅਸ਼ੁੱਧੀਆਂ ਤੋਂ ਮੁਕਤ ਪਾਇਆ ਗਿਆ। ਫਿਰ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਲਈ ਇਹ ਜ਼ਰੂਰੀ ਹੈ ਕਿ ਪਾਣੀ ਵਿੱਚ ਮੌਜੂਦ ਮਿੱਟੀ ਅਤੇ ਗਾਰ ਤੋਂ ਸਾਫ਼ ਕੀਤਾ ਜਾਵੇ। ਇਕੱਠੇ ਕੀਤੇ ਪਾਣੀ ਦੀ ਸ਼ੁੱਧਤਾ ਲਈ ਫਿਲਟਰ ਦੀ ਲੋੜ ਹੈ। ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਨੇ ਫਿਲਟ੍ਰੇਸ਼ਨ ਇਕਾਈ ਤਿਆਰ ਕੀਤੀ ਹੈ। ਇਸ ਇਕਾਈ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ, ਜੋ ਕਿ ਨਿਥਾਰਨ ਦਾ ਕੰਮ ਕਰਦਾ ਹੈ, ਪਾਣੀ ਵਿੱਚੋਂ ਮਿੱਟੀ ਤੇ ਗਾਰ ਹੇਠਾਂ ਬੈਠ ਜਾਂਦੀ ਹੈ। ਇਸ ਤੋਂ ਬਾਅਦ ਪਾਣੀ ਫਿਲਟਰੇਸ਼ਨ ਇਕਾਈ ’ਚੋਂ ਨਿਕਲ ਕੇ ਰੀਚਾਰਜ ਬੋਰ ਵਿੱਚ ਚਲਾ ਜਾਂਦਾ ਹੈ। ਇਸ ਇਕਾਈ ਦਾ ਖ਼ਰਚਾ ਛੱਤ ਦੇ ਖੇਤਰਫਲ, ਬਾਰਿਸ਼ ਅਤੇ ਭੂਮੀਗਤ ਹਾਲਤਾਂ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਇਸ ਦਾ ਖ਼ਰਚਾ, ਛੱਤ ਦੇ ਖੇਤਰਫਲ ਦੇ ਹਿਸਾਬ ਨਾਲ 100-500 ਮੀਟਰ2 ਤਕਰੀਬਨ 30 ਤੋਂ 70 ਹਜ਼ਾਰ ਤੱਕ ਹੁੰਦਾ ਹੈ। ਇਹ ਇਕਾਈ 15 ਤੋਂ 20 ਸਾਲ ਚਲਦੀ ਹੈ। ਇਸ ਦੀ ਸਮੇਂ-ਸਮੇਂ ’ਤੇ ਸਫ਼ਾਈ ਕਰਨੀ ਚਾਹੀਦੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਹਿਲੇ ਮੀਂਹ ਦਾ ਪਾਣੀ ਇਸ ਵਿੱਚ ਨਾ ਪਾਇਆ ਜਾਵੇ।
ਪੁਰਾਣੇ ਸੁੱਕੇ ਖੂਹਾਂ ਦੀ ਵਰਤੋਂ: ਇਹ ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਭਾਰੀ ਮੀਂਹ ਦੇ ਦੌਰਾਨ ਖੇਤਾਂ ਵਿੱਚ ਜ਼ਿਆਦਾ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਨਾਲ ਝੋਨੇ ਤੋਂ ਬਿਨਾਂ ਹੋਰ ਫ਼ਸਲਾਂ ਜਿਵੇਂ ਕਿ ਮੱਕੀ, ਕਪਾਹ, ਸਬਜ਼ੀਆਂ, ਤੇਲ ਬੀਜ ਆਦਿ ਪ੍ਰਭਾਵਿਤ ਹੁੰਦੇ ਹਨ ਤੇ ਨਾਲ ਹੀ ਪਾਣੀ ਦੀ ਬਰਬਾਦੀ ਹੁੰਦੀ ਹੈ। ਖੇਤਾਂ ਵਿੱਚ ਖੜ੍ਹੇ ਮੀਂਹ ਦੇ ਵਾਧੂ ਪਾਣੀ ਨੂੰ ਸੰਭਾਲਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਪੁਰਾਣੇ ਸੁੱਕੇ ਖੂਹਾਂ ਰਾਹੀਂ ਰਿਚਾਰਜ ਕੀਤਾ ਜਾਵੇ। ਇਹ ਉਹ ਖੂਹ ਨੇ ਜਿਨ੍ਹਾਂ ਤੋਂ ਪਹਿਲਾਂ ਸਿੰਜਾਈ ਹੁੰਦੀ ਸੀ ਪਰ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਰ ਕੇ ਅੱਜ ਇਹ ਸੁੱਕ ਗਏ ਹਨ। ਨਹਿਰਾਂ ਦਾ ਵਾਧੂ ਪਾਣੀ ਵੀ ਇਨ੍ਹਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਹਾੜ੍ਹੀ ਰੁੱਤ ਵਿੱਚ ਫਸਲ ਨੂੰ ਪਾਣੀ ਦੀ ਲੋੜ ਕਾਫ਼ੀ ਘੱਟ ਹੁੰਦੀ ਹੈ ਅਤੇ ਜੇ ਮੀਂਹ ਪੈ ਜਾਣ ਤਾਂ ਨਹਿਰੀ ਪਾਣੀ ਵਾਧੂ ਹੋ ਜਾਂਦਾ ਹੈ। ਇਸ ਪਾਣੀ ਨੂੰ ਨਾ-ਵਰਤੋਂ ਵਿੱਚ ਆਉਣ ਵਾਲੇ ਖੂਹਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਪਰ ਇਨ੍ਹਾਂ ਖੂਹਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਇਨ੍ਹਾਂ ਦੀ ਸਫ਼ਾਈ ਜ਼ਰੂਰੀ ਹੈ। ਇਹ ਗੱਲ ਆਮ ਸਾਹਮਣੇ ਆਉਂਦੀ ਹੈ ਕਿ ਜਾਂ ਤਾਂ ਇਹ ਖੂਹ ਕੂੜੇ-ਕਰਕਟ ਨਾਲ ਭਰ ਦਿੱਤੇ ਗਏ ਹਨ। ਇਹ ਦੇਖਿਆ ਗਿਆ ਹੈ ਕਿ ਇਨ੍ਹਾਂ ਖੂਹਾਂ ਦੇ ਆਲੇ-ਦੁਆਲੇ ਜੰਗਲੀ ਘਾਹ-ਬੂਟੀ ਕਾਫ਼ੀ ਹੁੰਦੀ ਹੈ। ਖੂਹ ਦੀ ਸਫ਼ਾਈ ਕਰਨ ਤੋਂ ਬਾਅਦ, ਤਲ ਦੇ 15 ਸੈਂਟੀਮੀਟਰ ਉਪਰਲੀ ਮਿੱਟੀ ਦੀ ਪਰਤ ਨੂੰ, ਸ਼ੀਲਿੰਗ ਪ੍ਰਭਾਵ ਤੋਂ ਬਚਾਉਣ ਲਈ ਹਟਾ ਦੇਣਾ ਜਾਣਾ ਚਾਹੀਦਾ ਹੈ। ਖੂਹ ਤੋਂ ਥੋੜ੍ਹਾ ਪਹਿਲੇ ਪਾਣੀ ਨੂੰ ਟੋਏ ਵਿੱਚ ਪਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਵਿਚਲਾ ਗਾਰ ਹੇਠਾਂ ਰਹਿ ਜਾਵੇ। ਇਹ ਵੀ ਸਿਫ਼ਾਰਸ਼ ਕੀਤੀ ਜਾਂਦੀ ਹੈ ਟੋਏ ਦੀ ਬਨਾਵਟ ਸ਼ੰਕੂ ਆਕਾਰ ਵਿੱਚ ਕੀਤੀ ਜਾਵੇ।
ਝੋਨੇ ਦੇ ਖੇਤਾਂ ਵਿਚ ਵੱਟਾਂ ਦੀ ਵਾਧੂ ਉਚਾਈ: ਝੋਨੇ ਦੇ ਖੇਤਾਂ ਦੀ ਵੱਟ ਦੀ ਉਚਾਈ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਮੀਂਹ ਦਾ ਪਾਣੀ ਅਤੇ ਕਿਸਾਨ ਦੇ ਖੇਤ ਦਾ ਖਾਦ ਉਸ ਦੇ ਖੇਤ ਵਿੱਚ ਹੀ ਰਹੇ। ਝੋਨੇ ਦੇ ਖੇਤ ਵਿੱਚ ਵੱਧ ਤੋਂ ਵੱਧ ਮੀਂਹ ਦੀ ਸੰਭਾਲ ਵਾਸਤੇ, ਹਲਕਿਆਂ, ਮੱਧਮ ਅਤੇ ਭਾਰੀ ਜ਼ਮੀਨਾਂ ਵਿਚ ਪ੍ਰਭਾਵਸ਼ਾਲੀ ਵੱਟ ਦੀ ਉਚਾਈ 17.5, 22.5 ਅਤੇ 27.5 ਸੈਂਟੀਮੀਟਰ ਕ੍ਰਮਵਾਰ ਦੀ ਸਿਫ਼ਾਰਸ਼ ਕੀਤੀ ਗਈ ਹੈ।
ਪਿੰਡ ਦੇ ਛੱਪੜਾਂ ਦਾ ਸ਼ੋਧੀਕਰਨ: ਸੂਬੇ ਵਿੱਚ 18,000 ਤੋਂ ਵੱਧ ਪਿੰਡ ਦੇ ਛੱਪੜ ਹਨ। ਪਾਈਪਾਂ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀ ਦੇ ਨਾਲ ਨਾਲ ਪਿੰਡਾਂ ਦੇ ਘਰਾਂ ਤੱਕ ਪਹੁੰਚਣ ਨਾਲ, ਸਾਲਾਂ ਤੋਂ ਇਨ੍ਹਾਂ ਛੱਪੜਾਂ ਵਿੱਚ ਵਗਦਾ ਪਾਣੀ ਕਾਫ਼ੀ ਵਧ ਗਿਆ ਹੈ। ਪਾਣੀ ਸੰਭਾਲਣ ਦੀ ਸਮਰੱਥਾ ਵਧਾਉਣ ਅਤੇ ਇਹ ਪੱਕਾ ਕਰਨ ਲਈ ਕਿ ਪਾਣੀ ਦੀ ਗੁਣਵੱਤਾ ਖੇਤੀਬਾੜੀ ਲਈ ਠੀਕ ਹੈ ਤਾਂ ਜੋ ਛੱਪੜਾਂ ਦਾ ਸ਼ੋਧੀਕਰਨ ਕੀਤਾ ਜਾਵੇ। ਇਸ ਦੇ ਨਾਲ ਨਾ ਕੇਵਲ ਹੇਠਲੇ ਪਾਣੀ ਦਾ ਪੱਧਰ ਉੱਪਰ ਆਵੇਗਾ ਬਲਕਿ ਪੇਂਡੂ ਵਾਤਾਵਰਨ ਅਤੇ ਆਰਥਿਕ ਹਾਲਾਤ ਵਿਚ ਵੀ ਸੁਧਾਰ ਹੋਵੇਗਾ। ਪਾਣੀ ਨੂੰ ਖੇਤੀਬਾੜੀ ਦੇ ਖੇਤਾਂ ਵਿਚ ਲਿਜਾਣ ਲਈ ਇਨ੍ਹਾਂ ਤਲਾਬਾਂ ਵਿੱਚੋਂ ਜ਼ਮੀਨਦੋਜ਼ ਪਾਈਪਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ। ਇੱਕ ਅੰਦਾਜ਼ੇ ਅਨੁਸਾਰ ਸਿੰਜਾਈ ਲਈ ਪਿੰਡ ਦੇ ਛੱਪੜ ਦੇ ਪਾਣੀ ਦੀ ਮੁਰੰਮਤ ਅਤੇ ਮੁੜ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪ੍ਰਤੀ ਸਾਲ 6 ਸੈਂਟੀਮੀਟਰ ਤੱਕ ਘੱਟ ਜਾਵੇਗੀ।
ਰੀਚਾਰਜ ਸਮੇਂ ਸਾਵਧਾਨੀਆਂ: ਇਹ ਦੇਖਿਆ ਗਿਆ ਹੈ ਕਿ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। ਉਹ ਸਿੱਧੇ ਤੌਰ ‘ਤੇ ਆਪਣੇ ਖੇਤ ਦਾ ਰੇੜੂ ਪਾਣੀ ਬੋਰ, ਖੂਹ ਜਾਂ ਸਬਮਰਸੀਬਲ ਬੋਰਾਂ ਵੱਲ ਮੋੜ ਰਹੇ ਹਨ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਦਾ ਵੱਡਾ ਜੋਖ਼ਮ ਹੁੰਦਾ ਹੈ। ਝੋਨੇ ਦੇ ਖੇਤ ਵਿੱਚ ਕਈ ਖੇਤੀ ਰਸਾਇਣ ਤੇ ਸੂਖਮ ਜੀਵ-ਜੰਤੂ ਆਦਿ ਮੌਜੂਦ ਹਨ। ਜੇ ਅਸੀਂ ਇਸ ਕਿਸਮ ਦੇ ਪਾਣੀ ਨੂੰ ਸ਼ੁੱਧ ਧਰਤੀ ਹੇਠਲੇ ਪਾਣੀ ਵਿਚ ਸਿੱਧਾ ਰਿਚਾਰਜ ਕਰਦੇ ਹਾਂ ਤਾਂ ਅਸੀਂ ਸ਼ੁੱਧ ਪਾਣੀ ਨੂੰ ਵੀ ਦੂਸ਼ਿਤ ਕਰ ਲਵਾਂਗੇ। ਧਰਤੀ ਹੇਠਲੇ ਦੂਸ਼ਿਤ ਪਾਣੀ ਨੂੰ ਸ਼ੁੱਧ ਕਰਨ ਲਈ ਬਹੁਤ ਸਾਰੇ ਯਤਨਾਂ ਦੀ ਲੋੜ ਪਵੇਗੀ ਜਾਂ ਕਹਿ ਲਈਏ ਕਿ ਇਸ ਦਾ ਮੁੜ ਸ਼ੁੱਧ ਕਰਨਾ ਮੁਸ਼ਕਲ ਹੈ। ਧਰਤੀ ਹੇਠਲੇ ਪਾਣੀ ਦਾ ਰੀਚਾਰਜ ਕਰਨਾ ਮਹੱਤਵਪੂਰਨ ਹੈ ਕਿਉਂਕਿ ਇਹ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਨੂੰ ਵਧਾਏਗਾ ਪਰ ਗੰਦੇ ਪਾਣੀ ਨੂੰ ਧਰਤੀ ਹੇਠ ਨਹੀਂ ਸੁੱਟਣਾ ਚਾਹੀਦਾ। ਖੇਤਾਂ ਦਾ ਵਾਧੂ ਪਾਣੀ ਸਬਮਰਸੀਬਲ ਬੋਰ ਵੱਲ ਮੋੜਨ ਨਾਲ ਪੰਪ ਦੀ ਸਮਰੱਥਾ ’ਤੇ ਮਾੜਾ ਅਸਰ ਪਵੇਗਾ। ਇਸ ਲਈ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਤਕਨੀਕ ਨੂੰ ਅਪਣਾਉਂਦੇ ਸਮੇਂ ਸਾਨੂੰ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ।
*ਮਿੱਟੀ ਤੇ ਪਾਣੀ ਇੰਜਨੀਅਰਿੰਗ ਵਿਭਾਗ, ਪੀਏਯੂ।
ਸੰਪਰਕ: 98722-08744