ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਰਾਕੇਸ਼ ਰਮਨ

ਰਾਕੇਸ਼ ਰਮਨ ਪਿਛਲੇ ਦਿਨੀਂ ਚਲਾਣਾ ਕਰ ਗਏ ਹਨ।

ਰਮਨ, ਸਨੇਹ ਅਤੇ ਸਲਾਮ! (*ਸਨੇਹ ਅਤੇ ਦੀਦਾਰ ਨਹੀਂ)

ਤੇਰੇ ਖ਼ਤ ਨਾਲ ਬੜੀ ਖੁਸ਼ੀ ਮਿਲੀ ਹੈ। ਮੈਨੂੰ ਤੇਰੇ ਨਾਲ ਪਤਾ ਨਹੀਂ ਕਿਉਂ ਡਾਢਾ ਤੇਹੁ ਆਉਂਦਾ ਹੈ- ਸ਼ਾਇਦ ਇਸ ਕਰਕੇ ਕਿ ਤੇਰੇ ਰਾਹੀਂ ਮੈਂ ਉਸ ਪਾਸ਼ ਦੇ ਦਰਸ਼ਨ ਕਰ ਲੈਂਦਾ ਹਾਂ ਜੋ ਸੱਤ ਅੱਠ ਸਾਲ ਪਹਿਲਾਂ ਮੇਰੇ ਤੋਂ ਬੜੀ ਬੇਰਹਿਮੀ ਨਾਲ ਜੁਦਾ ਹੋ ਗਿਆ ਸੀ। ਉਹ ਇੰਨ ਬਿੰਨ ਤੇਰੇ ਵਰਗਾ ਸੀ, ਸੰਗਾਊ, ਮਿਲਣਸਾਰ ਤੇ ਸਲੀਕਾਬਾਜ਼। ਸਿਰਫ਼ ਉਹ ਤੇਰੇ ਜਿੰਨੀ ਚੰਗੀ ਕਵਿਤਾ ਹੀ ਨਹੀਂ ਸੀ ਲਿਖ ਸਕਦਾ। ਖ਼ੈਰ, ਮੈਂ ਉਸ ਲਈ ਉਦਾਸ ਨਹੀਂ ਹਾਂ। ਮੈਂ ਬਿਲਕੁਲ ਡੁੰਨ ਵੱਟਾ ਬਣਨਾ ਚਾਹੁੰਦਾ ਹਾਂ ਸ਼ਾਇਦ। ਰੱਬ ਕਰੇ, ਹਰ ਕੋਈ ਮੇਰੇ ਜਿੰਨਾ ਹੀ ਅਮੀਰ ਹੋਵੇ। ਰੱਬ ਕਰੇ, ਹਰ ਕਿਸੇ ਨੂੰ ਮੇਰੇ ਵਾਂਗ ਰਾਹਾਂ ਦਾ ਪਤਾ ਨਾ ਹੋਵੇ।

ਸੁਣ, ਜੇ ਮੇਰਾ ਵੀਰ ਏਂ ਤਾਂ ਇੱਕ ਕਿਹਾ ਮੰਨ। ਅੱਗੋਂ ਤੋਂ ਇੱਕ ਵੀ ਲਫ਼ਜ਼ ਮੇਰੀ ਸਿਫਤ ’ਚ ਬੋਲਿਆ ਤਾਂ ਕੰਨ ਖਿੱਚੂੰ ਤੇਰੇ। ਮੈਨੂੰ ਜਿੰਨੀ ਕੁ ਪ੍ਰਸੰਸਾ ਦੀ ਲੋੜ ਹੁੰਦੀ ਹੈ ਓਨੀ ਮੈਂ ਆਪ ਹੀ ਲਿਖਦੇ ਵਕਤ ਕਰ ਲੈਂਦਾ ਹਾਂ। ਸਮਝਿਆ? ਮੈਂ ਖ਼ੁਦ ਜਾਣਦਾ ਹਾਂ ਕਿ ਮੈਂ ਤਾਂ ਨੇਰੂਦਾ ਦੀ ਜੂੰ ਵੀ ਨਹੀਂ।

ਤੇਰੀ ਕਲਮ ਦੀ ਤੇ ਉਸ ਤੋਂ ਵੀ ਬਾਹਲੀ ਤੇਰੇ ਜਿਸਮ ਦੀ ਸੁਖ ਮੰਗਦਾ ਹਾਂ। (ਤੇਰੀ ਕਲਮ ਨੂੰ ਮੇਰੇ ਵਰਗੇ ਭੌਂਦੂਆਂ ਦੀ ਹਮਦਰਦੀ ਦੀ ਲੋੜ ਨਹੀਂ ਹੈ।) ਤੇਰੇ ਮਿੱਤਰਾਂ ਦੇ ਪਰਚੇ ਲਈ ਸ਼ੁੱਭ ਇਛਾਵਾਂ ਹਨ।

ਕਿਸੇ ਵੀ ਸਿਆਸੀ ਲਹਿਰ ਦਾ ਨਿਰੀਖਣ ਕਰਨ ਲਈ ਜਿਸ ਹਸਤੀ ਦੀ ਲੋੜ ਹੁੰਦੀ ਹੈ, ਉਹ ਮੈਂ ਨਹੀਂ ਹਾਂ ਅਤੇ ਨਾਲੇ ਫਿਰ ਉਹ ਲਹਿਰ ਜਿਸ ਵਿੱਚ ਮੈਂ ਖ਼ੁਦ ਵੀ ਸ਼ਰੀਕ ਹੋਵਾਂ। ਇਹ ਮੈਥੋਂ ਨਹੀਂ ਹੋ ਸਕੇਗਾ। ਮੈਂ ਸਿਆਸਤ ਵਿੱਚ ਟਪਲਾ ਖਾ ਜਾਵਾਂਗਾ। ਚੰਗਾ ਹੋਵੇ ਜੇ ਤੁਸੀਂ ਹਰਭਜਨ ਹਲਵਾਰਵੀ, ਪ੍ਰੋ. ਸਾਧੂ ਸਿੰਘ, ਭਗਵਾਨ ਸਿੰਘ ਜੋਸ਼, ਜਾਂ ਇੰਦਰਜੀਤ ਹਸਨਪੁਰੀ (ਮਾਫ਼ ਕਰੀ ਯਾਰ, ਗੱਡੇ ਨਾਲ ਕੱਟਾ ਬੰਨ੍ਹ ਹੋ ਗਿਆ) ਮੇਰਾ ਮਤਲਬ ਹੈ ਇਨ੍ਹਾਂ ’ਚੋਂ ਕਿਸੇ ਨਾਲ ਰਾਬਤਾ ਪੈਦਾ ਕਰ ਸਕੋ।

ਮੈਂ ਤੁਹਾਡੇ ਪਰਚੇ ਦੀ ਸੇਵਾ (ਸਹਾਇਤਾ) ਕਿਸੇ ਹੋਰ ਢੰਗ ਨਾਲ ਕਰ ਦਿਆਂਗਾ। ਮੇਰਾ ਮਤਲਬ ਹੈ ਪੈਸੇ ਰਾਹੀਂ ਜਾਂ ਕਿਸੇ ਹੋਰ ਵਿਸ਼ੇ ਉੱਤੇ ਲੇਖ ਰਾਹੀਂ ਜਾਂ ਕਹਾਣੀ ਜਾਂ ਨਾਵਲਿਟ ਜਾਂ ਇਕਾਂਗੀ ਰਾਹੀਂ। ‘ਲੋਹ ਕਥਾ’ (ਹਮਦਰਦਵੀਰ) ਦੀ ਮੇਰੇ ਕੋਲ ਇਕਲੌਤੀ ਕਾਪੀ ਹੈ। ਜਦ ਆਇਆ ਲੈ ਆਊਂ। ਪਰ ਉਹ ਤੇਰੇ ਪੜ੍ਹਨ ਲਈ ਕੋਈ ਖਾਸ ਕਿਤਾਬ ਨਹੀਂ ਹੋਵੇਗੀ। ਕੇਵਲ ਉਹਦੇ ਰਾਹੀਂ ਤੂੰ ਮੇਰਾ ਪ੍ਰਾਸਿਸ ਸਮਝ ਸਕੇਂਗਾ।

ਭਗਵਾਨ ਢਿੱਲੋਂ ਦੀਆਂ ਕਹਾਣੀਆਂ ਬਾਰੇ ਜਾਣ ਕੇ ਪ੍ਰਸੰਨ ਹੋਇਆ ਹਾਂ। ਐਸੇ ਤੀਖਣ ਬੁੱਧੀ ਬੰਦੇ ਤੋਂ ਐਸੀਆਂ ਹੀ ਉਮੀਦਾਂ ਸਨ।

‘ਸਿਆੜ’ ਦੇ ਅੰਕ ਤੈਨੂੰ ਪੜ੍ਹਨ ਲਈ ਮਿਲ ਜਾਣਗੇ। ‘ਕੱਲ੍ਹ’ ਕਵਿਤਾ ਵਿੱਚ ਮੈਂ ਆਪਣੇ ਪਿੰਡ ਦੇ ਬਨੇਰਿਆਂ ਤੋਂ ਝਾਕਦੇ Nothingness ਦੇ ਭੂਤ ਨੂੰ ਮੂਰਤੀਮਾਨ ਕਰਨਾ ਚਾਹਿਆ ਸੀ, ਸਥੂਲ ਘਟਨਾਵਾਂ ਤੇ ਪ੍ਰਭਾਵਾਂ ਦੀ ਲੜੀ ਰਾਹੀਂ। ਮੇਰੇ ਰਾਹ ਸੂਖ਼ਮਤਾ ਅਤੇ ਅਮੂਰਤਪੁਣੇ ਵਾਲੇ ਨਹੀਂ ਹਨ, ਤੈਨੂੰ ਪਤਾ ਹੀ ਏ।

- ਪਾਸ਼

*ਸਨੇਹ, ਦੀਦਾਰ ਸੰਧੂ ਦੀ ਸਹਿ-ਗਾਇਕਾ ਸੀ।

(ਉੱਘੇ ਸ਼ਾਇਰ ਪਾਸ਼ ਵੱਲੋਂ 1975 ਵਿੱਚ ਪੋਸਟ ਕਾਰਡ ਤੇ ਆਪਣੇ ਮਿੱਤਰ ਰਾਕੇਸ਼ ਰਮਨ ਨੂੰ ਲਿਖਿਆ ਅਣਛਪਿਆ ਖ਼ਤ ਅਤੇ ਉਸ ਉਪਰ ਪ੍ਰੋ. ਰਾਕੇਸ਼ ਰਮਨ ਦੀ ਟਿੱਪਣੀ।)
ਪੇਸ਼ਕਸ਼: ਅਮੋਲਕ ਸਿੰਘ
ਸੰਪਰਕ: 94170-76735

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All