ਇਤਿਹਾਸਕ ਇਮਾਰਤ

ਮੈਥੋਂ ਖੋਹਿਆ ਜਾ ਰਿਹੈ ਮੇਰਾ ਜੱਲ੍ਹਿਆਂਵਾਲਾ ਬਾਗ਼

ਮੈਥੋਂ ਖੋਹਿਆ ਜਾ ਰਿਹੈ ਮੇਰਾ ਜੱਲ੍ਹਿਆਂਵਾਲਾ ਬਾਗ਼

ਜੱਲ੍ਹਿਆਂਵਾਲਾ ਬਾਗ਼ ਦਾ ਰਸਤਾ ਅਤੇ ਨਵੀਨੀਕਰਨ ਮਗਰੋਂ ਰਸਤੇ ਦਾ ਦ੍ਰਿਸ਼।

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

1919 ਵਿਚ ਵਾਪਰੇ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਕਾਰਨ ਹਿੰਦੋਸਤਾਨੀਆਂ ਦੇ ਮਨਾਂ ਵਿਚ ਬਰਤਾਨਵੀ ਸਾਮਰਾਜੀ ਸ਼ਾਸਕਾਂ ਨੂੰ ਮੁਲਕ ਵਿਚੋਂ ਕੱਢਣ ਦੀ ਭਾਵਨਾ ਹੋਰ ਪ੍ਰਚੰਡ ਹੋ ਗਈ ਅਤੇ ਉਨ੍ਹਾਂ ਨੇ ਆਜ਼ਾਦੀ ਦੇ ਘੋਲ ਨੂੰ ਤਿਖੇਰਾ ਕਰ ਦਿੱਤਾ। ਇਹ ਬਾਗ਼ ਪੰਜਾਬੀਆਂ ਅਤੇ ਸਾਰੇ ਹਿੰਦੋਸਤਾਨੀਆਂ ਦੀ ਆਜ਼ਾਦੀ ਦੀ ਤਾਂਘ ਦਾ ਪ੍ਰਤੀਕ ਹੈ। ਇਹ ਲੇਖ ਜੱਲ੍ਹਿਆਂਵਾਲੇ ਬਾਗ਼ ਵਿਚ ਸਰਕਾਰ ਵੱਲੋਂ ਕੀਤੇ ਗਏ ਬਦਲਾਅ ਉੱਤੇ ਤਬਸਰਾ ਕਰਦਾ ਹੈ।

ਰ ਸਮਾਜ ਨੂੰ ਅੱਗੇ ਤੁਰਨ ਲਈ ਹਿੰਮਤ, ਥਾਪੜੇ ਦੀ ਜ਼ਰੂਰਤ ਹੁੰਦੀ ਹੈ ਜੋ ਇਸ ਨੂੰ ਇਤਿਹਾਸਕ ਸ਼ਖ਼ਸੀਅਤਾਂ ਅਤੇ ਬੀਤੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਤੋਂ ਮਿਲਦਾ ਹੈ। ਹਿੰਦੋਸਤਾਨ ਦਾ ਆਜ਼ਾਦੀ ਸੰਗਰਾਮ ਅਨੇਕਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਨਾਲ ਭਰਿਆ ਹੋਇਆ ਹੈ। ਇਸ ਸੰਗਰਾਮ ਵਿਚ ਪਾਏ ਯੋਗਦਾਨ ਸਦਕਾ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਵਰਗੇ ਨੌਜਵਾਨਾਂ ਦੀ ਚਰਚਾ ਹਮੇਸ਼ਾ ਹੁੰਦੀ ਰਹਿੰਦੀ ਹੈ। ਇਹ ਪੰਜਾਬ ਦੇ ਨਾਇਕ ਹਨ। ਇਸ ਸੰਗਰਾਮ ਵਿਚ ਹਰ ਵਰਗ ਅਤੇ ਪੰਜਾਬ ਦੇ ਵੱਖ ਵੱਖ ਖਿੱਤਿਆਂ, ਧਰਮਾਂ-ਅਕੀਦਿਆਂ ਦੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਂ ਵੀ ਗਿਣੇ ਜਾ ਸਕਦੇ ਹਨ।

ਇਸੇ ਸੰਦਰਭ ਵਿਚ ਪੰਜਾਬ ਵਿਚ ਇਕ ਵੱਡਾ ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਹੈ ਜੋ ਅਜੋਕੇ ਸਮੇਂ ਵਿਚ ਚੇਤੰਨ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਬਹੁਤ ਸਾਰੇ ਅੰਦੋਲਨ, ਰੋਸ ਪ੍ਰਦਰਸ਼ਨ ਅੰਮ੍ਰਿਤਸਰ ਵਿਚ ਇਸ ਮੁਕੱਦਸ ਸਥਾਨ ਤੋਂ ਸ਼ੁਰੂ ਹੁੰਦੇ ਹਨ।

ਇਸ ਲਈ ਅਜਿਹੀਆਂ ਇਤਿਹਾਸਕ ਥਾਵਾਂ/ ਇਮਾਰਤਾਂ ਨੂੰ ਸਾਂਭਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਇਨ੍ਹਾਂ ਜ਼ਰੀਏ ਆਪਣੇ ਬੀਤੇ ਨਾਲ, ਇਤਿਹਾਸ ਨਾਲ ਜੁੜਿਆ ਜਾ ਸਕੇ ਤੇ ਨਵੀਂ ਪੀੜ੍ਹੀ ਇਸ ਤਰ੍ਹਾਂ ਦੇ ਸਾਕਿਆਂ ਤੋਂ ਕੋਈ ਸਬਕ ਸਿੱਖ ਸਕੇ। ਅੱਜ ਜਦੋਂ ਇਸ ਤਰ੍ਹਾਂ ਦੀਆਂ ਇਮਾਰਤਾਂ ਨੂੰ ਸਾਂਭਣ ਲਈ ਦੁਨੀਆ ਭਰ ਵਿਚ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਉੱਥੇ ਸਾਡੇ ਮੁਲਕ ਵਿਚ ਸਾਂਭਣ ਜਾਂ ਨਵੀਨੀਕਰਨ ਦੇ ਨਾਂ ’ਤੇ ਇਤਿਹਾਸਕ ਤੱਥਾਂ ਅਤੇ ਇਮਾਰਤਾਂ ਨਾਲ ਛੇੜ ਛਾੜ ਕੀਤੀ ਜਾ ਰਹੀ ਹੈ।

ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਨੂੰ ਹਾਲੇ ਸੌ ਸਾਲ ਹੋਏ ਹਨ। ਭਾਵੇਂ ਇਸ ਸਾਕੇ ਦੌਰਾਨ ਸ਼ਹੀਦ ਜਾਂ ਜ਼ਖ਼ਮੀ ਹੋਏ ਵਿਅਕਤੀ ਇਸ ਸਮੇਂ ਸਾਡੇ ਵਿਚ ਮੌਜੂਦ ਨਹੀਂ ਹਨ, ਪਰ ਬਹੁਤ ਸਾਰੇ ਪਰਿਵਾਰਾਂ ਦੇ ਮਨਾਂ ਵਿਚੋਂ ਉਸ ਭਿਆਨਕ ਸਾਕੇ ਦੀ ਯਾਦ ਹਾਲੇ ਵੀ ਮਿਟ ਨਹੀਂ ਸਕੀ ਜੋ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਹੰਢਾਇਆ ਜਾਂ ਦੇਖਿਆ। ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦੀ ਇਤਿਹਾਸਕ ਪੜਚੋਲ ਕਰੀਏ ਤਾਂ ਇਹ ਖ਼ੂਨੀ ਸਾਕਾ ਅੰਗਰੇਜ਼ੀ ਹਕੂਮਤ ਵੱਲੋਂ ਪਾਸ ਕੀਤੇ ਰੋਲੈੱਟ ਐਕਟ ਖਿਲਾਫ਼ ਚੱਲ ਰਹੇ ਅੰਦੋਲਨ ਦਾ ਨਤੀਜਾ ਸੀ। ਉਹ ਕਾਨੂੰਨ, ਜਿਸ ਦਾ ਸਿਧਾਂਤ ‘ਨਾ ਅਪੀਲ, ਨਾ ਵਕੀਲ, ਨਾ ਦਲੀਲ’ ਕਿਹਾ ਜਾਂਦਾ ਸੀ, ਭਾਵ ਰੋਲੈੱਟ ਐਕਟ ਤਹਿਤ ਕਿਸੇ ਦੀ ਕੋਈ ਸੁਣਵਾਈ ਨਹੀਂ ਸੀ ਹੋਣੀ। ਪੂਰਾ ਦੇਸ਼ ਹੀ ਇਸ ਐਕਟ ਖ਼ਿਲਾਫ਼ ਸੜਕਾਂ ’ਤੇ ਉਤਰ ਆਇਆ ਸੀ। ਪੰਜਾਬ ਤਾਂ ਹਮੇਸ਼ਾ ਹੀ ਅਜਿਹੇ ਲੋਕ ਘੋਲਾਂ ’ਚ ਮੋਹਰੀ ਰਿਹਾ ਹੈ।

ਇਸ ਕਾਨੂੰਨ ਖ਼ਿਲਾਫ਼ ਅੰਮ੍ਰਿਤਸਰ-ਲਾਹੌਰ ਵਿਚ ਸਰਗਰਮੀਆਂ ਬਹੁਤ ਤੇਜ਼ ਸਨ। ਇਸ ਕਾਨੂੰਨ ਖਿਲਾਫ਼ ਅੰਦੋਲਨ ਦੀ ਅਗਵਾਈ ਡਾ. ਸੈਫੂਦੀਨ ਕਿਚਲੂ ਤੇ ਸੱਤਪਾਲ ਜੀ ਕਰ ਰਹੇ ਸਨ। ਹਿੰਦੂ-ਮੁਸਲਮਾਨਾਂ ਨੂੰ ਆਪਸ ਵਿਚ ਪਾੜਨ ਲਈ ਅੰਗਰੇਜ਼ਾਂ ਨੇ ਹਿੰਦੂ ਪਾਣੀ ਤੇ ਮੁਸਲਿਮ ਪਾਣੀ ਦੀ ਚਾਲ ਚੱਲੀ। ਕੁਦਰਤੀ 9 ਅਪਰੈਲ ਨੂੰ ਰਾਮਨੌਮੀ ਦਾ ਤਿਉਹਾਰ ਸੀ। ਇਸ ਲਈ ਸ਼ੋਭਾ ਯਾਤਰਾ ਹਿੰਦੂਆਂ ਤੇ ਮੁਸਲਮਾਨਾਂ ਨੇ ਮਿਲ ਕੇ ਕੱਢੀ। ਇੱਕੋ ਘੜੇ ਵਿਚੋਂ ਰਲ ਕੇ ਪਾਣੀ ਪੀਤਾ ਤੇ ਅੰਗਰੇਜ਼ਾਂ ਦੀ ਚਾਲ ਨੂੰ ਨਾਕਾਮ ਕੀਤਾ। ਹਕੂਮਤ ਨੇ ਦਿਨੇ ਇਕੱਠ ਹੋਣ ’ਤੇ ਰਾਤੀਂ ਕਰਫ਼ਿਊ ਲਗਾ ਦਿੱਤਾ ਤੇ ਅੰਦੋਲਨ ਦੇ ਦੋਵੇਂ ਆਗੂ ਗ੍ਰਿਫ਼ਤਾਰ ਕਰ ਲਏ। ਲੋਕਾਂ ਨੇ ਆਗੂਆਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕੀਤਾ। ਆਪਣਾ ਮੰਗ ਪੱਤਰ ਦੇਣ ਜਾ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ 22 ਲੋਕ ਮਾਰੇ ਗਏ। ਸ਼ਹਿਰ ਵਿਚ ਹਾਹਾਕਾਰ ਮੱਚ ਗਈ। ਸ਼ਹਿਰ ਨੂੰ ਜਨਰਲ ਡਾਇਰ ਦੇ ਹਵਾਲੇ ਕਰ ਦਿੱਤਾ ਗਿਆ। ਲੋਕਾਂ ਨੇ ਇਸ ਗ੍ਰਿਫ਼ਤਾਰੀ ਅਤੇ ਕਾਨੂੰਨਾਂ ਦੇ ਵਿਰੋਧ ਵਿਚ ਇੱਕ ਇਕੱਠ ਕੀਤਾ। ਪਾਬੰਦੀਆਂ, ਧਾਰਾ 144 ਅਤੇ ਕਰਫ਼ਿਊ ਦੇ ਬਾਵਜੂਦ ਤਕਰੀਬਨ ਵੀਹ ਹਜ਼ਾਰ ਲੋਕ ਜੱਲ੍ਹਿਆਂਵਾਲੇ ਬਾਗ਼ ਪਹੁੰਚਣ ਵਿਚ ਕਾਮਯਾਬ ਹੋਏ। ਇਨ੍ਹਾਂ ਲੋਕਾਂ ਨੂੰ ਹੰਸ ਰਾਜ, ਅਬਦੁਲ ਮਜੀਦ ਰਾਏ, ਰਾਮ ਸਿੰਘ, ਜਮਨਾ ਪ੍ਰਸਾਦ ਨੇ ਸੰਬੋਧਨ ਕੀਤਾ। ਸ਼ਾਂਤ ਬੈਠੇ ਲੋਕਾਂ ’ਤੇ ਬਿਨਾਂ ਕਿਸੇ ਚਿਤਾਵਨੀ ਦੇ ਜਰਨਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਪਾ ਦਿੱਤਾ। ਬਾਗ਼ ਵੱਲ ਜਾਣ ਦਾ ਇਕੋ ਇਕ ਰਸਤਾ ਫ਼ੌਜ ਨੇ ਰੋਕ ਰੱਖਿਆ ਸੀ। ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ਼ ਅੰਦਰਲੇ ਖੂਹ ਵਿਚ ਛਾਲਾਂ ਮਾਰੀਆਂ ਤੇ ਉਹ ਲਾਸ਼ਾਂ ਨਾਲ ਭਰ ਗਿਆ। ਲੋਕਾਂ ਨੇ ਬਾਗ਼ ਦੀ ਕੰਧ ਤੋਂ ਟੱਪਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਲਟਕੇ ਰਹਿ ਗਏ।

ਅੱਜ ਸਾਨੂੰ ਆਪਣੇ ਹੱਕਾਂ ਜਾਂ ਹਕੂਮਤ ਖਿਲਾਫ਼ ਰੋਸ ਪ੍ਰਦਰਸ਼ਨ ਦੇ ਵਰਤਾਰੇ ਦੇ ਗਵਾਹ ਨੂੰ ਸਾਂਭਣਾ ਚਾਹੀਦਾ ਸੀ। ਇਹ ਸਾਡੀ ਸ਼ਾਨਦਾਰ ਵਿਰਾਸਤ ਹੈ ਕਿਉਂ ਜੋ ਇਸ ਵਿਚ ਆਜ਼ਾਦੀ ਦੀ ਪ੍ਰਾਪਤੀ ਲਈ ਚੁੱਕਿਆ ਗਿਆ ਇਕ ਅਹਿਮ ਕਦਮ, ਸੰਘਰਸ਼ ਨੂੰ ਮੋੜਾ ਦੇਣ ਵਾਲਾ ਇਤਿਹਾਸ ਪਿਆ ਹੈ। ਇਸ ਤੋਂ ਵੱਧ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਾਡੇ ਸਮਾਜ-ਮੁਲਕ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਇਸ ਸਾਕੇ ਨੂੰ ਲੈ ਕੇ ਲਿਖੀ ਲੰਮੀ ਕਵਿਤਾ ਵਿਚ ਸ਼ਾਇਰ ਸੈਫ਼ੂਦੀਨ ਦੀਆਂ ਇਹ ਸਤਰਾਂ ਸਮੇਂ ਦੇ ਸੱਚ ਦੀ ਗਵਾਹੀ ਭਰਦੀਆਂ ਹਨ:

ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ

ਉਹ ਰਹੀਮ, ਕਰਤਾਰ, ਭਗਵਾਨ ਸਿੰਘ

ਹੋਏ ਜ਼ਮ ਜ਼ਮ ਤੇ ਗੰਗਾ ਇੱਕ ਥਾਂ ’ਕੱਠੇ,

ਡੁੱਲ੍ਹਿਆ ਖ਼ੂਨ ਹਿੰਦੂ-ਮੁਸਲਮਾਨ ਇੱਥੇ।

ਮੌਜੂਦਾ ਸਰਕਾਰ ਭਾਵੇਂ ਦੇਸ਼ ਦੀ ਆਜ਼ਾਦੀ ਦੀ 75ਵੇਂ ਵਰ੍ਹੇਗੰਢ ਨੂੰ ਅੰਮ੍ਰਿਤ ਮਹਾਂਉਤਸਵ ਦੇ ਬੈਨਰ ਹੇਠ ਮਨਾਉਣ ਜਾ ਰਹੀ ਹੈ। ਇਸੇ ਸੰਦਰਭ ਵਿਚ ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਸੌਵਾਂ ਸਾਲ ਭਾਵੇਂ ਕਰੋਨਾ ਮਹਾਂਮਾਰੀ ਵਿਚ ਹੀ ਨਿਕਲ ਗਿਆ, ਪਰ ਇਸ ਦਾ ਨਵੀਨੀਕਰਨ ਉਦੋਂ ਹੀ ਸ਼ੁਰੂ ਕੀਤਾ ਗਿਆ ਜੋ ਰੋਕਣਾ ਪਿਆ। ਜਿੰਨ੍ਹਾਂ ਚਿੰਤਕਾਂ ਨੂੰ ਖ਼ਦਸ਼ੇ ਸਨ, ਉਨ੍ਹਾਂ ਨੇ ਪਹਿਲਾਂ ਹੀ ਚਿਤਾਵਨੀਆਂ ਦਿੱਤੀਆਂ ਸਨ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਸੱਤਾਧਾਰੀ ਪਾਰਟੀ ਲਈ ਇਹ ਬਿਲਕੁਲ ਮਾਅਨੇ ਨਹੀਂ ਰੱਖਦੇ।

ਵਿਰਾਸਤ ਨੂੰ ਸਾਂਭਣਾ ਕਿਸ ਲਈ ਜ਼ਰੂਰੀ ਹੈ, ਇਹ ਸਮਾਜ ਵਿਗਿਆਨ ਦੇ ਮਾਹਿਰ ਵੱਧ ਜਾਣਦੇ ਹਨ ਤੇ ਦੱਸ ਵੀ ਸਕਦੇ ਹਨ। ਸਾਧਾਰਨ ਲਫ਼ਜ਼ਾਂ ਵਿਚ ਆਖੀਏ ਤਾਂ ਇਸ ਥਾਂ ’ਤੇ ਆ ਕੇ ਲੋਕ ਨਤਮਸਤਕ ਹੁੰਦੇ ਹਨ, ਕਈ ਸੰਵੇਦਨਸ਼ੀਲ ਵਿਅਕਤੀ ਇਕ ਕੋਨੇ ਨਾਲ ਲੱਗ ਕੇ ਰੋਂਦੇ ਵੀ ਹਨ। ਇਸ ਜ਼ਮੀਨ ’ਤੇ ਲੋਕ ਬੋਚ ਬੋਚ ਕੇ ਪੈਰ ਧਰਦੇ ਹਨ ਕਿਉਂਕਿ ਕਾਂਡ ਦੇ ਸਮੇਂ ਸਾਰਾ ਹੀ ਬਾਗ਼ ਖ਼ੂਨ ਨਾਲ ਲੱਥਪੱਥ ਹੋਇਆ ਸੀ। ਇਹੀ ਉਸ ਥਾਂ ਦੀ ਸਾਰਥਕਤਾ ਹੁੰਦੀ ਹੈ, ਜਦੋਂ ਉਹ ਦ੍ਰਿਸ਼ ਸਾਹਮਣੇ ਉਜਾਗਰ ਹੋ ਜਾਂਦਾ ਹੈ ਤੇ ਲੋਕ ਉਨ੍ਹਾਂ ਪਲਾਂ ਦਾ ਹਿੱਸਾ ਬਣਦੇ ਅਤੇ ਉਸ ਸਾਕੇ ਦੀ ਤੀਬਰਤਾ/ਸ਼ਿੱਦਤ ਨੂੰ ਮਹਿਸੂਸ ਕਰਦੇ ਹਨ।

ਇਸ ਬਾਗ਼ ਵਿਚ ਨਵੀਨੀਕਰਨ ਦੇ ਨਾਂ ’ਤੇ ਇਸ ਦੇ ਅੰਦਰ ਜਾਣ ਵਾਲੀ ਭੀੜੀ ਗਲੀ ਦੇ ਦੋਵੇਂ ਪਾਸੇ ਮੂਰਤੀ ਕਲਾ ਦੇ ਨਮੂਨੇ ਬਣਾਏ ਗਏ ਹਨ ਜਿਨ੍ਹਾਂ ਦੇ ਚਿਹਰੇ-ਮੋਹਰੇ ਅਜਿਹੇ ਹਨ ਜਿਵੇਂ ਕਿਸੇ ਮੇਲੇ ਵਿਚ ਸ਼ਾਮਲ ਹੋਣ ਜਾ ਰਹੇ ਹੋਣ, ਨਾ ਕਿ ਕਿਸੇ ਮੁਜ਼ਾਹਰੇ ਵਿਚ ਜੋ ਬਹੁਤ ਹੀ ਸੰਜੀਦਾ ਮੁੱਦੇ ’ਤੇ ਹੋ ਰਿਹਾ ਹੋਵੇ। ਇਸ ਤੋਂ ਬਾਹਰ ਨਿਕਲ ਕੇ ਬਾਗ਼ ਅੰਦਰ ਚਾਰ ਗੈਲਰੀਆਂ ਹਨ। ਉਨ੍ਹਾਂ ਵਿਚ ਫੋਟੋਆਂ ਤੇ ਵੀਡੀਓ ਰਾਹੀਂ ਸਾਕੇ ਤੋਂ ਪਹਿਲਾਂ ਤੇ ਕੁਝ ਬਾਅਦ ਦਾ ਇਤਿਹਾਸ ਦਿਖਾਉਣ-ਸਮਝਾਉਣ ਦੀ ਕੋਸ਼ਿਸ਼ ਹੈ ਜੋ ਅੱਧ-ਪਚੱਧਾ ਹੈ। ਉਹ ਗੈਲਰੀਆਂ ਇਹ ਭਾਵਨਾ ਨਹੀਂ ਦਰਸਾਉਂਦੀਆਂ ਕਿ ਲੋਕ ਇੱਕਠੇ ਸਨ ਤੇ ਅੰਗਰੇਜ਼ਾਂ ਨੇ ਕੀ ਕੀਤਾ ਸੀ। ਇਕ ਗੈਲਰੀ ਵਿਚ ਜਨਰਲ ਡਾਇਰ ਦੇ ਮੁਕੱਦਮੇ ਦੀ ਕਾਰਵਾਈ ਦਿਖਾਈ ਗਈ ਹੈ, ਜਿਸ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਦਿਖਾਇਆ ਗਿਆ ਹੈ। ਸਰਕਾਰਾਂ ਨੂੰ ਆਪਣੇ ਬੰਦੇ, ਉਨ੍ਹਾਂ ਦੀਆਂ ਕਾਰਵਾਈਆਂ/ ਜ਼ਿਆਦਤੀਆਂ ਦਰੁਸਤ ਜਾਪਦੀਆਂ ਹਨ। ਡਾਇਰ ਦੇ ਬਿਆਨ ਹਨ ਕਿ ਉਹ ਸਬਕ ਸਿਖਾਉਣਾ ਚਾਹੁੰਦਾ ਸੀ।

ਇਹ ਠੀਕ ਹੈ ਕਿ ਆਜ਼ਾਦੀ ਸੰਗਰਾਮ ਭਖਿਆ ਤੇ ਸਿਖਰ ਤਕ ਪਹੁੰਚਿਆ, ਪਰ ਲੋਕਾਂ ਨੇ ਵੀ ਸਬਕ ਲਿਆ ਤੇ ਸੱਤਾ ’ਤੇ ਬਿਰਾਜਮਾਨ ਹੋਣ ਵਾਲੀਆਂ ਸਰਕਾਰਾਂ ਨੇ ਵੀ। ਲੋਕਾਂ ਨੇ ਸਬਕ ਲਿਆ ਕਿ ਕਿਵੇਂ ਸੱਤਾ ਧਿਰ ਦੀਆਂ ਚਾਲਾਂ ਨੂੰ ਸਮਝਣਾ ਤੇ ਨਾਕਾਮ ਕਰਨਾ ਹੈ, ਕਿਵੇਂ ਭਾਈਚਾਰਕ ਸਾਂਝ ਵਿਚ ਤਰੇੜ ਨਹੀਂ ਪੈਣ ਦੇਣੀ। ਇਸ ਸਮਝ ਦਾ ਵਰਤਾਰਾ ਬਿਲਕੁਲ ਸਾਫ਼ ਤੌਰ ’ਤੇ ਕਿਸਾਨੀ ਅੰਦੋਲਨ ਨਾਲ ਜੁੜੇ ਸੰਘਰਸ਼ ਵਿਚ ਝਲਕਦਾ ਹੈ ਜਿਸ ਵਿਚ ਉਨ੍ਹਾਂ ਨੇ ਦਸ ਮਹੀਨੇ ਤੋਂ ਕੁਦਰਤ ਦਾ ਹਰ ਕਹਿਰ ਝੱਲਿਆ ਹੈੈ।

ਇਹ ਠੀਕ ਹੈ ਕਿ ਇਤਿਹਾਸ ਕਾਗਜ਼ਾਂ-ਕਿਤਾਬਾਂ ਵਿਚ ਵੀ ਸਾਂਭਿਆ ਜਾਂਦਾ ਹੈ ਤੇ ਇਮਾਰਤਾਂ ਵੀ ਉਸ ਦੀਆਂ ਗਵਾਹ ਹੁੰਦੀਆਂ ਹਨ। ਸਰਕਾਰਾਂ ਮਨਮਰਜ਼ੀ ਦਾ ਇਤਿਹਾਸ ਲਿਖਵਾ ਅਤੇ ਇਮਾਰਤਾਂ ਦੇ ਨਵੀਨੀਕਰਨ ਦੇ ਨਾਂ ’ਤੇ ਮਨਚਾਹਿਆ ਜਾਮਾ ਵੀ ਪੁਆ ਸਕਦੀਆਂ ਹਨ, ਪਰ ਇਕ ਸ਼ਖ਼ਸ ਤੋਂ ਦੂਸਰੇ ਤਕ ਸਫ਼ਰ ਕਰਨ ਵਾਲਾ ਇਤਿਹਾਸ ਹਮੇਸ਼ਾ ਰਹਿੰਦਾ ਹੈ ਤੇ ਉਹ ਜ਼ਰੂਰ ਆਪਣੀ ਹੋਂਦ ਨਾਲ ਲੋਕਾਂ ਨੂੰ ਚੇਤੰਨ ਕਰਦਾ ਹੈ। ਇਸ ਛੇੜਛਾੜ ਵਿਚ ਸਭ ਤੋਂ ਵੱਧ ਤਕਲੀਫ਼ਦੇਹ ਪੱਖ ਇਹ ਹੈ ਕਿ ਵਿਅਕਤੀ ਬਾਗ਼ ਦੇ ਅੰਦਰ ਜਾਂਦਾ ਹੈ, ਘੁੰਮਦਾ ਹੈ, ਬੈਚਾਂ ’ਤੇ ਬੈਠ ਕੇ ਆਰਾਮ ਕਰਦਾ ਹੈ, ਸੈਲਫੀਆਂ ਲੈਂਦਾ ਹੈ, ਪਾਣੀ ਪੀਣ ਤੇ ਨਿਕਾਸ ਦੀ ਵਿਵਸਥਾ ਹੈ। ਸੁੰਦਰ ਬਾਗ਼ ਵਿਚ ਆਰਾਮ ਨਾਲ ਸੈਰ ਸਪਾਟਾ ਕਰਦਾ, ਇਸੇ ਆਰਾਮ ਅਤੇ ਮਸਤੀ ਨਾਲ ਬਾਹਰ ਜਾਣ ਵਾਲਾ ਰਸਤਾ ਦੇਖ ਕੇ ਮੁੜ ਇਕ ਰੌਣਕ ਭਰੇ ਬਾਜ਼ਾਰ ਵਿਚ ਜਾ ਨਿਕਲਦਾ ਹੈ ਜੋ ਮੂਲ ਇਮਾਰਤ ਵਿਚ ਛੇੜਛਾੜ ਕਰ ਕੇ ਬਣਾਇਆ ਗਿਆ ਹੈ।

ਅੱਜ ਕਿਸੇ ਦੇ ਚਿਹਰੇ ’ਤੇ ਕੋਈ ਪਰੇਸ਼ਾਨੀ ਨਹੀਂ ਹੁੰਦੀ, ਕਿਸੇ ਦੇ ਦਿਲ ਵਿਚ ਖੋਹ ਨਹੀਂ ਪੈਂਦੀ, ਕਿਸੇ ਸੰਵੇਦਨਸ਼ੀਲ ਦਾ ਕਾਲ਼ਜਾ ਬਾਹਰ ਨੂੰ ਨਹੀਂ ਆਉਂਦਾ ਕਿ ਉਹ ਉਸ ਬਾਗ਼ ਵਿਚੋਂ ਹੋ ਕੇ ਆਇਆ ਹੈ ਜਿੱਥੇ ਹਜ਼ਾਰਾਂ ਸ਼ਾਂਤ ਬੈਠੇ ਬੇਕਸੂਰ ਲੋਕਾਂ ਨੂੰ ਭੁੰਨ ਦਿੱਤਾ ਗਿਆ। ਇਹ ਬਾਗ਼ ਇਕ ਬਹੁਤ ਵੱਡੀ ਤ੍ਰਾਸਦੀ, ਹਕੂਮਤ ਦੀ ਅੰਨ੍ਹੀ ਬੁਰਛਾਗਰਦੀ ਦਾ ਗਵਾਹ ਹੈ। ਲੋੜ ਸੀ, ਉਸ ਅਹਿਸਾਸ ਨੂੰ ਪੈਦਾ ਕਰਨ ਦੇ ਯਤਨਾਂ ਦੀ ਜੋ ਕਿ ਗਾਇਬ ਹਨ। ਲੱਗਦਾ ਹੈ ਜਿਵੇਂ ਮੈਥੋਂ ਮੇਰਾ ਜੱਲ੍ਹਿਆਂ ਵਾਲਾ ਬਾਗ਼ ਖੋਹਿਆ ਜਾ ਰਿਹਾ ਹੈ।

ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All