ਜ਼ਿੰਦਗੀ ਲਹਿਰ ਜਾਂ ਛੱਲ : The Tribune India

ਜ਼ਿੰਦਗੀ ਲਹਿਰ ਜਾਂ ਛੱਲ

ਜ਼ਿੰਦਗੀ ਲਹਿਰ ਜਾਂ ਛੱਲ

ਬਲਜਿੰਦਰ ਸਿੰਘ ਸੰਧੂ

ਸੱਧਰਾਂ ਦੇ ਸਾਏ ਹੇਠ ਪਲਦੀ ਜ਼ਿੰਦਗੀ ਜੇ ਅੱਖ ਦੇ ਫੋਰ ਨਾਲ ਸ਼ੁਰੂ ਹੁੰਦੀ ਹੈ ਤਾਂ ਅੱਖ ਦੇ ਫੋਰ ਨਾਲ ਹੀ ਖ਼ਤਮ ਹੋ ਜਾਂਦੀ ਹੈ। ਪਰ ਵਗਦੇ ਸ਼ਾਂਤ ਸਮੁੰਦਰ ਵਾਂਗ ਜ਼ਿੰਦਗੀ ਦੇ ਡੂੰਘੇ ਸਮੁੰਦਰ ਵਿੱਚ ਵੀ ਕਈ ਡੂੰਘਾਈਆਂ ਹੋਣ ਦੇ ਬਾਵਜੂਦ ਸਾਨੂੰ ਅਕਸਰ ਸ਼ਾਂਤ ਹੀ ਵਗਣਾ ਪੈਂਦਾ ਹੈ ਤੇ ਇਹਦੀ ਸਤਹ ’ਤੇ ਪਈ ਘੋਗੇ, ਸਿੱਪੀਆਂ ਵਿੱਚੋਂ ਮੋਤੀ ਵੀ ਲੱਭਣੇ ਪੈਂਦੇ ਹਨ। ਲੱਖ ਡੂੰਘਾਣਾਂ ਤੇ ਤੂਫ਼ਾਨੀ ਲਹਿਰਾਂ ਉੱਠਣ ਦੇ ਬਾਵਜੂਦ ਸ਼ਾਂਤ ਵਹਿਣ ਦਾ ਨਿਯਮ ਲਾਜ਼ਮੀ ਪਾਲਣਾ ਪੈਂਦਾ ਹੈ। ਸ਼ਾਂਤੀ ਹੀ ਕੁਦਰਤ ਦਾ ਨਿਯਮ ਹੈ ਤੇ ਨਿਯਮ ਦੇ ਅਨੁਸਾਰ ਚੱਲਣਾ ਹੀ ਕੁਦਰਤ ਦਾ ਨੇਮ ਹੈ। ਨਿਯਮ ਉਦੋਂ ਟੁੱਟਦੇ ਹਨ ਜਦੋਂ ਅਸੀਂ ਨੇਮ ਅਨੁਸਾਰ ਜਿਊਣਾ ਛੱਡ ਦਿੰਦੇ ਹਾਂ, ਸ਼ਾਇਦ ਇਸੇ ਦਾ ਨਤੀਜਾ ਸਾਡੇ ਨਾਲ ਵਗਦੇ ਦੁੱਖ ਸੁੱਖ ਹੁੰਦੇ ਹਨ।

ਨਿਯਮ ਟੁੱਟਣੇ ਜ਼ਰੂਰੀ ਵੀ ਹੁੰਦੇ ਹਨ, ਕਿਉਂਕਿ ਜੇ ਇਹ ਨਾ ਟੁੱਟਣ ਤਾਂ ਸਾਨੂੰ ਨੇਮ ਅਨੁਸਾਰ ਜਿਊਣਾ ਕਿਵੇਂ ਹੈ ਇਹ ਸਿੱਖਣਾ ਸਾਡੇ ਲਈ ਔਖਾ ਹੋ ਜਾਂਦਾ ਹੈ। ਫਿਰ ਵੀ ਵਕਤ ਦੇ ਵਹਿਣਾ ਵਿੱਚ ਵਗਣਾ ਹੀ ਪੈਂਦਾ ਹੈ। ਕਈ ਦੁੱਖਾਂ ਦੇ ਵਗਦੇ ਵਹਿਣਾ ਤੋਂ ਬਾਅਦ ਕਦੇ ਨਾ ਕਦੇ ਤਾਂ ਸਾਡੀਆਂ ਆਸਾਂ ਦਾ ਫੁੱਟਦਾ ਝਰਨਾ ਸਾਨੂੰ ਸੁੱਖਾਂ ਦੇ ਵਹਿੰਦੇ ਵਹਾਅ ਵੱਲ ਪਾ ਹੀ ਦਿੰਦਾ ਹੈ। ਫਿਰ ਸਾਨੂੰ ਉਨ੍ਹਾਂ ਦੁੱਖਾਂ ਦੀਆਂ ਡੂੰਘਾਈਆਂ ਵੀ ਸਮੇਂ ਵਾਂਗ ਭੁੱਲ ਜਾਂਦੀਆਂ ਹਨ। ਜਿਵੇਂ ਵਹਿੰਦਾ ਪਾਣੀ ਪਏ ਟੋਇਆਂ ਵਿੱਚ ਰੇਤ ਭਰ ਕੇ ਖੱਪੇ ਪੂਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਸ਼ਾਇਦ ਇਸੇ ਤਰ੍ਹਾਂ ਹੀ ਸਮਾਂ ਵੀ ਸਾਡੇ ਡੂੰਘੇ ਦੁੱਖਾਂ ਦੇ ਟੋਇਆਂ ਨੂੰ ਭਰਨ ਦਾ ਯਤਨ ਕਰਦਾ ਰਹਿੰਦਾ ਹੈ।

ਹੌਲੀ ਹੌਲੀ ਬੰਦਾ ਵਕਤ ਦਾ ਪੱਲਾ ਫੜ ਕੇ ਵਹਿਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਲੱਖਾਂ ਦਾਗ ਤੇ ਜ਼ਖਮ ਵੀ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਵੀ ਜ਼ਖ਼ਮ ਤਾਂ ਮਿਟ ਜਾਂਦੇ ਹਨ, ਪਰ ਭੁੱਲਦੇ ਨਹੀਂ ਤੇ ਦਾਗ ਮਿਟਦੇ ਨਹੀਂ, ਕਈ ਵਾਰੀ ਭੁੱਲ ਜ਼ਰੂਰ ਜਾਂਦੇ ਹਨ।

ਜ਼ਿੰਦਗੀ ਦੇ ਵਗਦੇ ਸਮੁੰਦਰ ਵਿੱਚ ਅਸੀਂ ਕਦੋਂ ਘੁੰਮਣ-ਘੇਰੀਆਂ ਵਿੱਚ ਫਸ ਜਾਂਦੇ ਹਾਂ ਤੇ ਕਦੋਂ ਇੱਕ ਸਮਾਨ ਦਿਸ਼ਾ ਵਿੱਚ ਵਹਿੰਦੇ ਰਹਿੰਦੇ ਹਾਂ, ਕੁਝ ਪਤਾ ਹੀ ਨਹੀਂ ਲੱਗਦਾ। ਇਸ ਸਮੁੰਦਰ ਵਿੱਚ ਲੋਟਣੀਆਂ ਲੈਂਦੇ ਬੰਦੇ ਦੇ ਆਪਣੇ ਤਜਰਬੇ ਵੀ ਅਜੀਬ ਹੁੰਦੇ ਹਨ, ਅਹਿਸਾਸ ਰੂਪੀ ਜ਼ਿੰਦਗੀ ਦਾ ਸਮੁੰਦਰ ਕਦੇ ਆਪਣੇ-ਆਪ ਹੀ ਵਹਿੰਦਾ ਰਹਿੰਦਾ ਹੈ ਤੇ ਕਦੇ ਸਾਨੂੰ ਇਹਨੂੰ ਵਹਾਉਣ ਲਈ ਜੱਦੋ-ਜਹਿਦ ਵੀ ਕਰਨੀ ਪੈਂਦੀ ਹੈ। ਕਦੇ ਸਾਨੂੰ ਵਹਿੰਦੇ ਸਮੁੰਦਰ ਵਿੱਚ ਕਿਨਾਰਿਆਂ ਨਾਲ ਲੱਗੇ ਡੱਕਿਆਂ ਵਾਂਗ ਕਿਸੇ ਦੀ ਉਡੀਕ ਵੀ ਕਰਨੀ ਪੈਂਦੀ ਹੈ ਤੇ ਕਈ ਵਾਰੀ ਸਾਨੂੰ ਅੱਧ ਵਿਚਕਾਰ ਸਮੁੰਦਰ ਵਿੱਚ ਵਹਿੰਦੀਆਂ ਵਸਤਾਂ ਵਾਂਗ ਇਕੱਲਿਆਂ ਹੀ ਇਹ ਸਫ਼ਰ ਤੈਅ ਕਰਨਾ ਪੈਂਦਾ ਹੈ।

ਖੈਰ! ਜ਼ਿੰਦਗੀ ਦਾ ਇਹ ਸਮੁੰਦਰ ਵਹਿੰਦਾ-ਵਹਿੰਦਾ ਕਦੋਂ ਕਿੱਥੇ ਜਾ ਪਹੁੰਚੇ, ਅਸੀਂ ਇਸ ਗੱਲ ਤੋਂ ਅਗਿਆਨ ਹਾਂ, ਸ਼ਾਇਦ ਇਸੇ ਅਗਿਆਨਤਾ ਵਿੱਚ ਇਨਸਾਨ ਕਈ ਵਾਰੀ ਬਹੁਤ ਕੁਝ ਪਿੱਛੇ ਛੱਡ ਆਉਂਦਾ ਹੈ ਤੇ ਕਈ ਵਾਰੀ ਕਿਸੇ ਹੋਰ ਨੂੰ ਆਪਣੇ ਨਾਲ ਮਿਲਾਉਣ ਦੀ ਜ਼ਿੱਦ ਕਰਕੇ ਪਤਾ ਨਹੀਂ ਹੋਰ ਕਿੱਥੇ ਵਹਿ ਜਾਂਦਾ ਹੈ। ਜ਼ਿੰਦਗੀ ਵਿੱਚ ਅਨੁਭਵ ਦੇ ਵਹਿਣਾ ਦੇ ਵਹਾਅ ਵਿੱਚ ਅਸੀਂ ਨਿੱਤ ਦਿਨ ਨਵੀਆਂ ਦਿਲ ਤੇ ਦਿਮਾਗ਼ ਦੀਆਂ ਡੂੰਘਾਣਾਂ ਨੂੰ ਉਜਾਗਰ ਕਰਦੇ ਚਲੇ ਜਾਂਦੇ ਹਾਂ ਤੇ ਇਨਸਾਨ ਅਗਿਆਨਤਾ ਦੇ ਕਾਲੇ ਹਨੇਰਿਆਂ ਤੋਂ ਦੂਰ ਹੁੰਦਾ-ਹੁੰਦਾ ਅਜਿਹੀਆਂ ਸਚਾਈਆਂ ਨੂੰ ਛੋਹ ਲੈਂਦਾ ਹੈ ਕਿ ਉਹ ਆਪਣੇ ਸਮਕਾਲੀ ਇਨਸਾਨਾਂ ਦੀ ਭੀੜ ਵਿੱਚੋਂ ਨਿਕਲ ਕੇ ਉਨ੍ਹਾਂ ਲਈ ਨਵੀਆਂ ਉਦਾਹਰਨਾਂ ਬਣਾ ਜਾਂਦਾ ਹੈ।

ਇਨਸਾਨੀ ਇਤਿਹਾਸ ਵਿੱਚ ਇਹ ਗੱਲ ਹਮੇਸ਼ਾਂ ਚਰਚਾ ਤੇ ਦਲੀਲਾਂ ਦਾ ਵਿਸ਼ਾ ਰਹੀ ਹੈ ਕਿ ਮਨੁੱਖੀ ਜ਼ਿੰਦਗੀ ਦਾ ਅਸਲ ਮਨੋਰਥ ਕੀ ਹੈ? ਸਮਾਂ ਗਵਾਹ ਹੈ ਕਿ ਅੱਜ ਦੇ ਸਮੇਂ ਦੀ ਵਧੇਰੇ ਖਲਕਤ ਰੋਟੀ-ਪਾਣੀ ਦੇ ਆਹਰ ਤੋਂ ਬਿਨਾਂ ਹੋਰ ਸੋਚ ਵੀ ਨਹੀਂ ਸਕਦੀ। ਅਜਿਹਾ ਕਰਨ ਦੀ ਉਨ੍ਹਾਂ ਕੋਲ ਵਿਹਲ ਵੀ ਨਹੀਂ ਹੈ। ਇਸ ਤਰ੍ਹਾਂ ਇਹ ਜਾਣਨ ਦੀ ਤਾਂਘ ਸਾਡੇ ਕੋਲੋਂ ਹਮੇਸ਼ਾਂ ਖੁੱਸਦੀ ਰਹੀ ਹੈ ਕਿ ਅਸੀਂ ਕਿਉਂ ਹਾਂ?

ਵਿਕਾਸ ਦੇ ਸਿਖਰ ’ਤੇ ਪਹੁੰਚਿਆ ਮਨੁੱਖ ਲੱਖ ਦਾਅਵੇ ਕਰੀ ਜਾਵੇ, ਪਰ ਕਿਤੇ ਨਾ ਕਿਤੇ ਉਹ ਅੰਦਰੋਂ ਅਸੰਤੁਸ਼ਟ ਹੈ, ਉਹ ਆਨੰਦ ਦੀਆਂ ਅਸੀਮ ਸੀਮਾਵਾਂ ਤੋਂ ਦੂਰ ਹੈ, ਭਾਵੇ ਲੱਖ ਐਸ਼ੋ-ਇਸ਼ਰਤ ਦੇ ਸਾਧਨ ਉਸ ਕੋਲ ਕਿਉਂ ਨਾ ਹੋਣ, ਪਰ ਵਿਕਾਸ ਦੇ ਖੇਤਰ ਵਿੱਚ ਉੱਪਰ ਚੜ੍ਹ ਰਿਹਾ ਮਨੁੱਖ ਅੰਦਰੂਨੀ ਤੇ ਮਾਨਸਿਕ ਰੂਪ ਵਿੱਚ ਹੇਠਾਂ ਹੀ ਆ ਰਿਹਾ ਹੈ। ਫਿਰ ਇਸ ਤਰ੍ਹਾਂ ਜ਼ਿੰਦਗੀ ਜਿਊ ਰਹੇ ਇਨਸਾਨ ਨੂੰ ਅਸੀਂ ਜਿਊਣਾ ਨਹੀਂ ਕਹਿ ਸਕਦੇ, ਸਿਰਫ਼ ਕੱਟਣਾ ਹੀ ਕਹਿ ਸਕਦੇ ਹਾਂ, ਜਿਹੜਾ ਸਿਰਫ਼ ਕੱਟ ਰਿਹਾ ਹੈ, ਕਦੇ ਪਿਛਲੀਆਂ ਘਟਨਾਵਾਂ ਬਾਰੇ ਚਿੰਤਾ ਕਰਕੇ, ਕਦੇ ਭਵਿੱਖੀ ਫੈਸਲੇ ਜਾਂ ਔਕੜਾਂ ਕਰਕੇ ਜਾਂ ਫਿਰ ਕਦੇ ਵਰਤਮਾਨੀ ਅਵਸਥਾ ਕਰਕੇ।

ਸਾਡੇ ਘਰਾਂ ਦੀ ਟੁੱਟ-ਭੱਜ, ਕਤਲੋ-ਗਾਰਦ ਦੀਆਂ ਘਟਨਾਵਾਂ ਸਾਡੀ ਇਸੇ ਅਸੰਤੁਸ਼ਟਤਾ ਦਾ ਹੀ ਨਤੀਜਾ ਹਨ। ਕਈ ਵਾਰੀ ਅਜਿਹੀ ਅਸੰਤੁਸ਼ਟਤਾ ਸਾਨੂੰ ਮਨੋਰੋਗੀ ਵੀ ਬਣਾ ਦਿੰਦੀ ਹੈ। ਇਸ ਤਰ੍ਹਾਂ ਪੂਰਾ ਬਿਮਾਰ ਵਿਅਕਤੀ ਅੱਧੇ ਬਿਮਾਰ ਵਿਅਕਤੀਆਂ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਜਾਂਦਾ ਹੈ। ਸਾਡੇ ਚਿਹਰਿਆਂ ਦੇ ਉੱਪਰ ਇਹ ਅਸੰਤੁਸ਼ਟਤਾ ਕਿਸੇ ਨਾ ਕਿਸੇ ਰੂਪ ਵਿੱਚ ਹਮੇਸ਼ਾਂ ਛਾਈ ਰਹਿੰਦੀ ਹੈ, ਚਾਹੇ ਉਹ ਸਵਾਰਥੀ ਅਸੰਤੁਸ਼ਟਤਾ ਹੋਵੇ, ਧਰਮੀ, ਲੋਭੀ ਅਸੰਤੁਸ਼ਟਤਾ ਹੋਵੇ ਜਾਂ ਫਿਰ ਸਮਾਜੀ ਅਸੰਤੁਸ਼ਟਤਾ।

ਸਾਡੇ ਜ਼ਿਹਨਾਂ ਨੇ ਲਹੂ ਦੇ ਲੋਥੜਿਆਂ ਦੇ ਵਹਾਅ ਦੀ ਇਕਸਾਰਤਾ ਨੂੰ ਪਛਾਣ ਕੇ ਉਸ ਨਾਲ ਰੌਂਅ ਬਣਾਉਣ ਦੀ ਕੋਸ਼ਿਸ਼ ਕਦੇ ਨਹੀਂ ਕੀਤੀ। ਸ਼ਾਇਦ ਇਹ ਸਾਡੇ ਇਤਿਹਾਸ ਦੇ ਖ਼ਤਮ ਹੋਣ ਤੱਕ ਚੱਲਦਾ ਰਹੇਗਾ।

ਅੱਜ ਦੌੜ-ਭੱਜ ਦੇ ਸਮੇਂ ਵਿੱਚ ਇਹ ਅਹਿਮ ਲੋੜ ਹੈ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚੋਂ ਮਨਫ਼ੀ ਹੋ ਰਹੀਆਂ ਖੁਸ਼ੀਆਂ ਨੂੰ ਦੁਬਾਰਾ ਲੱਭਣ ਦਾ ਯਤਨ ਕਰੀਏ। ਸਵਾਰਥ, ਲਾਲਚ, ਲੋਭ, ਹੰਕਾਰ ਤੇ ਹਉਮੈਂ ਤੋਂ ਬਿਨਾਂ ਜ਼ਿੰਦਗੀ ਦੇ ਵਗਦੇ ਸਮੁੰਦਰ ਵਿੱਚ ਨਵੀਆਂ ਤਰੰਗਾਂ ਛੇੜੀਆਂ ਜਾ ਸਕਦੀਆਂ ਹਨ, ਆਓ! ਉਨ੍ਹਾਂ ਨੂੰ ਲੱਭਣ ਦਾ ਯਤਨ ਕਰੀਏ ਤੇ ਪਦਾਰਥਕ ਵਾਧੇ ਦੇ ਨਾਲ-ਨਾਲ ਮਾਨਸਿਕ ਵਿਕਾਸ ਵੱਲ ਵੀ ਵਧੀਏ।

ਸੰਪਰਕ: 94789-00076

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All