ਗੁਰਦੀਪ ਸਿੰਘ ਢੁੱਡੀ
ਬੇਸ਼ੱਕ ਹਰ ਵਾਰ ਸਾਲ ਦਾ ਅੰਤ 31 ਦਸੰਬਰ ਨੂੰ ਹੋਣ ’ਤੇ ਨਵੇਂ ਸਾਲ ਦੀ ਸ਼ੁਰੂਆਤ ਪਹਿਲੀ ਜਨਵਰੀ ਨੂੰ ਕਰਦੇ ਹੋਏ ਪੂਰੇ ਵਿਸ਼ਵ ਵਿਚ ਬਹੁਤ ਸਾਰੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਵੇਖਿਆ ਜਾਵੇ ਤਾਂ ਅਸਲ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿਚ 31 ਮਾਰਚ ਨੂੰ ਸਾਲ ਦਾ ਅਖੀਰ ਹੁੰਦਾ ਹੈ ਅਤੇ ਪਹਿਲੀ ਅਪਰੈਲ ਨੂੰ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸੇ ਕਰ ਕੇ ਹੀ ਮਾਰਚ ਦਾ ਮਹੀਨਾ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਵਾਸਤੇ ਬਹੁਤ ਹੀ ਅਹਿਮ ਹੁੰਦਾ ਹੈ। ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਵਾਸਤੇ ਤਾਂ ਇਸ ਮਾਰਚ ਮਹੀਨੇ ਦੀ ਅਹਿਮੀਅਤ ਹੋਰਾਂ ਅਦਾਰਿਆਂ ਨਾਲੋਂ ਵੀ ਕਿਧਰੇ ਵਧੇਰੇ ਵੇਖਣ ਵਿਚ ਮਿਲਦੀ ਹੈ। ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਦਾ ਫ਼ੈਸਲਾ 31 ਮਾਰਚ ਨੂੰ ਕਰਦਿਆਂ ਉਨ੍ਹਾਂ ਨੂੰ ਪਾਸ ਫ਼ੇਲ੍ਹ ਕੀਤਾ ਜਾਂਦਾ ਹੈ। ਪਰੰਤੂ ਇਸ ਸਾਲ 2020 ਵਿਚ ਮਾਰਚ ਦਾ ਮਹੀਨਾ ਇਸ ਤਰ੍ਹਾਂ ਦਾ ਆਇਆ ਜਦੋਂ ਕੁਦਰਤ ਨੇ ਮਨੁੱਖ ਨੂੰ ਇਕ ਵਾਰੀ ਨਿਹੱਥਿਆਂ ਵਰਗਾ ਕਰ ਦਿੱਤਾ। ਇਸ ਬਿਮਾਰੀ ਨੇ ਮਾਰਚ ਮਹੀਨੇ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਚੱਲਦੀਆਂ ਹੋਈਆਂ ਸਾਲਾਨਾ ਪ੍ਰੀਖਿਆਵਾਂ ਨੂੰ ਅੱਧ-ਵਿਚਾਲ਼ੇ ਹੀ ਰੋਕ ਦਿੱਤਾ। ਪ੍ਰਾਈਵੇਟ ਸਕੂਲਾਂ ਦੇ ‘ਮਾਲਕਾਂ’ ਨੇ ਦਾਖ਼ਲਿਆਂ ਦਾ ਕੰਮ ਪਹਿਲਾਂ ਹੀ ਨਿਪਟਾ ਲਿਆ ਸੀ ਅਤੇ ਆਪਣੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਦਿੱਤੀ। ਸਰਕਾਰ ਦੇ ਪੱਧਰ ਤੋਂ ਆਏ ਫ਼ੁਰਮਾਨਾਂ ਦੀ ਪਾਲਣਾ ਵਿਚ ਸਰਕਾਰੀ ਸਕੂਲਾਂ ਨੇ ਵੀ ਵਿਦਿਆਰਥੀਆਂ ਨੂੰ ਨਵੀਆਂ ਜਮਾਤਾਂ ਵਿਚ ਦਾਖ਼ਲ ਕਰਨ ਲਈ ਆਨਲਾਈਨ ਦਾਖ਼ਲਿਆਂ ਦੀ ਮੁਹਿੰਮ ਵਿੱਢ ਦਿੱਤੀ। ਇਨ੍ਹਾਂ ਦਾਖ਼ਲਿਆਂ ਕਾਰਨ ਅੱਜ-ਕੱਲ੍ਹ ਸਕੂਲ ਮੁਖੀਆਂ ਵਿਚ ਆਪਸੀ ਤਲਖ਼-ਕਲਾਮੀ ਹੁੰਦੀ ਆਮ ਹੀ ਵੇਖੀ ਜਾ ਸਕਦੀ ਹੈ। ਹੁਣ ਇਸ ਤੋਂ ਅੱਗੇ ਬੜੀ ਹੀ ਅਹਿਮ ਕੜੀ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਮੋਬਾਈਲ ਫ਼ੋਨ ’ਤੇ ਆਨਲਾਈਨ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਟੈਲੀਵਿਜ਼ਨ ’ਤੇ ਪੜ੍ਹਾਇਆ ਜਾਣਾ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਇਕ ਅਧਿਆਪਕ ਨੇ ਇਕ ਪੋਸਟ ਪਾਈ, ਜਿਸ ਵਿਚ ਵਿਦਿਆਰਥੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਵਿਦਿਆਰਥੀ ਆਖ ਰਿਹਾ ਹੈ ਕਿ ਸਰ/ਮੈਡਮ ਜਿਹੜਾ ਕੁੱਝ ਪੜ੍ਹਾਉਣਾ ਹੈ ਜਲਦੀ ਤੋਂ ਜਲਦੀ ਪੜ੍ਹਾ ਲਵੋ, ਫਿਰ ਅਸੀਂ ਝੋਨਾ ਲਾਉਣ ਲੱਗ ਪੈਣਾ ਹੈ। ਅਧਿਆਪਕ ਦੁਆਰਾ ਦਿੱਤੇ ਗਏ ‘ਹੋਮ ਵਰਕ’ ਨੂੰ ਕਰਨ ਤੋਂ ਵਿਦਿਆਰਥੀ ਇਸ ਕਰ ਕੇ ਅਸਮਰੱਥਾ ਜ਼ਾਹਿਰ ਕਰ ਰਿਹਾ ਹੈ ਕਿਉਂਕਿ ਉਸ ਨੇ ਤਾਂ ਅਜੇ ਲੈਸਨ ਪੜ੍ਹਿਆ ਹੀ ਨਹੀਂ ਹੈ। ਇਸੇ ਤਰ੍ਹਾਂ ਇਕ ਥਾਂ ’ਤੇ ਪਾਇਆ ਗਿਆ ਹੈ, ਜਿਸ ਵਿਚ ਵਿਦਿਆਰਥੀ ਟੈਲੀਵਿਜ਼ਨ ’ਤੇ ਆ ਰਹੇ ਲੈਸਨ ਨੂੰ ਇਸ ਕਰ ਕੇ ਨਹੀਂ ਸੁਣ ਸਕੇ ਕਿ ਬਿਜਲੀ ਦੀ ਬੱਤੀ ਗੁੱਲ ਹੋ ਗਈ ਸੀ। ਮੋਬਾਈਲ ਫ਼ੋਨ ਵਿਚ ਬੈਲੈਂਸ ਖ਼ਤਮ ਹੋਣ ਕਰ ਕੇ ਇਸ ’ਤੇ ਆਏ ਮੈਸੇਜ ਵੇਖੇ ਨਹੀਂ ਜਾ ਸਕੇ ਅਤੇ ਇਸ ਤਰ੍ਹਾਂ ਦਾ ਹੋਰ ਬੜਾ ਕੁੱਝ।
ਉਪਰੋਕਤ ਪੈਰੇ ਵਿਚ ਦਿੱਤਾ ਗਿਆ ਥੋੜ੍ਹਾ ਜਿਹਾ ਕੁੱਝ ਅੱਗੇ ਬਹੁਤ ਵੱਡੇ ਸੁਆਲ ਖੜ੍ਹੇ ਕਰਦਾ ਹੈ। ਅਸਲ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਤੌਰ ’ਤੇ ਆਰਥਿਕ ਲੋੜਾਂ ਸਮੇਤ ਕੁੱਝ ਹੋਰ ਮਜਬੂਰੀਆਂ ਜਾਣਨ ਦੀ ਲੋੜ ਹੈ। ਇਹ ਵੇਖਣ ਵਿਚ ਆਉਂਦਾ ਰਿਹਾ ਹੈ ਕਿ ਵਿਸਾਖ ਜੇਠ ਅਤੇ ਅੱਸੂ ਕੱਤਕ ਦੇ ਮਹੀਨਿਆਂ ਵਿਚ ਅਧਿਆਪਕਾਂ ਦਾ ਮਾਪਿਆਂ ਨਾਲ ਲੜਨ ਵਰਗਾ ਮਾਹੌਲ ਬਣ ਜਾਂਦਾ ਸੀ। ਸਰਕਾਰੀ ਸਕੂਲਾਂ ਦੇ ਅਧਿਆਪਕ ਅਕਸਰ ਹੀ ਗਿਲਾ ਕਰਦੇ ਸਨ ਕਿ ਵਿਦਿਆਰਥੀ ਇਨ੍ਹਾਂ ਮਹੀਨਿਆਂ ਵਿਚ ਸਕੂਲ ਵਿਚੋਂ ਗੈਰਹਾਜ਼ਰ ਹੋ ਜਾਂਦੇ ਹਨ। ਅਧਿਆਪਕ ਆਪਣੇ ਥਾਂ ’ਤੇ ਠੀਕ ਹੁੰਦੇ ਸਨ ਕਿ ਜਦੋਂ ਵਿਦਿਆਰਥੀ ਸਕੂਲ ਵਿਚ ਹਾਜ਼ਰ ਹੀ ਨਾ ਹੋਣਗੇ ਤਾਂ ਫਿਰ ਅਧਿਆਪਕ ਪੜ੍ਹਾਈ ਕਿਵੇਂ ਕਰਾਉਣਗੇ। ਵਿਦਿਆਰਥੀਆਂ ਦੇ ਮਾਪੇ ਇਸ ਕਰ ਕੇ ਠੀਕ ਹੁੰਦੇ ਸਨ ਕਿ ਇਹ ਮਹੀਨੇ ਸਾਲ ਦੀ ਕਮਾਈ ਕਰਨ ਦੇ ਬਹੁਤ ਹੀ ਅਹਿਮ ਮਹੀਨੇ ਹੁੰਦੇ ਹਨ। ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਵਿਦਿਆਰਥੀ ਆਪਣੇ ਮਾਪਿਆਂ ਦੁਆਰਾ ਕਮਾਈ ਕਰਨ ਵਾਲੇ ਕੰਮਾਂ ਵਿੱਚ ਸਹਾਈ ਹੁੰਦੇ ਹਨ। ਇਨ੍ਹਾਂ ਮਹੀਨਿਆਂ ਵਿਚ ਗਰੀਬ ਮਾਪੇ ਕਣਕ ਦੀ ਵਾਢੀ ਕਰਦੇ, ਸਿੱਟੇ ਚੁਗਦੇ, ਦਾਣੇ ਇਕੱਠੇ ਕਰਦੇ, ਝੋਨਾ ਲਾਉਂਦੇ, ਨਰਮਾ-ਕਪਾਹ ਚੁਗਦੇ, ਝੋਨਾ ਝਾੜ੍ਹਦੇ ਹੋਏ ਮਾਪਿਆਂ ਨਾਲ ਸਹਾਈ ਹੁੰਦੇ ਹਨ। ਬਹੁਤ ਹੀ ਵੱਡੀ ਸੱਚਾਈ ਹੈ ਕਿ ਹੋਰ ਕਿਸੇ ਵੀ ਲੋੜ ਨਾਲੋਂ ਉਦਰ ਪੂਰਤੀ ਵਾਸਤੇ ਕੀਤਾ ਜਾਣ ਵਾਲਾ ਕਾਰਜ ਸਭ ਤੋਂ ਅਹਿਮ ਹੁੰਦਾ ਹੈ। ਗੁਰਬੱਤ ਦੀ ਮਾਰ ਝੱਲ ਰਹੇ ਵਰਗ ਵਾਸਤੇ ਅੱਜ ਵੀ ‘ਗੁੱਲੀ’ ਦੀ ਲੋੜ ਸੱਭ ਤੋਂ ਵੱਡੀ ਹੈ। ਮਾਪਿਆਂ ਦੇ ਕੰਮਾਂ ਵਿਚ ਰੁੱਝੇ ਹੋਏ ਹੋਣ ਕਾਰਨ ਸਕੂਲ ਵਿਚ ਭੁੱਖਣ-ਭਾਣੇ ਆਉਣ ਵਾਲੀਆਂ ਵਿਦਿਆਰਥਣਾਂ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਅਕਸਰ ਹੀ ਡਿੱਗ ਪੈਂਦੀਆਂ ਵੇਖੀਆਂ ਹੋਈਆਂ ਹਨ। ਦੁਪਹਿਰ ਦਾ ਭੋਜਨ (ਮਿੱਡ-ਡੇਅ ਮੀਲ) ਸਰਕਾਰ ਦੁਆਰਾ ਅੱਠਵੀਂ ਜਮਾਤ ਤੱਕ ਦੇਣ ਦੀ ਵਿਵਸਥਾ ਹੈ। ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਭੋਜਨ ਵਾਲੀ ਥਾਂ ਵੱਲ ਜਾਂਦਿਆਂ ਨੂੰ ਅਧਿਆਪਕਾਂ ਤੋਂ ਅਕਸਰ ਹੀ ਝਿੜਕਾਂ ਮਿਲਦੀਆਂ ਆਮ ਸੁਣੀਆਂ ਜਾ ਸਕਦੀਆਂ ਹਨ। ਇਸ ਕਰ ਕੇ ਉਪਰੋਕਤ ਵਰਣਿਤ ਮਹੀਨੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਵਾਸਤੇ ਬੜੇ ਖਾਸ ਹੁੰਦੇ ਹਨ।
ਹੁਣ ਜੇਕਰ ਇਨ੍ਹਾਂ ਮਹੀਨਿਆਂ ਵਿਚ ਵਿਦਿਆਰਥੀ ਸਕੂਲ ਵਿਚ ਕਰਵਾਈ ਜਾਣ ਵਾਲੀ ਪੜ੍ਹਾਈ ਕਰਨ ਵਾਸਤੇ ਸਕੂਲ ਵਿਚ ਹਾਜ਼ਰ ਨਹੀਂ ਹੁੰਦੇ ਹਨ ਤਾਂ ਫਿਰ ਉਹ ਮੋਬਾਈਲ ਫ਼ੋਨ ’ਤੇ ਜਾਂ ਫਿਰ ਟੈਲੀਵਿਜ਼ਨ ’ਤੇ ਕਰਵਾਈ ਜਾਣ ਵਾਲੀ ਪੜ੍ਹਾਈ ਕਿਵੇਂ ਕਰ ਲੈਣਗੇ। ਪ੍ਰਾਈਵੇਟ ਸਕੂਲਾਂ ਦੁਆਰਾ ਕਰਵਾਈ ਜਾਣ ਵਾਲੀ ਪੜ੍ਹਾਈ ਵਿਚ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕੰਮ ਵੀ ਭੇਜ ਰਹੇ ਹਨ, ਟੈਸਟ ਵੀ ਲੈ ਰਹੇ ਹਨ ਪਰ ਹਕੀਕੀ ਤੌਰ ’ਤੇ ਕੀ ਹੋ ਰਿਹਾ ਹੈ। ਬਹੁਗਿਣਤੀ ਵਿਦਿਆਰਥੀਆਂ ਦਾ ਕੰਮ ਉਨ੍ਹਾਂ ਦੀਆਂ ਮਾਵਾਂ, ਦਾਦੀਆਂ ਕਰ ਰਹੀਆਂ ਹਨ ਅਤੇ ਟੈਸਟ ਹੱਲ ਕਰਦੇ ਹੋਏ ਵਿਦਿਆਰਥੀ ਆਪਣੇ ਅੱਗੇ ਆਪਣੀਆਂ ਪੁਸਤਕਾਂ ਜਾਂ ਕਾਪੀਆਂ ਰੱਖ ਕੇ ਸ਼ੱਤ-ਪ੍ਰਤੀਸ਼ਤ ਅੰਕ ਲੈ ਕੇ ਸ਼ਾਬਾਸ਼ ਲੈ ਰਹੇ ਹਨ। ਸਰਕਾਰ ਦੁਆਰਾ ਚਲਾਈ ਗਈ ‘ਅੰਬੈਂਸਡਰ ਫਾਰ ਹੋਪ’ ਦਾ ਅਧਿਐਨ ਕੀਤਾ ਜਾ ਸਕਦਾ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਇਸ ਵਿਚ ਸ਼ਾਬਾਸ਼ ਖੱਟ ਰਹੇ ਹਨ ਕਿਉਂਕਿ ਸਰਕਾਰੀ ਸਕੂਲਾਂ ਦੇ ਉਨ੍ਹਾਂ ਅਧਿਆਪਕਾਂ ਦੇ ਵਿਦਿਆਰਥੀ ‘ਅਜਿਹਾ ਕਰ ਨਹੀਂ ਸਕਦੇ।’ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਵੱਡੀ ਔਕੜ ਇਹ ਹੈ ਕਿ ਉਨ੍ਹਾਂ ਦੀਆਂ ਮਾਵਾਂ, ਦਾਦੀਆਂ ਪੜ੍ਹੀਆਂ ਲਿਖੀਆਂ ਨਾ ਹੋਣ ਕਰ ਕੇ ਉਹ ਕੰਮ ਨਹੀਂ ਕਰਵਾ ਸਕਦੀਆਂ, ਅੰਬੈਸਡਰ ਫਾਰ ਹੋਪ ਨਹੀਂ ਬਣਾ ਸਕਦੀਆਂ। ਸਾਧਨਾਂ ਦੀ ਕਮੀ ਹੋਣ ਕਰ ਕੇ ਉਹ ਆਪਣੇ ਕੰਮ ਦਾ ‘ਡੰਗਾ ਵੀ ਨਹੀਂ ਲਾਹ ਸਕਦੇ।’ ਖੈਰ, ਕਾਗਜ਼ਾਂ ਦਾ ਢਿੱਡ ਤਾਂ ਭਰ ਹੀ ਰਿਹਾ ਹੈ।
ਨਿਰਸੰਦੇਹ ਇਸ ਮਹਾਂਮਾਰੀ ਦੇ ਦੌਰ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਕਰਨ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਵੱਲ ਵੇਖਣਾ ਤਾਂ ਇਸ ਤੋਂ ਵੀ ਕਿਤੇ ਅਹਿਮ ਹੈ। ਉਂਜ ‘ਆਪਣੀ ਬੰਸਰੀ’ ਵਜਾਉਣ ਦਾ ਹਰਜ਼ ਵੀ ਕੀ ਹੈ।
ਸੰਪਰਕ: 95010-20731