ਅੰਮ੍ਰਿਤ ਕੌਰ
‘‘ਮਿੱਠੀ ਮਿੱਠੀ ਠੰਢ ਸ਼ੁਰੂ ਹੋ ਗਈ …ਬਸ ਇਹੀ ਦਿਨ ਸੁਹਾਵਣੇ ਲੱਗਦੇ ਨੇ ਮੈਨੂੰ ਤਾਂ।’’ ਰੁੱਖ ਦੀ ਟਾਹਣੀ ’ਤੇ ਬੈਠੀ ਬੁਲਬੁਲ ਨੇ ਆਪਣੇ ਨਾਲ ਚਹਿਕਦੇ ਪੰਛੀਆਂ ਨੂੰ ਕਿਹਾ।
‘‘ਹਾਂ ਮੌਸਮ ਤਾਂ ਵਧੀਆ ਹੋ ਗਿਆ। ਸੂਰਜ ਵੀ ਦੇਖੋ ਧੋਤੇ ਮਾਂਜੇ ਭਾਂਡੇ ਵਾਂਗ ਲਿਸ਼ਕਾਂ ਮਾਰ ਰਿਹਾ ਐ।’’ ਗਟਾਰ ਨੇ ਆਪਣੀ ਗਰਦਨ ਹਿਲਾਉਂਦਿਆਂ ਕਿਹਾ।
ਅਕਤੂਬਰ ਮਹੀਨੇ ਦੇ ਸ਼ੁਰੂਆਤੀ ਦਿਨ ਅਤੇ ਅੱਸੂ ਤਕਰੀਬਨ ਅੱਧਾ ਲੰਘ ਚੁੱਕਿਆ। ਮਿੱਠੀ ਮਿੱਠੀ ਠੰਢ ਸ਼ੁਰੂ ਹੋ ਚੁੱਕੀ। ਚੜ੍ਹਦੇ ਸੂਰਜ ਦੀ ਲਾਲੀ ਨੇ ਸਾਰੇ ਪਾਸੇ ਚਾਨਣ ਦਾ ਛੱਟਾ ਮਾਰਿਆ। ਸਾਰੀ ਕੁਦਰਤੀ ਬਨਸਪਤੀ ਚਮਕ ਉੱਠੀ। ਰੁੱਖ, ਵੇਲ, ਬੂਟਿਆਂ ਨੇ ਅੰਗੜਾਈਆਂ ਭਰੀਆਂ। ਕਈ ਫੁੱਲਾਂ ਤੇ ਪੱਤਿਆਂ ਨੇ ਬੰਦ ਅੱਖਾਂ ਨਾਲ ਹੀ ਮੁਸਕਰਾਹਟ ਫੈਲਾਈ ਅਤੇ ਅੰਗੜਾਈ ਲਈ। ਫਿਰ ਅੱਖਾਂ ਖੋਲ੍ਹੀਆਂ ਆਪਣੀ ਆਪਣੀ ਜ਼ਰੂਰਤ ਮੁਤਾਬਿਕ ਸੂਰਜ ਤੋਂ ਖ਼ੁਰਾਕ ਲੈਣੀ ਸ਼ੁਰੂ ਕਰ ਦਿੱਤੀ। ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਰੋਜ਼ੀ ਦੀ ਭਾਲ ਵਿੱਚ ਛਿਪਦੇ ਪਾਸੇ ਵੱਲ ਨੂੰ ਉੱਡ ਪਈਆਂ। ਕਮਾਲ ਦਾ ਅਨੁਸ਼ਾਸਨ ਹੁੰਦਾ ਐ ਇਨ੍ਹਾਂ ਦਾ। ਪੰਛੀ ਨੇੜੇ-ਨੇੜੇ ਹੁੰਦਿਆਂ ਵੀ ਇੱਕ ਦੂਜੇ ਨਾਲ ਨਹੀਂ ਟਕਰਾਉਂਦੇ। ਤੋਤਿਆਂ ਦੀਆਂ ਡਾਰਾਂ ਵਿੱਚ ਸ਼ਰਾਰਤੀ ਜਿਹੇ ਤੋਤੇ ਜੋ ਮਸਤੀਆਂ ਕਰਦੇ ਅਤੇ ਕਲਾਬਾਜ਼ੀਆਂ ਖਾਂਦੇ ਹਨ ਉਹ ਦੇਖਦਿਆਂ ਹੀ ਬਣਦੀਆਂ ਨੇ। ਇਹ ਡਾਰ ਨਾਲੋਂ ਥੋੜ੍ਹੀ ਵਿੱਥ ਬਣਾ ਲੈਂਦੇ ਹਨ। ਸ਼ਾਇਦ ਅਨੁਸਾਸ਼ਨ ਵਿੱਚ ਰਹਿਣ ਵਾਲਿਆਂ ਦੀਆਂ ਝਿੜਕਾਂ ਤੋਂ ਡਰਦੇ ਹੋਣ ਜਾਂ ਫਿਰ ਇਨ੍ਹਾਂ ਨੂੰ ਆਖਿਆ ਜਾਂਦਾ ਹੋਵੇ ਕਿ ਜੇ ਸ਼ਰਾਰਤ ਕਰਨੀ ਐ ਤਾਂ ਖੁੱਲ੍ਹੇ ਆਸਮਾਨੀਂ ਕਰੋ, ਡਾਰ ’ਚ ਰਹਿ ਕੇ ਨਹੀਂ। ਪੰਦਰਾਂ ਵੀਹ ਤੋਤਿਆਂ ਦੀ ਡਾਰ ਬੜੀ ਤੇਜ਼ੀ ਨਾਲ ਆ ਰਹੀ ਸੀ। ਇੱਕ ਵਾਰ ਤਾਂ ਲੱਗਿਆ ਕਿ ਇਨ੍ਹਾਂ ਵਿੱਚੋਂ ਕਈ ਤੋਤੇ ਵੱਡੇ ਸਾਰੇ ਖੰਭੇ ਨਾਲ ਟਕਰਾ ਕੇ ਡਿੱਗਣਗੇ, ਪਰ ਖੰਭੇ ਦੇ ਨੇੜੇ ਆਉਂਦਿਆਂ ਹੀ ਜਲ ਧਾਰਾ ਵਾਂਗ ਅੱਧੇ ਕੁ ਖੰਭੇ ਦੇ ਸੱਜਿਓਂ ਅੱਧੇ ਕੁ ਖੱਬਿਓਂ ਲੰਘ ਗਏ।
‘‘ਮੈਨੂੰ ਤਾਂ ਲੱਗਿਆ ਸੀ ਕਿ ਇਹ ਤਾਂ ਗਏ ਹੁਣ, ਪਰ ਬੜਾ ਬਚ ਕੇ ਨਿਕਲੇ।’’ ਘੁੱਗੀ ਨੇ ਕੰਧ ’ਤੇ ਪਏ ਮਿੱਟੀ ਦੇ ਭਾਂਡੇ ਵਿੱਚੋਂ ਪਾਣੀ ਦਾ ਘੁੱਟ ਭਰਦਿਆਂ ਕਿਹਾ।
‘‘ਲੈ… ਇਹ ਤਾਂ ਇਨ੍ਹਾਂ ਦਾ ਰੋਜ਼ ਦਾ ਕੰਮ ਐ। ਤੂੰ ਤਾਂ ਊਈਂ ਡਰਾਕਲ ਐਂ। ਦੇਖ… ਕਿਵੇਂ ਪਾਣੀ ਪੀ ਕੇ ਆਪਣਾ ਸਾਹ ਠੀਕ ਕਰਨ ਲੱਗੀ ਐ।’’ ਕਾਂ ਨੇ ਕੋਇਲ ਦੇ ਬੱਚੇ ਦੇ ਮੂੰਹ ਵਿੱਚ ਚੋਗਾ ਦਿੰਦਿਆਂ ਕਿਹਾ। ਕੋਇਲ ਦੇ ਦੋ ਬੱਚੇ ਸਨ ਤੇ ਕਾਂ ਦਾ ਆਪਣਾ ਇੱਕ ਬੱਚਾ ਸੀ। ਤਿੰਨਾਂ ਨੂੰ ਕਾਂ ਵਾਰੀ ਵਾਰੀ ਨਾਲ ਚੋਗ ਦੇ ਰਿਹਾ ਸੀ। ਜਿਸ ਦੀ ਵਾਰੀ ਹੁੰਦੀ ਉਹ ਆਪਣੇ ਖੰਭ ਫੜਫੜਾਉਂਦਿਆਂ ਚੋਗ ਲੈਂਦਾ। ਪੰਛੀਆਂ ਦੇ ਬੱਚਿਆਂ ਦੀ ਇਹੀ ਪਛਾਣ ਹੁੰਦੀ ਹੈ ਇਹ ਆਪਣੇ ਖੰਭ ਫੜਫੜਾਉਂਦੇ ਐ ਸ਼ਾਇਦ ਸੰਤੁਲਨ ਬਣਾਉਣਾ ਸਿੱਖਦੇ ਹੋਣ।
‘‘ਇਨ੍ਹਾਂ ਦੀ ਮਾਂ ਕਦੋਂ ਆਊਗੀ ਇਨ੍ਹਾਂ ਨੂੰ ਲੈਣ?’’ ਗਟਾਰ ਨੇ ਕਾਂ ਨੂੰ ਪੁੱਛਿਆ।
‘‘ਕਿਹੜੀ ਮਾਂ?’’ ਕਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ।
‘‘ਚੁੱਪ ਕਰ …ਮੈਨੂੰ ਲੱਗਦਾ ਏ ਕਾਂ ਨੂੰ ਤਾਂ ਪਤਾ ਈ ਨਹੀਂ ਲੱਗਦਾ ਕਿ ਇਹ ਕੋਇਲ ਦੇ ਬੱਚਿਆਂ ਨੂੰ ਚੋਗਾ ਦੇਈ ਜਾਂਦਾ ਐ।’’ ਕਾਟੋ ਨੇ ਗਟਾਰ ਦੇ ਕੋਲ ਨੂੰ ਹੁੰਦਿਆਂ ਕਿਹਾ।
‘‘ਵਿਚਾਰਾ ਕਾਂ…ਜਦੋਂ ਇਹਨੂੰ ਭੁਲਾਉਣੀ ਦੇ ਕੇ ਤੁਰ ਗਏ ਕੋਇਲ ਦੇ ਨਾਲ… ਫਿਰ ਥੋੜ੍ਹੇ ਦਿਨ ਇਧਰ ਉਧਰ ਭਾਲ ਕੇ ਚੁੱਪ ਕਰ ਜਾਊ।’’ ਗਟਾਰ ਨੇ ਹੌਲੀ ਕੁ ਦੇਣੇ ਕਿਹਾ।
‘‘ਕੋਇਲ ਇਨ੍ਹਾਂ ਦੇ ਨੇੜੇ ਬੈਠ ਕੇ ਬੋਲਿਆ ਕਰੂ। ਹੁਣ ਜਿਹੜੇ ਦਬੀ ਜਿਹੀ ਆਵਾਜ਼ ਵਿੱਚ ਕਾਂ… ਕਾਂ… ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਇਹ ਵੀ ਕੋਇਲ ਵਾਂਗ ਬੋਲਣ ਦੀ ਕੋਸ਼ਿਸ਼ ਕਰਨਗੇ ਤੇ ਛੇਤੀ ਹੀ ਕੂ… ਕੂ ਕਰਨ ਲੱਗ ਪੈਣਗੇ ਤੇ ਚਲੇ ਜਾਣਗੇ ਆਪਣੇ ਅਸਲੀ ਮਾਪਿਆਂ ਨਾਲ।’’ ਕਾਟੋ ਨੇ ਰੋਟੀ ਦਾ ਟੁਕੜਾ ਆਪਣੇ ਅਗਲੇ ਪੈਰਾਂ ਵਿੱਚ ਫੜਦਿਆਂ ਧੀਮੀ ਆਵਾਜ਼ ਵਿੱਚ ਕਿਹਾ। ਬੁਲਬੁਲਾਂ ਤੇ ਕਾਲੇ, ਹਰੇ, ਸਲੇਟੀ ਰੰਗ ਦੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਗੁਲਮੋਹਰ ਦੀਆਂ ਟਾਹਣੀਆਂ ’ਤੇ ਅਠਖੇਲੀਆਂ ਕਰਦੀਆਂ ਟਾਹਣੀਓਂ ਟਾਹਣੀ ਛਾਲਾਂ ਮਾਰਦੀਆਂ, ਦੂਜੇ ਪੰਛੀਆਂ ਦੀਆਂ ਗੱਲਾਂ ਵੀ ਸੁਣਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਉਨ੍ਹਾਂ ਦੀਆਂ ਗੱਲਾਂ ਕਾਂ ਨੂੰ ਨਹੀਂ ਸੁਣੀਆਂ। ਉਹ ਬੇਚੈਨ ਜਿਹਾ ਹੋ ਗਿਆ। ਕਾਟੋ ਨੇ ਤਿਰਛੀ ਜਿਹੀ ਨਜ਼ਰ ਨਾਲ ਕਾਂ ਵੱਲ ਤੱਕਿਆ। ਇੰਨੇ ਨੂੰ ਇੱਕ ਦੇਸੀ ਚਿੜਾ ਅਤੇ ਇੱਕ ਚਿੜੀ ਆਏ, ਥੋੜ੍ਹੇ ਕੁ ਦਾਣੇ ਚੁਗੇ, ਪਾਣੀ ਪੀਤਾ, ਬਿਨਾਂ ਕੁਝ ਬੋਲਿਆਂ ਹੀ ਉੱਡ ਗਏ। ਘੁੱਗੀ ਤੇ ਕਬੂਤਰ ਨੇ ਉਨ੍ਹਾਂ ਨੂੰ ਕੁਝ ਆਖਣਾ ਚਾਹਿਆ ਪਰ ਉਹ ਜਾ ਚੁੱਕੇ ਸਨ।
‘‘ਇਹ ਬਹੁਤ ਘੱਟ ਬੋਲਦੇ ਨੇ। ਉਹ ਵੀ ਕਦੇ ਕਦੇ ਆਪਸ ਵਿੱਚ… ਪਰ ਇਹ ਹੈ ਕੌਣ ਨੇ?’’ ਹਰੇ ਰੰਗ ਦੀ ਚਿੜੀ ਨੇ ਪੁੱਛਿਆ।
‘‘ਮੈਂ ਇਨ੍ਹਾਂ ਨੂੰ ਜਾਣਦਾਂ ਚੰਗੀ ਤਰ੍ਹਾਂ… ਕੁਝ ਕੁ ਸਮਾਂ ਪਹਿਲਾਂ ਮਨੁੱਖ ਜਾਤੀ ਨੇ ਆਪਣੇ ਖੁੱਲ੍ਹੇ ਘਰ ਬਣਾਏ ਹੋਏ ਸਨ। ਸ਼ਤੀਰਾਂ ਬਾਲਿਆਂ ਦੀਆਂ ਛੱਤਾਂ ਵਿੱਚ ਇਹ ਆਪਣੇ ਆਲ੍ਹਣੇ ਬਣਾ ਲੈਂਦੇ ਸਨ। ਉੱਥੇ ਹੀ ਇਨ੍ਹਾਂ ਦਾ ਰੈਣ ਬਸੇਰਾ ਸੀ। ਇਹੀ ਇੱਥੋਂ ਦੇ ਅਸਲੀ ਵਸਨੀਕ ਨੇ… ਤੁਸੀਂ ਤਾਂ ਬਾਅਦ ਵਿੱਚ ਆਏ ਓ। ਮਨੁੱਖ ਅਜੇ ਵੀ ਇਨ੍ਹਾਂ ਨੂੰ ਦੇਸੀ ਚਿੜੀਆਂ ਆਖਦੇ ਹਨ।’’ ਕਬੂਤਰ ਨੇ ਕਿਹਾ।
‘‘ਗੱਪ ਜਿਹਾ ਲੱਗਦਾ ਮੈਨੂੰ ਤਾਂ…।’’ ਕਾਲੇ ਰੰਗ ਦੀ ਚਿੜੀ ਹੱਸਣ ਲੱਗੀ। ਕਬੂਤਰ ਤੋਂ ਪਹਿਲਾਂ ਕਾਂ ਬੋਲਿਆ, ‘‘ਇਹ ਗੱਪ ਨਹੀਂ ਸੱਚ ਐ… ਇਨ੍ਹਾਂ ਦੇ ਖ਼ਾਤਮੇ ਦਾ ਕਾਰਨ ਮਨੁੱਖ ਈ ਐ। ਆਹ ਜਿਹੜੇ ਵੱਡੇ ਵੱਡੇ ਮੋਬਾਈਲ ਟਾਵਰ ਲੱਗੇ ਹੋਏ ਨੇ ਕਹਿੰਦੇ ਨੇ… ਇਨ੍ਹਾਂ ਵਿੱਚੋਂ ਜਿਹੜੀਆਂ ਖ਼ਤਰਨਾਕ ਕਿਰਨਾਂ ਨਿਕਲਦੀਆਂ ਨੇ ਉਨ੍ਹਾਂ ਨੇ ਇਨ੍ਹਾਂ ਚਿੜੀਆਂ ਦੀ ਨਸਲ ਦਾ ਖ਼ਾਤਮਾ ਕਰ ਦਿੱਤਾ। ਇਹ ਤਾਂ ਦੋਵੇਂ ਕਰੋਨਾ ਦੇ ਲੌਕਡਾਊਨ ਵੇਲੇ ਪਤਾ ਨਹੀਂ ਕਿਧਰੋਂ ਆ ਗਏ। ਉਸ ਵੇਲੇ ਡਰ ਦੇ ਮਾਰੇ ਮਨੁੱਖ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਹੁੰਦੇ। ਇਸ ਲਈ ਪ੍ਰਦੂਸ਼ਣ ਦਾ ਜ਼ਹਿਰ ਘਟ ਗਿਆ ਸੀ। ਵਕਤ ਕਦੋਂ ਕੀ ਕਰ ਦੇਵੇ ਕੁਝ ਨੀ ਪਤਾ ਲੱਗਦਾ। ਮੈਂ ਇੱਕ ਦਿਨ ਇਨ੍ਹਾਂ ਨਾਲ ਥੋੜ੍ਹੀ ਜਿਹੀ ਗੱਲ ਕੀਤੀ ਸੀ। ਇਹ ਕਹਿੰਦੇ ਕਿ ਸਾਨੂੰ ਇਸ ਜਗ੍ਹਾ ਦਾ ਮੋਹ ਮਾਰਦਾ ਐ। ਇਸ ਲਈ ਅਸੀਂ ਵਾਪਸ ਆ ਗਏ। ਸਾਡੇ ਬੱਚੇ ਇੱਥੇ ਨਹੀਂ ਆਉਣਾ ਚਾਹੁੰਦੇ। ਇੱਥੇ ਸਭ ਕੁਝ ਜ਼ਹਿਰੀਲਾ ਏ। ਅਸੀਂ ਵੀ ਚਾਹੁੰਦੇ ਹਾਂ ਕਿ ਉਹ ਨਾ ਆਉਣ।’’
‘‘ਅਹੁ ਸਾਹਮਣੇ ਦੇਖੋ… ਜਿੱਥੇ ਦੋ ਬਜ਼ੁਰਗ ਬੈਠੇ ਹਨ, ਤੁਸੀਂ ਨਹੀਂ ਮੰਨਣਾ ਕਿ ਇਸ ਘਰ ਵਿੱਚ ਥੋੜ੍ਹੇ ਕੁ ਸਾਲ ਪਹਿਲਾਂ ਕਿੰਨੀਆਂ ਰੌਣਕਾਂ ਹੁੰਦੀਆਂ ਸਨ। ਸਾਡੇ ਦਾਦਾ ਜੀ ਦੱਸਦੇ ਸਨ।’’ ਸਾਰੇ ਪੰਛੀ ਕਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ।
‘‘ਫੇਰ ਹੁਣ ਕੀ ਹੋ ਗਿਆ? ਮੈਂ ਤਾਂ ਇਹ ਕਦੇ ਨੀ ਹੱਸਦੇ ਦੇਖੇ।’’ ਗਟਾਰ ਨੇ ਕਿਹਾ।
‘‘ਹੱਸਣ ਕਿਵੇਂ? ਜਿਨ੍ਹਾਂ ਕਰਕੇ ਵਿਹੜੇ ਖ਼ੁਸ਼ੀਆਂ ਆਉਂਦੀਆਂ ਨੇ ਉਹ ਤਾਂ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਤੋਰ ਦਿੱਤੇ ਜਾਂ ਮਜ਼ਬੂਰੀਵੱਸ ਤੋਰਨੇ ਪਏ।’’ ਕਾਂ ਆਪ ਵੀ ਉਦਾਸ ਹੁੰਦਾ ਜਾ ਰਿਹਾ ਸੀ। ਗਟਾਰ ਨੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾਇਆ ਅਤੇ ਬੋਲੀ, ‘‘ਜ਼ਰੂਰਤਾਂ ਲਈ ਮਨੁੱਖ ਨੂੰ ਕਿੰਨਾ ਕੁਝ ਝੱਲਣਾ ਪੈਂਦਾ ਐ। ਮੈਂ ਤਾਂ ਇਹੀ ਸਮਝਦੀ ਰਹੀ ਕਿ ਇਹ ਸਭ ਤੋਂ ਸੁਖੀ ਪ੍ਰਾਣੀ ਐ ਧਰਤੀ ਦਾ।’’ ਦੋ ਤੋਤੇ ਵੀ ਅਮਰੂਦ ਦੇ ਬੂਟੇ ’ਤੇ ਆ ਬੈਠੇ। ਅਮਰੂਦ ਕੱਚੇ ਸਨ, ਫਿਰ ਵੀ ਉਹ ਤੋੜ ਲੈਂਦੇ। ਚੁੰਝਾਂ ਦੀ ਬਣਾਵਟ ਕਾਰਨ ਦਾਣੇ ਚੁਗਣੇ ਉਨ੍ਹਾਂ ਨੂੰ ਔਖੇ ਲੱਗਦੇ ਸਨ। ਰੋਟੀ ਦੀਆਂ ਬੁਰਕੀਆਂ ਆਸਾਨੀ ਨਾਲ ਖਾ ਲੈਂਦੇ। ਉਹ ਚਿੰਤਾ ਵਿੱਚ ਸਨ।
‘‘ਕੀ ਹੋਇਆ ਤੁਹਾਨੂੰ… ਉਦਾਸ ਕਿਉਂ ਓ?’’ ਕਾਟੋ ਨੇ ਪੁੱਛਿਆ।
‘‘ਅੱਗ ਦੀ ਪਰਲੋ ਨੇੜੇ ਆ ਰਹੀ ਐ ਇਸ ਲਈ ਸੋਚ ਰਹੇ ਹਾਂ ਕਿ ਕਿਤੇ ਦੂਰ ਚਲੇ ਜਾਈਏ।’’
‘‘ਕਿਹੜੀ ਅੱਗ ਦੀ ਪਰਲੋਂ?’’ ਸਾਰੇ ਇੱਕੋ ਸਾਹੇ ਬੋਲੇ।
‘‘ਆਹ ਖੇਤਾਂ ਵਿੱਚ ਲੱਗਦੀ ਐ ਜਿਹੜੀ। ਇਸ ਨਾਲੋਂ ਤਾਂ ਚੰਗਾ ਏ ਕਿ ਅਸੀਂ ਬੱਚਿਆਂ ਨੂੰ ਕਿਧਰੇ ਭੇਜ ਦੇਈਏ। ਤੁਸੀਂ ਭੁੱਲ ਜਾਂਦੇ ਓ ਹਰ ਸਾਲ ਆਉਂਦੀ ਐ ਅੱਗ ਦੀ ਪਰਲੋ।’’
‘‘ਨਹੀਂ ਨਹੀਂ, ਮੈਂ ਨਹੀਂ ਭੁੱਲ ਸਕਦੀ।’’ ਰੁੱਖ ਹੇਠ ਵੱਟ ’ਤੇ ਬੈਠੀ ਟਟੀਹਰੀ ਬੋਲੀ, ‘‘ਪਿਛਲੇ ਸਾਲ ਮੇਰੇ ਬੱਚੇ ਮੇਰੀਆਂ ਅੱਖਾਂ ਸਾਹਮਣੇ ਅੱਗ ਵਿੱਚ ਤੜਫ ਤੜਫ ਕੇ ਮਰ ਗਏ। ਮੈਂ ਬਥੇਰਾ ਕੁਰਲਾਈ ਪਰ ਕਿਸੇ ਨੇ ਮੇਰੀ ਪੁਕਾਰ ਨਾ ਸੁਣੀ।’’ ਆਖਦਿਆਂ ਟਟੀਹਰੀ ਦੀ ਭੁੱਬ ਨਿਕਲ ਗਈ। ਸਾਰੇ ਪੰਛੀ ਆਪਣੇ ਆਪਣੇ ਦੁੱਖ ਸੁਣਾਉਣ ਲੱਗੇ। ਇਸ ਅੱਗ ਤੋਂ ਸਾਰੇ ਦੁਖੀ ਸਨ। ਸਾਰੇ ਪੰਛੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਕਰ ਲਿਆ। ਬੱਚੇ ਵੀ ਸਹਿਮੇ ਹੋਏ ਸਨ। ਤੋਤਾ ਵੀ ਆਪਣਾ ਦਰਦ ਬਿਆਨ ਕਰਨ ਲੱਗਿਆ,
‘‘ਅਸੀਂ ਚੋਗਾ ਲੈਣ ਗਏ ਹੋਏ ਸੀ। ਪਿੱਛੋਂ ਨਿਰਦਈਆਂ ਨੇ ਅੱਗ ਲਾ ਦਿੱਤੀ। ਸਾਡੇ ਬੱਚਿਆਂ ਨੂੰ ਰੁੱਖ ਦੀਆਂ ਖੁੱਡਾਂ ਵਿੱਚ ਸੇਕ ਲੱਗਣ ਲੱਗਿਆ। ਉਨ੍ਹਾਂ ਦੀ ਮਾਂ ਚੋਗਾ ਲੈ ਕੇ ਆਈ ਉਸ ਤੋਂ ਦੇਖਿਆ ਨਾ ਗਿਆ। ਆਪਣੇ ਬੱਚਿਆਂ ਨੂੰ ਬਚਾਉਣ ਲਈ ਖੁੱਡ ਦੇ ਅੱਗੇ ਜਾ ਕੇ ਬੈਠ ਗਈ। ਪਲਾਂ ਵਿੱਚ ਹੀ ਸੜ ਗਈ। ਜਦੋਂ ਮੈਂ ਵਾਪਸ ਆਇਆ ਤਾਂ ਸਭ ਕੁਝ ਖ਼ਤਮ ਹੋ ਚੁੱਕਿਆ ਸੀ। ਬੱਚਿਆਂ ਦੀ ਮਾਂ ਝੁਲਸੀ ਹੋਈ ਖੁੱਡ ਦੇ ਅੱਗੇ ਲਮਕ ਰਹੀ ਸੀ।’’ ਸਾਰੇ ਪੰਛੀਆਂ ਦੇ ਰੌਂਗਟੇ ਖੜ੍ਹੇ ਹੋ ਗਏ। ਉਨ੍ਹਾਂ ਦੇ ਨਿੱਕੇ ਨਿੱਕੇ ਮਾਸੂਮ ਦਿਲ ਠਾਹ ਠਾਹ ਧੜਕ ਰਹੇ ਸਨ।
‘‘ਊਂ ਤਾਂ ਬੰਦਾ ਆਪਣੇ ਆਪ ਨੂੰ ਐਨਾ ਸਿਆਣਾ ਸਮਝਦਾ ਐ ਦਾਨ ਪੁੰਨ ਕਰਦਾ ਐ …ਫੇਰ ਆਪਣੇ ਬੱਚੇ ਮਾਰਨ ਦਾ ਪਾਪ ਕਾਹਤੋਂ ਕਰਦਾ ਐ। ਇਹਦਾ ਕੋਈ ਹੱਲ ਵੀ ਤਾਂ ਹੋਊ।’’ ਬੁਲਬੁਲ ਨੇ ਅੱਖਾਂ ਪੂੰਝਦਿਆਂ ਆਖਿਆ।
‘‘ਹਾਂ ਹੱਲ ਹੈ… ਕਈ ਬਿਨਾਂ ਅੱਗ ਲਾਇਆਂ ਆਪਣੀ ਅਗਲੀ ਫ਼ਸਲ ਬੀਜ ਦਿੰਦੇ ਨੇ। ਕਈ ਸਰਕਾਰਾਂ ਦੇ ਮੂੰਹਾਂ ਵੱਲ ਝਾਕਦੇ ਨੇ ਕਿ ਉਨ੍ਹਾਂ ਨੂੰ ਕੋਈ ਮੱਦਦ ਮਿਲੇ। ਇਹ ਕਿਸਾਨ ਨੇ। ਇਹ ਆਖਦੇ ਨੇ ਕਿ ਅਗਲੀ ਫ਼ਸਲ ਬੀਜਣ ਲਈ ਉਨ੍ਹਾਂ ਕੋਲ ਸਮਾਂ ਘੱਟ ਹੁੰਦਾ ਐ।’’ ਘੁੱਗੀ ਨੇ ਆਖਿਆ।
‘‘ਕਾਸ਼! ਇਨ੍ਹਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ। ਕੋਈ ਦੱਸਣ ਵਾਲਾ ਹੋਵੇ ਕਿ ਜਦੋਂ ਅੰਨ ਦੇਣ ਵਾਲੀ ਮਾਂ ਦੇ ਸੀਨੇ ਭਾਂਬੜ ਬਾਲਦੇ ਨੇ ਤਾਂ ਉਹ ਕਿੰਨਾ ਤੜਫਦੀ ਐ ਉਸ ਦੀ ਉਪਜਾਊ ਸ਼ਕਤੀ ਘਟਦੀ ਐ। ਪੰਛੀ, ਜੀਵ ਜੰਤੂ ਉਸ ’ਤੇ ਕਿਵੇਂ ਫੁੜਕ ਫੁੜਕ ਡਿੱਗਦੇ ਨੇ ਜਦੋਂ ਉਨ੍ਹਾਂ ਦੇ ਖੰਭ ਜਲ਼ ਜਾਂਦੇ ਨੇ ਅਤੇ ਉਹ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੇ ਨੇ। ਇਹ ਮਾੜੀ ਜਿਹੀ ਤੀਲ੍ਹੀ ਲਾ ਕੇ ਐਨਾ ਪਾਪ ਕਮਾਉਂਦੇ ਨੇ।’’ ਗਟਾਰ ਨੇ ਦੁਖੀ ਹੁੰਦਿਆਂ ਕਿਹਾ।
‘‘ਇਨ੍ਹਾਂ ਨੂੰ ਸਮਝਾਉਣ ਵਾਲੀ ਰੱਬੀ ਜੋਤ ਤਾਂ ਇਨ੍ਹਾਂ ਦੇ ਜੰਮਣ ਤੋਂ ਪਹਿਲਾਂ ਈ ਸਭ ਕੁਝ ਸਮਝਾ ਗਈ ਅਤੇ ਇਨ੍ਹਾਂ ਨੂੰ ਮਾਣਮੱਤਾ ਵਿਰਸਾ ਸੌਂਪ ਗਈ। ਜਿਹਨੇ ਇਨ੍ਹਾਂ ਨੂੰ ਕਿਰਤ ਕਰਨ ਦਾ ਸੁਨੇਹਾ ਵੀ ਦਿੱਤਾ। ਪਰ ਇਹ ਸਮਝਦੇ ਨਹੀਂ। ਇਹ ਵਿਰਸੇ ਵਿੱਚ ਮਿਲੇ ਆਪਣੇ ਅਨਮੋਲ ਖ਼ਜ਼ਾਨੇ ਨੂੰ ਖੋਲ੍ਹ ਕੇ ਵੇਖਦੇ ਵੀ ਐ ਪੜ੍ਹਦੇ ਵੀ ਨੇ ਪਰ ਅਮਲ ਨਹੀਂ ਕਰਦੇ।’’ ਕਬੂਤਰ ਨੇ ਦੁਖੀ ਹੁੰਦਿਆਂ ਆਖਿਆ।
‘‘ਮੇਰਾ ਤਾਂ ਜੀਅ ਕਰਦਾ ਏ ਇਨ੍ਹਾਂ ਨੂੰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਆਪਣੇ ਬੱਚਿਆਂ ਨੂੰ ਲੈ ਕੇ।’’ ਗਟਾਰ ਨੇ ਵੀ ਗੰਭੀਰ ਹੁੰਦਿਆਂ ਆਖਿਆ।
‘‘ਜੀਅ ਤਾਂ ਮੇਰਾ ਵੀ ਕਰਦਾ ਐ ਪਰ ਸਾਡੇ ਦਾਦੇ ਪੜਦਾਦੇ ਆਖਦੇ ਸਨ ਕਿ ਜੇ ਸਾਰੇ ਪੰਛੀ ਇਨ੍ਹਾਂ ਨੂੰ ਛੱਡ ਕੇ ਚਲੇ ਗਏ ਤਾਂ ਇਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਇਆ ਕਰਨਗੀਆਂ। ਫਿਰ ਵੀ ਇਹ ਮਿਹਨਤੀ ਕਿਰਤੀ ਲੋਕ ਨੇ। ਬਸ ਇਹੋ ਮਹਾਂ ਪਾਪ ਕਰਦੇ ਨੇ ਇਹ ਜਿਹੜਾ ਇਨ੍ਹਾਂ ਦੇ ਕੀਤੇ ਸਾਰੇ ਪੁੰਨ ਰੋੜ੍ਹ ਕੇ ਲੈ ਜਾਂਦਾ ਹੈ ਅਤੇ ਇਹ ਸਾਰੀ ਉਮਰ ਔਖੇ ਰਹਿੰਦੇ ਨੇ।’’ ਕਾਟੋ ਨੇ ਆਪਣੀ ਗੱਲ ਆਖੀ।
‘‘ਕਈ ਵਾਰ ਮੇਰਾ ਜੀਅ ਕਰਦਾ ਇਨ੍ਹਾਂ ਨੂੰ ਬਦਦੁਆਵਾਂ ਦੇਵਾਂ, ਪਰ ਫੇਰ ਤਰਸ ਆ ਜਾਂਦਾ ਏ। ਇਹ ਆਪ ਕਿਹੜਾ ਸੌਖੇ ਨੇ। ਕਈਆਂ ਦੇ ਬੱਚੇ ਨਸ਼ਿਆਂ ਨੇ ਖਾ ਲਏ, ਕਈ ਕਰਜ਼ਿਆਂ ਨੇ ਖਾ ਲਏ। ਕੁਝ ਪਰਦੇਸੀ ਹੋ ਗਏ।’’ ਟਟੀਹਰੀ ਨੇ ਵੱਡਾ ਸਾਰਾ ਹਉਕਾ ਲੈਂਦਿਆਂ ਕਿਹਾ।
‘‘ਜਿਹੜਾ ਇਹ ਪ੍ਰਦੂਸ਼ਣ ਫਲਾਉਂਦੇ ਨੇ ਇਨ੍ਹਾਂ ਦੇ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਵੀ ਤਾਂ ਬਿਮਾਰੀਆਂ ਲੱਗਦੀਆਂ ਨੇ। ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰੀ ਜਾਂਦੇ ਨੇ।’’ ਗਟਾਰ ਬੋਲੀ।
‘‘ਪ੍ਰਦੂਸ਼ਣ ਇਹ ’ਕੱਲੇ ਨਹੀਂ ਫੈਲਾਉਂਦੇ। ਫੈਕਟਰੀਆਂ ਦਾ ਧੂੰਆਂ ਅਤੇ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ, ਦੁਸਹਿਰੇ ਤੇ ਦੀਵਾਲੀ ’ਤੇ ਚੱਲਣ ਵਾਲੇ ਪਟਾਖੇ, ਸੜਕਾਂ ’ਤੇ ਦੌੜਦੀਆਂ ਗੱਡੀਆਂ ਇਨ੍ਹਾਂ ਤੋਂ ਵੱਧ ਪ੍ਰਦੂਸ਼ਣ ਕਰਦੇ ਐ। ਬਸ ਚਰਚਾ ਇਨ੍ਹਾਂ ਦੇ ਖੇਤਾਂ ਦੇ ਧੂੰਏਂ ਦੀ ਵੱਧ ਹੋਣ ਲੱਗ ਪੈਂਦੀ ਐ ਜਦੋਂਕਿ ਪਟਾਖਿਆਂ ਵਾਲਾ ਧੂੰਆਂ ਵੱਧ ਜ਼ਹਿਰੀਲਾ ਹੁੰਦਾ ਐ। ਫਿਰ ਵੀ ਮੈਂ ਆਖਦੀ ਆਂ ਕਿ ਇਨ੍ਹਾਂ ਦੀ ਅੱਗ ਜੀਵ ਜੰਤੂਆਂ ਤੇ ਰੁੱਖ ਬੂਟਿਆਂ ਦਾ ਨੁਕਸਾਨ ਬਹੁਤ ਕਰਦੀ ਐ।’’ ਘੁੱਗੀ ਨੇ ਆਖਿਆ।
‘‘ਹਾਂ ਗੱਲ ਤਾਂ ਤੇਰੀ ਵੀ ਠੀਕ ਐ। ਇੱਕ ਗੱਲ ਹੋਰ… ਤੁਹਾਨੂੰ ਪਤੈ… ਹੁਣ ਕਈ ਪਿੰਡਾਂ ਦੇ ਸਿਆਣੇ ਲੋਕਾਂ ਨੇ ਆਪਣੇ ਆਪਣੇ ਪਿੰਡ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਦਾ ਫ਼ੈਸਲਾ ਕੀਤਾ ਐ। ਇਹੋ ਜਿਹੇ ਲੋਕਾਂ ’ਤੇ ਰੱਬ ਵੀ ਖ਼ੁਸ਼ ਹੋ ਕੇ ਰਹਿਮਤ ਕਰਦਾ ਐ।’’ ਕਾਲੀ ਚਿੜੀ ਨੇ ਥੋੜ੍ਹੀ ਖ਼ੁਸ਼ੀ ਦੇਣ ਵਾਲੀ ਖ਼ਬਰ ਸੁਣਾਈ।
‘‘ਮੇਰੀ ਤਾਂ ਸਾਰੀ ਉਮੀਦ ਟੁੱਟ ਚੁੱਕੀ ਐ। ਪਹਿਲਾਂ ਤਾਂ ਸਾਰੇ ਇਹੀ ਆਖਦੇ ਹੁੰਦੇ ਨੇ ਕਿ ਐਤਕੀਂ ਅੱਗ ਨਹੀਂ ਲਾਈ ਜਾਵੇਗੀ ਪਰ ਉਦੋਂ ਈ ਪਤਾ ਲੱਗਦਾ ਐ ਜਦੋਂ ਪਿੰਡਾਂ ਦੇ ਪਿੰਡ ਇਕਦਮ ਅੱਗ ਲਾ ਕੇ ਸਾਰੇ ਪਾਸੇ ਧੂੰਆਂ ਈ ਧੂੰਆਂ ਕਰ ਦਿੰਦੇ ਨੇ। ਇਨ੍ਹਾਂ ਦੇ ਆਪਣੇ ਵੀ ਤਾਂ ਦੁਰਘਟਨਾਵਾਂ ਨਾਲ ਖ਼ਤਮ ਹੋ ਜਾਂਦੇ ਨੇ। ਬੱਚੇ ਬਜ਼ੁਰਗ ਖੰਘ ਜ਼ੁਕਾਮ ਨਾਲ ਔਖੇ ਹੋ ਜਾਂਦੇ ਨੇ ਪਰ ਫਿਰ ਵੀ ਇਹ ਅੱਗ ਲਾਉਣੋਂ ਨੀ ਹਟਦੇ।’’
‘‘ਮੇਰੀ ਉਮੀਦ ਤਾਂ ਮੁੱਕ ਚੁੱਕੀ ਐ। ਮੇਰਾ ਤਾਂ ਜੀਅ ਕਰਦਾ ਐ ਕਿਧਰੇ ਦੂਰ ਚਲੇ ਜਾਈਏ। ਜਿੱਥੇ ਇਹ ਜ਼ਾਲਮ ਮਨੁੱਖ ਨਾ ਹੋਵੇ।’’ ਕਾਲ ਕੜਛੀ ਨੇ ਹਵਾ ਵਿੱਚ ਉਡਦੇ ਪਤੰਗੇ ’ਤੇ ਝਪਟਦਿਆਂ ਆਖਿਆ।
‘‘ਨਹੀਂ ਨਹੀਂ ਅਸੀਂ ਇਨ੍ਹਾਂ ਨੂੰ ਛੱਡ ਕੇ ਕਿੱਥੇ ਜਾਵਾਂਗੇ। ਬਹੁਤ ਪੁਰਾਣੀਆਂ ਸਾਂਝਾਂ ਨੇ ਇਨ੍ਹਾਂ ਨਾਲ।’’ ਕਾਂ ਨੇ ਕਿਹਾ।
‘‘ਅਸੀਂ ਆਪਣੇ ਬੱਚੇ ਨਹੀਂ ਮਰਵਾ ਸਕਦੇ।’’ ਗਟਾਰ ਬੋਲੀ। ‘‘ਜਾਓ ਚਲੇ ਜਾਓ ਜੀਹਨੇ ਜਾਣਾ। ਮੈਂ ਤਾਂ ਕਿਤੇ ਨੀ ਜਾ ਸਕਦਾ। ਹਰ ਸਾਲ ਅੱਗ ਨਾਲ ਸਾਡੇ ਬੱਚੇ… ਨਿੱਕੇ ਰੁੱਖ… ਵੀ ਸੜ ਜਾਂਦੇ ਨੇ ਅਤੇ ਅਸੀਂ ਵੀ ਝੁਲਸੇ ਜਾਂਦੇ ਆਂ। ਪਰ ਅਸੀਂ ਉੱਡ ਨਹੀਂ ਸਕਦੇ ਤੇ ਤੁਰ ਨਹੀਂ ਸਕਦੇ। ਤੁਸੀਂ ਉੱਡਣਾ ਜਾਣਦੇ ਹੋ… ਚਲੇ ਜਾਓ। ਪਰ ਅਸੀਂ ਤੁਹਾਡਾ ਸੰਗੀਤ ਤੇ ਚਹਿਕਣਾ ਮਹਿਕਣਾ ਸੁਣ ਕੇ ਹੀ ਪੁੰਗਰਦੇ ਹਾਂ, ਖਿੜਦੇ ਹਾਂ ਤੇ ਫਲਦੇ ਫੁੱਲਦੇ ਹਾਂ। ਤੁਹਾਡੇ ਜਾਣ ਤੋਂ ਬਾਅਦ ਅਸੀਂ ਵੀ ਮੁਰਝਾ ਜਾਵਾਂਗੇ, ਸੁੱਕ ਜਾਵਾਂਗੇ ਤੇ ਸਾਡੇ ਨਾਲ ਈ ਇਹ ਮਨੁੱਖ ਵੀ ਖ਼ਤਮ ਹੋ ਜਾਵੇਗਾ।’’ ਰੁੱਖ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਕਿਹਾ।
‘‘ਨਾ ਬਈ ਏਦਾਂ ਨਾ ਕਰੋ। ਆਪਾਂ ਸਾਰੇ ਰਲ ਕੇ ਕੋਈ ਹੱਲ ਕੱਢਦੇ ਆਂਂ। ਅਜੇ ਆਪਣੇ ਕੋਲ ਕਈ ਦਿਨ ਹੈਗੇ ਐ।’’ ਕਾਂ ਦੀ ਇਸ ਗੱਲ ਨਾਲ ਸਾਰਿਆਂ ਨੇ ਸਹਿਮਤੀ ਜਤਾਈ। ਕਾਂ ਉਡਾਰੀ ਮਾਰ ਗਿਆ ਅਤੇ ਮਗਰ ਹੀ ਉਸ ਦੇ ਬੱਚੇ ਉੱਡ ਗਏ। ਬਾਕੀ ਪੰਛੀ ਵੀ ਆਪਣਾ ਦਾਣਾ ਪਾਣੀ ਲੱਭਣ ਵਿੱਚ ਰੁੱਝ ਗਏ। ਪੰਛੀ ਰੋਜ਼ ’ਕੱਠੇ ਹੁੰਦੇ ਸਕੀਮਾਂ ਲਾਉਂਦੇ ਪਰ ਉਹ ਰੁੱਖਾਂ ਨੂੰ ਛੱਡ ਵੀ ਨਹੀਂ ਸਕਦੇ ਸਨ। ਇੱਕ ਦਿਨ ਪੰਛੀ ਸਲਾਹਾਂ ਬਣਾ ਰਹੇ ਸਨ। ਇੱਕ ਦਿਉਕੱਦ ਮਸ਼ੀਨ ਆਈ, ਸਾਰੇ ਸਹਿਮ ਗਏ। ਗਟਾਰ ਦੇ ਬੱਚੇ ਨੇ ਮਾਂ ਦੇ ਕੋਲ਼ ਨੂੰ ਹੁੰਦਿਆਂ ਪੁੱਛਿਆ, ‘‘ਮਾਂ ਇਹ ਕੀ ਐ? ਮੈਨੂੰ ਡਰ ਲੱਗਦਾ ਇਹਤੋਂ।’’
‘‘ਇਹਨੂੰ ਕੰਬਾਈਨ ਆਖਦੇ ਨੇ ਮਨੁੱਖ… ਇਹ ਫ਼ਸਲ ਕੱਟਦੀ ਐ ਅਤੇ ਦਾਣੇ ਅਤੇ ਪਰਾਲੀ ਅੱਡ ਅੱਡ ਕਰ ਦਿੰਦੀ ਹੈ। ਹੁਣ ਫ਼ਸਲ ਕੱਟੀ ਜਾਊ ਤੇ ਫਿਰ…।’’ ਇਸ ਤੋਂ ਅੱਗੇ ਉਹ ਚੁੱਪ ਕਰ ਗਈ।
‘‘ਫਿਰ ਮਾਂ? …ਅੱਗੇ ਵੀ ਦੱਸ।’’ ਬੱਚੇ ਨੇ ਗਟਾਰ ਦੇ ਮੂੰਹ ਵੱਲ ਦੇਖਦਿਆਂ ਕਿਹਾ ਪਰ ਗਟਾਰ ਨੇ ਅੱਗੇ ਕੁਝ ਵੀ ਨਾ ਆਖਿਆ। ਬੱਚਿਆਂ ਤੋਂ ਬਿਨਾਂ ਸਾਰੇ ਪੰਛੀ ਸਮਝ ਗਏ ਕਿ ਅੱਗੇ ਗਟਾਰ ਨੇ ਕੀ ਆਖਣਾ ਸੀ।
ਕੁਝ ਸਮੇਂ ਵਿੱਚ ਹੀ ਸਾਰਾ ਖੇਤ ਕੱਟਿਆ ਗਿਆ ਅਤੇ ਫ਼ਸਲ ਟਰਾਲੀਆਂ ਵਿੱਚ ਪਾ ਕੇ ਮੰਡੀ ਲਿਜਾਈ ਗਈ। ਪੰਛੀ ਵੀ ਇਹ ਸਭ ਕੁਝ ਦੇਖ ਰਹੇ ਸਨ। ਪੰਛੀਆਂ ਦੇ ਬੱਚੇ ਇਨ੍ਹਾਂ ਖੇਤਾਂ ਦੇ ਬਦਲੇ ਰੂਪ ਨੂੰ ਦੇਖ ਕੇ ਮਸਤੀਆਂ ਕਰ ਰਹੇ ਸਨ। ਇਨ੍ਹਾਂ ਦੇ ਮਾਪੇ ਗੰਭੀਰ ਸਨ।
‘‘ਮੈਨੂੰ ਲੱਗਦਾ ਏ ਹਰ ਸਾਲ ਦੀ ਤਰ੍ਹਾਂ ਆਪਾਂ ਸਲਾਹਾਂ ਕਰਦੇ ਰਹਿ ਜਾਵਾਂਗੇ… ਆਪਣੇ ਬੱਚੇ ਫਿਰ ਆਪਣੀਆਂ ਅੱਖਾਂ ਸਾਹਮਣੇ…।’’ ਘੁੱਗੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਰੁੱਖ ਬੋਲ ਪਿਆ, ‘‘ਨਹੀਂ… ਨਹੀਂ… ਮੈਂ ਇਨ੍ਹਾਂ ਨੂੰ ਆਪਣੀਆਂ ਟਾਹਣੀਆਂ ਵਿੱਚ ਲੁਕੋ ਲਵਾਂਗਾ।’’
‘‘ਤੇਰੀਆਂ ਟਾਹਣੀਆਂ ਵੀ ਤਾਂ ਝੁਲਸੀਆਂ ਜਾਂਦੀਆਂ ਨੇ, ਤੂੰ ਨਹੀਂ ਬਚਾ ਸਕੇਂਗਾ। ਹੁਣ ਤਾਂ ਰੱਬ ਬੰਦੇ ਦੇ ਮਨ ਹੀ ਮਿਹਰ ਪਾਵੇ।’’ ਘੁੱਗੀ ਨੇ ਉਦਾਸ ਹੁੰਦਿਆਂ ਕਿਹਾ। ਇਸੇ ਤਰ੍ਹਾਂ ਚਿੰਤਾ ਦਾ ਹੱਲ ਲੱਭਦਿਆਂ ਦੋ ਦਿਨ ਹੋਰ ਲੰਘ ਗਏ। ਦੋ ਦਿਨਾਂ ਦੀ ਧੁੱਪ ਨੇ ਪਰਾਲੀ ਸੁਕਾ ਦਿੱਤੀ ਸੀ ਤੇ ਹੁਣ ਤਾਂ ਬਸ ਤੀਲ੍ਹੀ ਲਾਉਣ ਦੀ ਦੇਰ ਸੀ। ਸਾਰੇ ਪੰਛੀ ਪਲਾਇਨ ਕਰਨ ਲਈ ਤਿਆਰ ਹੋ ਗਏ। ਰੁੱਖ ਉਦਾਸ ਹੋ ਗਿਆ। ਪੰਛੀਆਂ ਨੇ ਧਰਵਾਸ ਦਿੱਤਾ, ‘‘ਆਹ ਔਖੇ ਦਿਨ ਲੰਘਾ ਕੇ ਫਿਰ ਪਰਤ ਆਵਾਂਗੇ।’’
‘‘ਫਿਰ ਕੋਈ ਨੀ ਪਰਤ ਕੇ ਆਉਂਦਾ ਹੁੰਦਾ… ਜਿਵੇਂ ਉਹ ਬਜ਼ੁਰਗ ਬੇਬੇ ਬਾਪੂ ਦੇ ਨਿਆਣੇ ਵੀ ਇਹੀ ਆਖ ਕੇ ਗਏ ਸੀ ਕਿ ਕਮਾਈ ਕਰ ਕੇ ਪਰਤ ਆਉਣਗੇ। ਕਰਜ਼ੇ ਲਾਹ ਕੇ ਫਿਰ ਸੁਰਖ਼ਰੂ ਹੋ ਕੇ ਇੱਥੇ ਹੀ ਕੋਈ ਕੰਮ ਕਾਰ ਕਰ ਲੈਣਗੇ। ਕਰਜ਼ੇ ਤਾਂ ਉਤਾਰ ਦਿੱਤੇ, ਘਰ ਵੀ ਨਵੇਂ ਬਣਾ ਲਏ… ਦਸ ਸਾਲ ਹੋ ਗਏ… ਨਹੀਂ ਪਰਤੇ।’’ ਰੁੱਖ ਡੂੰਘੀ ਉਦਾਸੀ ਵਿੱਚੋਂ ਬੋਲਿਆ।
‘‘ਮੈਨੂੰ ਲੱਗਦਾ ਐ …ਐਤਕੀਂ ਇਹ ਅੱਗ ਨਹੀਂ ਲਾਉਣਗੇ!’’ ਕਬੂਤਰ ਨੇ ਕਿਹਾ।
‘‘ਤੈਨੂੰ ਕਿਵੇਂ ਪਤਾ ਲੱਗਿਆ?’’ ਸਾਰਿਆਂ ਨੂੰ ਆਸ ਜਾਗੀ। ਗੱਲਾਂ ਤਾਂ ਮਨੁੱਖ ਦੀਆਂ ਸਾਰੇ ਪੰਛੀਆਂ ਨੇ ਸੁਣੀਆਂ ਹੋਈਆਂ ਸਨ ਕਿ ਉਹ ਅੱਗ ਲਾਉਣਾ ਨਹੀਂ ਚਾਹੁੰਦੇ… ਮਜਬੂਰੀਵੱਸ ਲਾਉਂਦੇ ਨੇ।
‘‘ਮੈਨੂੰ ਮਹਿਸੂਸ ਹੋਇਆ ਅੱਜ ਸਵੇਰੇ ਖੇਤ ਦਾ ਮਾਲਕ …ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ… ਸ਼ਾਇਦ ਏਦਾਂ ਈ ਕੁਝ ਆਖ ਰਿਹਾ ਸੀ। ਫੇਰ ਉਹ ਆਪਣੇ ਗੁਰੂ ਨੂੰ, ਪਿਉ ਤੇ ਮਾਂ ਨੂੰ ਦੁਖੀ ਕਿਉਂ ਕਰੂ।’’ ਕਬੂਤਰ ਨੇ ਦੱਸਿਆ।
‘‘ਇਹ ਤਾਂ ਇਹ ਰੋਜ਼ ਕਹਿੰਦੇ ਨੇ… ਸਿਰਫ਼ ਜ਼ੁਬਾਨ ਤੋਂ… ਕਦੇ ਦਿਲ ਦਿਮਾਗ਼ ਤੱਕ ਨਹੀਂ ਲੈ ਕੇ ਗਏ। ਅਮਲਾਂ ਤੋਂ ਬਿਨਾਂ ਦੁਖੀ ਹੁੰਦੇ ਨੇ ਤੇ ਸਾਨੂੰ ਸਾਰਿਆਂ ਨੂੰ ਵੀ ਕਰਦੇ ਨੇ।’’ ਤੋਤਾ ਬੋਲਿਆ।
‘‘ਨਹੀਂ… ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕਈ ਸਚਾਈ ’ਤੇ ਚੱਲਣ ਵਾਲੇ ਅਮਲ ਵੀ ਕਰਦੇ ਨੇ।’’ ਕਬੂਤਰ ਬੋਲਿਆ।
‘‘ਪਰ ਇਸ ਸਮੱਸਿਆ ਦਾ ਹੱਲ ਤਾਂ ਕੋਈ ਹੋਊ। ਜੇ ਸਾਰੇ ਬੈਠ ਕੇ ਸੋਚਣ ਤਾਂ ਕੋਈ ਨਾ ਕੋਈ ਤਾਂ ਹੱਲ ਨਿਕਲ ਹੀ ਸਕਦਾ ਹੈ। ਕਈ ਕਹਿੰਦੇ ਐ ਖੇਤ ਵਿੱਚ ਇੱਕ ਥਾਂ ’ਤੇ ਪਰਾਲੀ ’ਕੱਠੀ ਕਰ ਕੇ ਰੱਖੀ ਜਾ ਸਕਦੀ ਹੈ। ਕਈ ਕਹਿੰਦੇ ਨੇ ਕਿ ਪਰਾਲੀ ਖੇਤ ਵਿੱਚ ਵਾਹੀ ਜਾ ਸਕਦੀ ਐ ਪਰ ਇਸ ’ਤੇ ਖਰਚ ਵੱਧ ਆਉਂਦਾ ਐ… ਮੁੱਕਦੀ ਗੱਲ ਇਹ ਹੈ ਕਿ ਇਨ੍ਹਾਂ ਕੋਲ਼ ਤਾਂ ਇਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਜੋਗਾ ਪੈਸਾ ਮਸਾਂ ਆਉਂਦਾ ਐ।’’
‘‘ਮੈਂ ਤਾਂ ਇਹ ਵੀ ਸੁਣਿਆ ਐ ਕਿ ਸਰਕਾਰਾਂ ਇਨ੍ਹਾਂ ਦਾ ਖਿਆਲ ਨਹੀਂ ਰੱਖਦੀਆਂ। ਪਿੱਛੇ ਜਿਹੇ ਕਿੰਨੇ ਕਿਰਤੀ ਧਰਨੇ ਦੀ ਭੇਟ ਚੜ੍ਹ ਗਏ। ਸਰਦੀਆਂ ਗਰਮੀਆਂ ਸੜਕਾਂ ’ਤੇ ਰੁਲੇ। ਸਰਕਾਰਾਂ ਫਿਰ ਵੀ ਇਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਨਹੀਂ ਪਾਉਂਦੀਆਂ।’’ ਤੋਤੇ ਨੇ ਪਿੱਪਲ ਹੇਠ ਬੈਠੇ ਬਜ਼ੁਰਗਾਂ ਦੀਆਂ ਸੁਣੀਆਂ ਗੱਲਾਂ ਦੇ ਆਧਾਰ ’ਤੇ ਕਿਹਾ।
‘‘ਹਾਂ ਹੋਣਗੇ ਤਾਂ ਇਹ ਵੀ ਮਜਬੂਰ ਹੀ।’’ ਗਟਾਰ ਨੇ ਡੂੰਘਾ ਸਾਹ ਭਰਦਿਆਂ ਆਖਿਆ।
‘‘ਮੈਨੂੰ ਤਾਂ ਐਨਾ ਪਤਾ ਐ ਕਿ ਇਨ੍ਹਾਂ ਅੰਦਰ ਦਇਆ ਨਹੀਂ …ਜੇ ਹੋਵੇ ਫਿਰ ਅੱਗ ਨਾ ਲਾਉਣ।’’ ਪਿੱਦੀ ਚਿੜੀ ਨੇ ਮੂੰਹ ਮਰੋੜਦਿਆਂ ਕਿਹਾ।
‘‘ਤੂੰ ਕਿਵੇਂ ਕਹਿ ਦਿੱਤਾ ਕਿ ਇਨ੍ਹਾਂ ਅੰਦਰ ਦਇਆ ਨਹੀਂ। ਆਪਾਂ ਇਨ੍ਹਾਂ ਦੇ ਬਨੇਰਿਆਂ ’ਤੇ ਦੋ ਕੁ ਵਾਰ ਆਵਾਜ਼ਾਂ ਮਾਰੀਏ ਤਾਂ ਇਹ ਦਾਣਿਆਂ ਦੀ ਮੁੱਠੀ ਛੱਤ ’ਤੇ ਪਾ ਜਾਂਦੇ ਐ ਕਿ ਪੰਛੀ ਖਾ ਲੈਣਗੇ। ਪਿਛਲੇ ਸਾਲ ਇਨ੍ਹਾਂ ਨੇ ਹੀ ਮੇਰੇ ਬੱਚਿਆਂ ਨੂੰ ਅੱਗ ਵਿੱਚ ਫਸਿਆਂ ਨੂੰ ਬਚਾਇਆ ਸੀ। ਇਨ੍ਹਾਂ ਦੀ ਚੰਗਿਆਈ ਦੀਆਂ ਹੋਰ ਬਥੇਰੀਆਂ ਗੱਲਾਂ ਸੁਣਾ ਸਕਦੀ ਆਂ…।’’ ਘੁੱਗੀ ਦੀਆਂ ਹੋਰ ਗੱਲਾਂ ਸੁਣਨ ਤੋਂ ਪਹਿਲਾਂ ਹੀ ਬੁਲਬੁਲ ਬੋਲੀ, ‘‘ਚੰਗੇ ਤਾਂ ਇਹ ਹੈਗੇ ਐ, ਪਰ ਆਪਣਾ ਜਿਹੜਾ ਨੁਕਸਾਨ ਹਰ ਛੇ ਮਹੀਨੇ ਬਾਅਦ ਇਨ੍ਹਾਂ ਹੱਥੋਂ ਹੁੰਦਾ ਐ ਉਹ ਵੀ ਸੱਚ ਐ।’’ ਬੁਲਬੁਲ ਦੀ ਗੱਲ ਨਾਲ ਸਾਰੇ ਸਹਿਮਤ ਸਨ।
‘‘ਚਲੋ ਫਿਰ ਮਾਰੀਏ ਉਡਾਰੀ… ਦੇਖਦੇ ਆਂ ਕਿੱਥੇ ਲਿਖੇ ਐ ਰੱਬ ਨੇ ਦਾਣੇ ਹੁਣ।’’ ਗਟਾਰ ਨੇ ਖੰਭ ਝਟਕਦਿਆਂ ਆਖਿਆ।
‘‘ਰੁਕੋ… ਉਹੀ ਬੰਦਾ ਆ ਰਿਹਾ ਜਿਹੜਾ ਸਵੇਰੇ ਆਇਆ ਸੀ ਧਰਤੀ ਨੂੰ ਮਾਂ ਮੰਨਣ ਵਾਲਾ।’’ ਕਬੂਤਰ ਨੇ ਸਾਰਿਆਂ ਦਾ ਧਿਆਨ ਖਿੱਚਦਿਆਂ ਆਖਿਆ।
‘‘ਇਹਨੇ ਤਾਂ ਜੇਬ ਵਿੱਚੋਂ ਤੀਲ੍ਹਾਂ ਦੀ ਡੱਬੀ ਕੱਢ ਲਈ, ਤਿੰਨ ਜਣੇ ਹੋਰ ਆ ਗਏ ਇਹਦੇ ਨਾਲ।’’ ਸਾਰੇ ਪੰਛੀ ਸਹਿਮੇ ਬੈਠੇ ਸਨ। ਬੱਚਿਆਂ ਨੂੰ ਖੰਭਾਂ ਹੇਠ ਲੁਕੋਣ ਦੀ ਕੋਸ਼ਿਸ਼ ਕਰ ਰਹੇ ਸਨ।
‘‘ਆਪਾਂ ਤਾਂ ਫਸ ਗਏ। ਹੁਣ ਤਾਂ ਇਹ ਖੇਤ ਦੇ ਚਾਰੇ ਕੋਨਿਆਂ ਤੋਂ ਅੱਗ ਲਾਉਣਗੇ।’’ ਘੁੱਗੀ ਨੇ ਸਹਿਮੀ ਆਵਾਜ਼ ਵਿੱਚ ਕਿਹਾ।
‘‘ਅਹੁ… ਤਿੰਨ ਚਾਰ ਬੱਚੇ ਭੱਜੇ ਆ ਰਹੇ ਨੇ। ਕੱਲ੍ਹ ਮੈਂ ਇਨ੍ਹਾਂ ਨੂੰ ਸਕੂਲ ਵਿੱਚ ਦੇਖਿਆ ਸੀ।’’ ਤੋਤਾ ਬੋਲਿਆ।
‘‘ਚੁੱਪ ਕਰੋ… ਸੁਣੋ… ਉਹ ਕੁਝ ਆਖ ਰਹੇ ਨੇ।’’ ਬੁਲਬੁਲ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ।
ਬਜ਼ੁਰਗ ਨੇ ਡੱਬੀ ਕੱਢ ਕੇ ਤੀਲ੍ਹੀ ਘਸਾਈ। ਬੱਚੇ ਬਜ਼ੁਰਗ ਨੂੰ ਰੋਕ ਰਹੇ ਸਨ। ਉਹ ਤੀਲ੍ਹੀ ਬਾਲਦਾ, ਬੱਚੇ ਬੁਝਾ ਦਿੰਦੇ। ਬੱਚਿਆਂ ਦੀ ਇਸ ਗੱਲ ’ਤੇ ਬਜ਼ੁਰਗ ਨੂੰ ਗੁੱਸਾ ਆਇਆ। ਉਸ ਨੇ ਕਾੜ ਕਰਦੀ ਚਪੇੜ ਇੱਕ ਬੱਚੇ ਦੀ ਗੱਲ੍ਹ ’ਤੇ ਮਾਰੀ। ਬੱਚਾ ਕੁਰਲਾ ਉੱਠਿਆ। ਰੋਂਦਾ ਹੋਇਆ ਬਜ਼ੁਰਗ ਦੇ ਅੱਗੇ ਖਲੋ ਗਿਆ। ਚੀਕ ਕੇ ਬੋਲਿਆ, ‘‘ਪਹਿਲਾਂ ਸਾਨੂੰ ਅੱਗ ਲਾ ਦਿਓ… ਫਿਰ ਧਰਤੀ, ਰੁੱਖਾਂ ਤੇ ਪੰਛੀਆਂ ਨੂੰ ਸਾੜ ਦੇਣਾ। ਪੰਛੀਆਂ ਜਾਨਵਰਾਂ ਨੂੰ ਵੀ ਆਪਣੇ ਬੱਚੇ ਓਨੇ ਹੀ ਪਿਆਰੇ ਹੁੰਦੇ ਨੇ ਜਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਓ।’’ ਬਜ਼ੁਰਗ ਬੱਚੇ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਕੁਝ ਦੇਰ ਕੁਰਲਾਉਂਦੇ ਬੱਚਿਆਂ ਵੱਲ ਦੇਖਦਾ ਰਿਹਾ। ਉਸ ਦੇ ਹੱਥੋਂ ਡੱਬੀ ਛੁੱਟ ਗਈ। ਉਸ ਦੀਆਂ ਆਂਦਰਾਂ ਨਪੀੜੀਆਂ ਗਈਆਂ, ਅੱਖਾਂ ਭਰ ਆਈਆਂ। ਉਸ ਨੇ ਘੁੱਟ ਕੇ ਸਾਰੇ ਬੱਚਿਆਂ ਨੂੰ ਗਲ ਲਾਇਆ।
‘‘ਮਾਂ! ਮੈਨੂੰ ਲੱਗਦੈ ਮਨੁੱਖ ਦੇ ਬੱਚਿਆਂ ਨੇ ਸਾਡੀਆਂ ਗੱਲਾਂ ਸੁਣ ਲਈਆਂ।’’ ਗਟਾਰ ਦੇ ਬੱਚੇ ਨੇ ਮਾਂ ਦੇ ਖੰਭਾਂ ਹੇਠੋਂ ਸਿਰ ਬਾਹਰ ਕੱਢਦਿਆਂ ਕਿਹਾ।
‘‘ਇਨ੍ਹਾਂ ਅੰਦਰ ਦਇਆ ਹੈ।’’ ਕਾਂ ਦੇ ਮੂੰਹੋਂ ਨਿਕਲਿਆ।
ਬਜ਼ੁਰਗ ਨੇ ਆਪਣੇ ਸਾਥੀਆਂ ਨੂੰ ਆਖਿਆ, ‘‘ਆ ਜੋ ਚੱਲੀਏ… ਕੋਈ ਨਾ ਘਾਟੇ ਵਾਧੇ ਝੱਲ ਲਵਾਂਗੇ ਪਰ ਮਾਂ ਦੀ ਹਿੱਕ ’ਤੇ ਭਾਂਬੜ ਨਹੀਂ ਬਾਲਾਂਗੇ।’’ ਸਹਿਮੇ ਪੰਛੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਉਹ ਕਿਸਾਨ ਲਈ ਲੱਖ ਲੱਖ ਦੁਆਵਾਂ ਕਰ ਰਹੇ ਸਨ। ਬਜ਼ੁਰਗ ਨਾਲ ਤੁਰਦੇ ਬੱਚਿਆਂ ਦੀਆਂ ਪੈੜਾਂ ਵਿੱਚੋਂ ਰੌਸ਼ਨ ਉਮੀਦਾਂ ਦੀ ਭਾਹ ਮਾਰ ਰਹੀ ਸੀ।
ਸੰਪਰਕ: 98767-14004